Mohali News : SFJ ਦੇ ਕਾਰਕੁਨ ਰੇਸ਼ਮ ਸਿੰਘ ਨੂੰ ਅਦਾਲਤ ਨੇ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ,ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਕਰਨ ਦਾ ਆਰੋਪ
Mohali News : ਸਿੱਖਸ ਫਾਰ ਜਸਟਿਸ (SFJ) ਦੇ ਮੁੱਖ ਸੰਚਾਲਕ ਅਤੇ ਅਮਰੀਕਾ ਆਧਾਰਤ ਐੱਸਐੱਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਰੀਬੀ ਸਾਥੀ ਰੇਸ਼ਮ ਸਿੰਘ ਵਾਸੀ ਪਿੰਡ ਹਮਦੀਦੀ (ਬਰਨਾਲਾ) ਨੂੰ ਮੋਹਾਲੀ ਅਦਾਲਤ ਨੇ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੋਹਾਲੀ ਨੇ ਬੀਤੇ ਕੱਲ ਰੇਸ਼ਮ ਸਿੰਘ ਨੂੰ ਫਿਲੌਰ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਅਤੇ ਸੂਬੇ ਭਰ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣ, ਚਿੱਤਰ ਬਣਾਉਣ ਅਤੇ ਪੋਸਟਰ ਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ।
ਡੀਜੀਪੀ ਗੌਰਵ ਯਾਦਵ ਨੇ ਬੀਤੇ ਕੱਲ ਕਿਹਾ ਸੀ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਅਮਰੀਕਾ ਆਧਾਰਿਤ ਸੁਰਿੰਦਰ ਸਿੰਘ ਠੀਕਰੀਵਾਲ, ਜੋ ਯੂਏਪੀਏ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਅਪਰਾਧੀ ਹੈ ਅਤੇ ਐੱਸਐੱਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਿਰਦੇਸ਼ਾਂ ’ਤੇ ਕੰਮ ਕਰਦਿਆਂ ਜੂਨ 2025 ਦੇ ਪਹਿਲੇ ਹਫ਼ਤੇ ਫਿਲੌਰ ਦੇ ਨੰਗਲ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੀ ਸੀ। ਮੁਲਜ਼ਮ ਰੇਸ਼ਮ ਸਿੰਘ ’ਤੇ ਪਟਿਆਲਾ, ਫ਼ਰੀਦਕੋਟ, ਜਲੰਧਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਖ਼ਾਲਿਸਤਾਨ ਪੱਖੀ ਅਤੇ ਐੱਸਐੱਫਜੇ ਪੱਖੀ ਪੋਸਟਰ ਲਗਾ ਕੇ ਅਤੇ ਨਾਅਰੇ ਲਿਖ ਕੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਹੈ।
