SGPC ਵੱਲੋਂ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਵੀਜ਼ਾ ਫਾਰਮ ਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਤਰੀਖਾਂ ਤੇ ਸਥਾਨਾਂ ਦਾ ਐਲਾਨ
Guru Nanak Dev Ji Prakash Purab : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਰੋਹ ਨੂੰ ਪਾਕਿਸਤਾਨ ਵਿੱਚ ਮਨਾਉਣ ਲਈ ਸਿੱਖ ਜਥੇ ਨੂੰ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ। ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਭਾਵੇਂ ਮਨਜ਼ੂਰੀ ਦੇਣ ਵਿੱਚ ਦੇਰੀ ਹੋਈ, ਪਰ "ਦੇਰ ਆਏ ਦੁਰੁਸਤ ਆਏ" ਦੇ ਅਧਾਰ ’ਤੇ ਸੰਗਤਾਂ ਨੇ ਇਸ ਫੈਸਲੇ ਦਾ ਸਤਿਕਾਰ ਕੀਤਾ ਹੈ।
ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਪਹਿਲਾਂ ਤੋਂ ਹੀ ਮੰਗ ਰਹੀ ਹੈ ਕਿ ਜਿਵੇਂ ਖੇਡਾਂ ਰਾਹੀਂ ਦੋਵੇਂ ਦੇਸ਼ਾਂ ਦੇ ਖਿਡਾਰੀ ਇੱਕ-ਦੂਜੇ ਦੇਸ਼ ਨਾਲ ਖੇਡ ਸਕਦੇ ਹਨ, ਉਸੇ ਤਰ੍ਹਾਂ ਸਿੱਖਾਂ ਨੂੰ ਵੀ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਜਥੇ ਦੀ ਯਾਤਰਾ ਲਈ ਘੱਟੋ-ਘੱਟ 45 ਦਿਨਾਂ ਦਾ ਸਮਾਂ ਚਾਹੀਦਾ ਹੈ, ਪਰ ਇਸ ਵਾਰ ਸਰਕਾਰ ਨੇ ਬਹੁਤ ਸੀਮਿਤ ਸਮੇਂ ਵਿੱਚ ਮਨਜ਼ੂਰੀ ਦਿੱਤੀ ਹੈ। ਇਸ ਕਰਕੇ ਉਹਨਾਂ ਸੰਗਤਾਂ ਦੇ ਪਾਸਪੋਰਟਾਂ ਨੂੰ ਹੀ ਪ੍ਰਕਿਰਿਆ ਵਿੱਚ ਲਿਆਂਦਾ ਜਾ ਰਿਹਾ ਹੈ ਜਿਹੜੇ ਪਹਿਲਾਂ ਹੀ ਐਸਜੀਪੀਸੀ ਕੋਲ ਜਮ੍ਹਾਂ ਹਨ।
ਐਸਜੀਪੀਸੀ ਵੱਲੋਂ ਯਾਤਰੀਆਂ ਨੂੰ ਆਪਣੀਆਂ ਵੀਜ਼ਾ ਫਾਰਮ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਤਰੀਖਾਂ ਅਤੇ ਸਥਾਨਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਇਸ ਮੁਤਾਬਕ, 7 ਅਕਤੂਬਰ ਨੂੰ ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਰੀਦਕੋਟ, ਮੋਹਾਲੀ ਆਦਿ ਜ਼ਿਲ੍ਹਿਆਂ ਦੀ ਸੰਗਤ ਆਪਣੇ-ਆਪਣੇ ਨਿਰਧਾਰਤ ਗੁਰਦੁਆਰਿਆਂ ਵਿੱਚ ਦਸਤਾਵੇਜ਼ ਜਮ੍ਹਾਂ ਕਰਵਾ ਸਕੇਗੀ। 8 ਅਕਤੂਬਰ ਨੂੰ ਪਟਿਆਲਾ, ਕਪੂਰਥਲਾ, ਮੁਕਤਸਰ, ਰੋਪੜ ਅਤੇ ਹੋਰ ਜ਼ਿਲ੍ਹਿਆਂ ਦੀ ਸੰਗਤਾਂ ਲਈ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ, 9 ਅਕਤੂਬਰ ਨੂੰ ਲੁਧਿਆਣਾ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਲਕਾ ਅਤੇ ਨਵਾਂਸ਼ਹਿਰ-ਸ਼੍ਰੀ ਅਨੰਦਪੁਰ ਸਾਹਿਬ ਇਲਾਕਿਆਂ ਦੀ ਸੰਗਤ ਵੀ ਆਪਣੇ ਦਸਤਾਵੇਜ਼ ਨਿਰਧਾਰਤ ਗੁਰਦੁਆਰਾ ਸਾਹਿਬਾਨ ਵਿੱਚ ਜਮ੍ਹਾਂ ਕਰਵਾ ਸਕੇਗੀ।
ਪ੍ਰਤਾਪ ਸਿੰਘ ਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਦਿੱਤੀਆਂ ਤਰੀਖਾਂ ਅਤੇ ਸਥਾਨਾਂ ’ਤੇ ਹੀ ਪਹੁੰਚ ਕੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤਾਂ ਜੋ ਵੀਜ਼ਾ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਜਾ ਸਕੇ। ਉਹਨਾਂ ਨੇ ਸਪਸ਼ਟ ਕੀਤਾ ਕਿ ਨਵੀਆਂ ਸੂਚੀਆਂ ਬਣਾਉਣ ਲਈ ਹੁਣ ਸਮਾਂ ਨਹੀਂ ਹੈ, ਇਸ ਲਈ ਕੇਵਲ ਉਹੀ ਪਾਸਪੋਰਟ ਪ੍ਰਕਿਰਿਆ ਵਿੱਚ ਸ਼ਾਮਲ ਕੀਤੇ ਜਾਣਗੇ ਜੋ ਪਹਿਲਾਂ ਹੀ ਐਸਜੀਪੀਸੀ ਕੋਲ ਆਏ ਹੋਏ ਹਨ।ਉਹਨਾਂ ਨੇ ਕਿਹਾ ਕਿ ਇਹ ਮਨਜ਼ੂਰੀ ਸਿੱਖ ਸੰਗਤਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਅਰਦਾਸ ਪੂਰੀ ਹੋਈ ਹੈ। ਪਿਛਲੇ ਸਮੇ ਦੌਰਾਨ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਸਰਕਾਰ ਵੱਲੋਂ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ ਸੀ, ਪਰ ਹੁਣ ਜਦੋਂ ਫੈਸਲਾ ਲਿਆ ਗਿਆ ਹੈ, ਇਸ ਲਈ ਐਸਜੀਪੀਸੀ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ।ਸ. ਪ੍ਰਤਾਪ ਸਿੰਘ ਨੇ ਆਸ ਜਤਾਈ ਕਿ ਭਵਿੱਖ ਵਿੱਚ ਕਰਤਾਰਪੁਰ ਲਾਂਘੇ ਰਾਹੀਂ ਵੀ ਸੰਗਤਾਂ ਨੂੰ ਨਿਯਮਿਤ ਤੌਰ ’ਤੇ ਦਰਸ਼ਨ ਦਾ ਮੌਕਾ ਮਿਲੇ ਅਤੇ ਭਾਰਤ-ਪਾਕਿਸਤਾਨ ਸਰਕਾਰਾਂ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਨੂੰ ਪ੍ਰਧਾਨਤਾ ਦੇਣ।
- PTC NEWS