ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦੇ ਦਰਜਾ ਤੀਜਾ, ਚੌਥਾ ਤੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਐਲਾਨਿਆ
SGPC Religious Examination Results : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਦੇ ਦਰਜਾ ਤੀਜਾ, ਚੌਥਾ ਅਤੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਤੇ ਸਕੱਤਰ ਪ੍ਰਤਾਪ ਸਿੰਘ ਵੱਲੋਂ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਧਾਰਮਿਕ ਪ੍ਰੀਖਿਆ (Religious Examination) ਦੇ ਪਹਿਲੇ ਅਤੇ ਦੂਜੇ ਦਰਜੇ ਦਾ ਨਤੀਜਾ ਜਾਰੀ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਫਰਵਰੀ 2025 ਵਿੱਚ ਤੀਜੇ ਅਤੇ ਚੌਥੇ ਦਰਜੇ ਦੀ ਲਈ ਗਈ ਧਾਰਮਿਕ ਪ੍ਰੀਖਿਆ ਵਿੱਚ 5696 ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ 130 ਵਿਦਿਆਰਥੀਆਂ ਨੇ ਵਜ਼ੀਫਾ (Scholarship) ਪ੍ਰਾਪਤ ਕੀਤਾ ਹੈ। ਮੈਰਿਟ ਵਿਚ ਆਏ ਇਨ੍ਹਾਂ ਪ੍ਰੀਖਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 4 ਲੱਖ 15 ਹਜ਼ਾਰ ਰੁਪਏ ਦੀ ਵਜੀਫਾ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਕਰਮਵਾਰ 5100, 4100 ਅਤੇ 3100 ਰੁਪਏ ਦੀ ਵਿਸ਼ੇਸ਼ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਪਾਸ ਹੋਣ ਵਾਲਿਆਂ ਨੂੰ ਮੈਡਲ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਸੈਸ਼ਨ 2023-25 ਦੇ ਦੂਜੇ ਸਾਲ ਅਤੇ ਸੈਸ਼ਨ 2024-26 ਦੇ ਪਹਿਲੇ ਸਾਲ ਦਾ ਨਤੀਜਾ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਮੈਰਿਟ ’ਚ ਆਏ 30 ਵਿਦਿਆਰਥੀਆਂ ਨੂੰ ਵਜੀਫਾ ਰਾਸ਼ੀ ਦਿੱਤੀ ਜਾਵੇਗੀ।
ਸ. ਮੰਨਣ ਨੇ ਕਿਹਾ ਕਿ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ, ਗੁਰਬਾਣੀ, ਰਹਿਤ ਮਰਯਾਦਾ ਅਤੇ ਇਤਿਹਾਸ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਲਗਾਤਾਰ ਕਾਰਜਸ਼ੀਲ ਹੈ। ਇਸੇ ਤਹਿਤ ਹੀ ਧਾਰਮਿਕ ਪ੍ਰੀਖਿਆ ਕਰਵਾ ਕੇ ਲੱਖਾ ਰੁਪਏ ਦੀ ਵਜੀਫਾ ਰਾਸ਼ੀ ਹਰ ਸਾਲ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੱਤਰ-ਵਿਹਾਰ ਕੋਰਸ ਰਾਹੀਂ ਆਮ ਸ਼ਰਧਾਲੂਆਂ ਨੂੰ ਸਿੱਖ ਧਰਮ ਬਾਰੇ ਕੋਰਸ ਕਰਵਾਇਆ ਜਾਂਦਾ ਹੈ। ਉਨ੍ਹਾਂ ਸੰਗਤ ਅਤੇ ਸਿੱਖ ਨੌਜੁਆਨੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਧਾਰਮਿਕ ਪ੍ਰੀਖਿਆਵਾਂ ਵਿਚ ਵੱਧ ਤੋਂ ਵੱਧ ਦਾਖ਼ਲਾ ਲੈ ਕੇ ਸਿੱਖੀ ਬਾਰੇ ਜਾਣਕਾਰੀ ਹਾਸਲ ਕਰਨ, ਤਾਂ ਜੋ ਆਪਣੇ ਇਤਿਹਾਸ ਅਤੇ ਕਦਰਾਂ-ਕੀਮਤਾਂ ਨਾਲ ਜੁੜਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਧਾਰਮਿਕ ਪ੍ਰੀਖਿਆ ਦੇ ਦਰਜਾ ਤੀਜਾ ਵਿੱਚ ਪਹਿਲਾ ਸਥਾਨ ਜਗਮੀਤ ਸਿੰਘ ਤੇ ਮਨਜੀਤ ਕੌਰ ਨੇ ਹਾਸਿਲ ਕੀਤਾ ਜਦਕਿ ਦੂਜਾ ਸਥਾਨ ਫਿਲਪਸ ਤੇ ਤੀਜਾ ਸਥਾਨ ਹਰਪਾਲ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਰਜਾ ਚੌਥਾ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ 'ਤੇ ਸਰਬਜੀਤ ਕੌਰ ਦੂਜੇ 'ਤੇ ਮਨਦੀਪ ਕੌਰ ਤੇ ਅਮਨਦੀਪ ਕੌਰ ਅਤੇ ਤੀਜੇ ਸਥਾਨ ਅਤੇ ਸੁਭਪ੍ਰੀਤ ਕੌਰ ਤੇ ਰਮਨਦੀਪ ਕੌਰ ਰਹੇ। ਇਸ ਦੇ ਨਾਲ ਹੀ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਨਤੀਜਿਆਂ ਵਿੱਚ ਪਹਿਲਾ ਸਥਾਨ ਬਲਜਿੰਦਰ ਸਿੰਘ ਨੇ ਪ੍ਰਾਪਤ ਕੀਤਾ ਜਦਕਿ ਦੂਜੇ ਸਥਾਨ ਤੇ ਹਿੰਮਤ ਸਿੰਘ ਅਤੇ ਤੀਜੇ ਸਥਾਨ ਤੇ ਸ਼ਰਧਾ ਕੌਰ ਰਹੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਬਿਜੈ ਸਿੰਘ, ਇੰਚਾਰਜ ਡਾ. ਰਣਜੀਤ ਕੌਰ ਪੰਨਵਾਂ, ਸੁਪਰਵਾਈਜਰ ਜਸਬੀਰ ਸਿੰਘ ਆਦਿ ਹਾਜ਼ਰ ਸਨ।
- PTC NEWS