ਉਨ੍ਹਾਂ ਕਿਹਾ ਕਿ ਮੁਲਜ਼ਮ ਰੇਸ਼ਮ ਸਿੰਘ, ਜਿਸ 'ਤੇ ਪਟਿਆਲਾ, ਫਰੀਦਕੋਟ, ਜਲੰਧਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਖਾਲਿਸਤਾਨ ਪੱਖੀ ਅਤੇ ਐਸਐਫਜੇ ਪੱਖੀ ਪੋਸਟਰ ਲਾ ਕੇ ਅਤੇ ਨਾਅਰੇ ਲਿਖ ਕੇ ਜਨਤਕ ਜਾਇਦਾਦ ਨੂੰ ਵਾਰ-ਵਾਰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਹੈ, ਉਕਤ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਸੀ।
ਡੀਜੀਪੀ ਨੇ ਦੱਸਿਆ ਕਿ ਮਈ 2025 ਵਿੱਚ ਭਾਰਤ-ਪਾਕਿ ਤਣਾਅ ਦੌਰਾਨ ਰੇਸ਼ਮ ਸਿੰਘ ਨੇ ਲੋਕਾਂ ਅਤੇ ਦੇਸ਼ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਲਈ 'ਪਾਕਿਸਤਾਨ ਜ਼ਿੰਦਾਬਾਦ' ਅਤੇ 'ਖਾਲਿਸਤਾਨ ਜ਼ਿੰਦਾਬਾਦ' ਵਰਗੇ ਭੜਕਾਊ ਨਾਅਰੇ ਲਿਖੇ। ਉਨ੍ਹਾਂ ਦੱਸਿਆ ਕਿ ਸਬੂਤਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਮੁਲਜ਼ਮ ਨੂੰ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਪਹਿਲਾਂ ਦੇਸ਼ ਵਿਰੋਧੀ ਨਾਅਰੇ ਲਿਖਣ, ਕੰਧਾਂ ‘ਤੇ ਚਿੱਤਰ ਬਣਾਉਣ ਅਤੇ ਪੋਸਟਰ ਲਾਉਣ ਦੇ ਦੋਸ਼ ਵਿੱਚ ਕਰਨਾਲ (ਹਰਿਆਣਾ) ਅਤੇ ਸੰਗਰੂਰ ਵਿਖੇ ਦਰਜ ਦੋ ਯੂਏਪੀਏ ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਮੋਹਾਲੀ ਰਵਜੋਤ ਗਰੇਵਾਲ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਮੁਲਜ਼ਮ ਰੇਸ਼ਮ ਸਿੰਘ ਵੱਲੋਂ ਕੰਧਾਂ ਅਤੇ ਪੁਲਾਂ 'ਤੇ ਖਾਲਿਸਤਾਨ ਪੱਖੀ ਚਿੱਤਰ ਬਣਾਉਣ, ਨਾਅਰੇ ਲਿਖਣ ਅਤੇ ਪੋਸਟਰ ਲਾਉਣ ਵਰਗੀਆਂ ਗਤੀਵਿਧੀਆਂ, ਜਿਸ ਵਿੱਚ ਵੱਖਵਾਦ, ਹਥਿਆਰਬੰਦ ਬਗਾਵਤ, ਜਾਂ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਉਕਸਾਉਣ ਦੇ ਇਰਾਦੇ ਨਾਲ ਕੀਤੀਆਂ ਗਈਆਂ ਕਾਰਵਾਈਆਂ ਸ਼ਾਮਲ ਹਨ, ਵਿੱਚ ਸ਼ਮੂਲੀਅਤ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ। ਪ੍ਰਾਪਤ ਜਾਣਕਾਰੀ ਅਤੇ ਨਿਰੰਤਰ ਨਿਗਰਾਨੀ ਦੇ ਆਧਾਰ 'ਤੇ ਐਸਐਸਓਸੀ ਮੋਹਾਲੀ ਟੀਮ ਨੇ ਇੱਕ ਖੁਫੀਆ ਆਪ੍ਰੇਸ਼ਨ ਚਲਾਇਆ ਅਤੇ ਮੁਲਜ਼ਮ ਰੇਸ਼ਮ ਨੂੰ ਮੋਹਾਲੀ ਦੇ ਖਰੜ ਤੋਂ ਗ੍ਰਿਫ਼ਤਾਰ ਕਰ ਲਿਆ, ਜਿੱਥੇ ਉਸਨੂੰ ਉਸਦੇ ਹੈਂਡਲਰ ਸੁਰਿੰਦਰ ਠੀਕਰੀਵਾਲ ਨੇ ਲੁਕਣ ਲਈ ਟਿਕਾਣਾ ਦਿੱਤਾ ਹੋਇਆ ਸੀ।
ਉਨ੍ਹਾਂ ਕਿਹਾ ਕਿ ਲਗਾਤਾਰ ਪੁੱਛਗਿੱਛ ਦੌਰਾਨ ਦੋਸ਼ੀ ਰੇਸ਼ਮ ਸਿੰਘ ਨੇ ਖੁਲਾਸਾ ਕੀਤਾ ਕਿ ਉਸਨੂੰ ਪਹਿਲੀ ਵਾਰ 2019 ਵਿੱਚ ਹਰਪ੍ਰੀਤ ਸਿੰਘ ਉਰਫ ਰਾਣਾ, ਜੋ ਅਮਰੀਕਾ ਤੋਂ ਚਲਾਏ ਜਾ ਰਹੇ ਮੀਡੀਆ ਚੈਨਲ "ਪਾਲੀਟਿਕਸ ਪੰਜਾਬ" (ਹੁਣ ਬੈਨ) ਨੂੰ ਹੋਸਟ ਕਰਦਾ ਸੀ, ਰਾਹੀਂ ਐਸਐਫਜੇ ਨੈੱਟਵਰਕ ਨਾਲ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਹਰਪ੍ਰੀਤ ਰਾਣਾ ਨੇ ਰੇਸ਼ਮ ਨੂੰ ਐਸਐਫਜੇ ਦੇ ਮੁੱਖ ਮੈਂਬਰਾਂ ਜਿਨ੍ਹਾਂ ਵਿੱਚ ਬਿਕਰਮਜੀਤ ਸਿੰਘ (ਯੂਐਸਏ), ਜੇਐਸ ਧਾਲੀਵਾਲ ਅਤੇ ਗੁਰਪਤਵੰਤ ਸਿੰਘ ਪੰਨੂ ਸ਼ਾਮਲ ਸਨ, ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਏਆਈਜੀ ਨੇ ਕਿਹਾ ਕਿ ਲਗਭਗ ਦੋ ਸਾਲਾਂ ਬਾਅਦ ਮਈ 2024 ਵਿੱਚ ਸੰਗਰੂਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦੋਸ਼ੀ ਨੇ ਸੁਰਿੰਦਰ ਠੀਕਰੀਵਾਲ, ਜੋ ਕਿ ਬਰਨਾਲਾ ਦੇ ਪਿੰਡ ਠੀਕਰੀਵਾਲ ਦਾ ਇੱਕ ਸਾਬਕਾ ਅੱਤਵਾਦੀ ਹੈ ਅਤੇ 2022 ਵਿੱਚ ਅਮਰੀਕਾ ਭੱਜ ਗਿਆ ਸੀ, ਦੇ ਪ੍ਰਭਾਵ ਹੇਠ ਆਪਣੀਆਂ ਦੇਸ਼ ਵਿਰੋਧੀ ਗਤੀਵਿਧੀਆਂ ਮੁੜ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਹਰ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਰੇਸ਼ਮ ਵੀਡੀਓ ਰਿਕਾਰਡ ਕਰਕੇ ਆਪਣੇ ਵਿਦੇਸ਼ੀ ਆਪਣੇ ਹੈਂਡਲਰਾਂ ਨੂੰ ਭੇਜਦਾ ਸੀ, ਜੋ ਇਨ੍ਹਾਂ ਦੀ ਵਰਤੋਂ ਆਪਣੇ ਵੱਖਵਾਦੀ ਏਜੰਡੇ ਨੂੰ ਹਵਾ ਦੇਣ ਲਈ ਕਰਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਦੋਸ਼ੀ ਨੂੰ ਆਪਣੇ ਵਿਦੇਸ਼ੀ ਹੈਂਡਲਰਾਂ ਤੋਂ ਲਗਭਗ 8 ਤੋਂ 10 ਲੱਖ ਰੁਪਏ ਮਿਲ ਚੁੱਕੇ ਸਨ। ਇਸ ਸਬੰਧ ਵਿੱਚ, ਪੁਲਿਸ ਥਾਣਾ ਐਸਐਸਓਸੀ, ਐਸਏਐਸ ਨਗਰ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 151, 196 ਅਤੇ 61(2) ਤਹਿਤ ਐਫਆਈਆਰ ਨੰਬਰ 08 ਮਿਤੀ 18.06.2025 ਅਧੀਨ ਕੇਸ ਦਰਜ ਕੀਤਾ ਗਿਆ ਹੈ।
- PTC NEWS