Amritsar News : SGPC ਵੱਲੋਂ ਹੜ੍ਹ ਪੀੜਤਾਂ ਲਈ ਅੰਮ੍ਰਿਤਸਰ ਦੇ ਭਾਈ ਗੁਰਦਾਸ ਹਾਲ ਵਿਖੇ ਰਾਹਤ ਕੇਂਦਰ ਸਥਾਪਿਤ
Amritsar News : ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਭਾਰੀ ਜਾਨੀ -ਮਾਲੀ ਨੁਕਸਾਨ ਕੀਤਾ ਹੈ, ਉੱਥੇ ਹੀ ਵੱਖ–ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਹੜ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ। ਇਸ ਕੜੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਵੱਲੋਂ ਭਾਈ ਗੁਰਦਾਸ ਹਾਲ, ਅੰਮ੍ਰਿਤਸਰ ਵਿੱਚ ਹੜ੍ਹ ਰਾਹਤ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਪੰਜਾਬ ਦੇ ਕਈ ਇਲਾਕੇ, ਖ਼ਾਸ ਕਰਕੇ ਸੁਲਤਾਨਪੁਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਗੋਇੰਦਵਾਲ ਸਾਹਿਬ, ਹੜਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਮੁਸ਼ਕਲ ਵੇਲੇ ਵਿੱਚ ਸ਼੍ਰੋਮਣੀ ਕਮੇਟੀ ਮਨੁੱਖਤਾ ਦੀ ਸੇਵਾ ਲਈ ਪਹਿਲ ਕਰ ਰਹੀ ਹੈ। ਐਸ.ਜੀ.ਪੀ.ਸੀ. ਵੱਲੋਂ ਹੜ ਪੀੜਤਾਂ ਲਈ ਰਾਸ਼ਨ, ਲੰਗਰ ਅਤੇ ਦਵਾਈਆਂ ਦੇ ਨਾਲ–ਨਾਲ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਹੜਾਂ ਕਾਰਨ ਬਣੇ ਖ਼ਤਰੇ ਨੂੰ ਵੇਖਦਿਆਂ ਮੱਛਰ ਰੋਕੂ ਸਪਰੇਅ ਮਸ਼ੀਨਾਂ ਵੀ ਵੰਡੀਆਂ ਜਾ ਰਹੀਆਂ ਹਨ। ਹੁਣ ਤੱਕ 10 ਮਸ਼ੀਨਾਂ ਵੱਖ–ਵੱਖ ਗੁਰਦੁਆਰਾ ਸਾਹਿਬਾਂ ਰਾਹੀਂ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀਆਂ ਗਈਆਂ ਹਨ, ਜਦਕਿ ਆਉਣ ਵਾਲੇ ਦਿਨਾਂ ਵਿੱਚ ਹੋਰ 40–50 ਮਸ਼ੀਨਾਂ ਭੇਜੀਆਂ ਜਾਣਗੀਆਂ। ਐਸ.ਜੀ.ਪੀ.ਸੀ. ਸਕੱਤਰ ਨੇ ਦੱਸਿਆ ਕਿ ਸਿਰਫ ਪੰਜਾਬ ਹੀ ਨਹੀਂ, ਸਗੋਂ ਹਰਿਆਣਾ ਅਤੇ ਯੂ.ਪੀ. ਤੋਂ ਵੀ ਸੰਗਤਾਂ ਵੱਡੇ ਪੱਧਰ ’ਤੇ ਸਹਾਇਤਾ ਲਈ ਅੱਗੇ ਆ ਰਹੀਆਂ ਹਨ। ਹਰਿਆਣੇ ਦੀ ਸੰਗਤ ਵੱਲੋਂ ਦਾਲਾਂ, ਖੰਡ, ਘਿਓ ਅਤੇ ਹੋਰ ਸਮਾਨ ਭੇਜਿਆ ਗਿਆ ਹੈ, ਜਦਕਿ ਯੂ.ਪੀ. ਤੋਂ ਸੰਗਤਾਂ ਨੇ ਕਣਕ ਅਤੇ ਹੋਰ ਰਾਸ਼ਨ ਭੇਜ ਕੇ ਹੜ ਪੀੜਤਾਂ ਦੀ ਸੇਵਾ ਵਿੱਚ ਯੋਗਦਾਨ ਪਾਇਆ ਹੈ।
ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਤੋਂ ਹੀ ਮਨੁੱਖਤਾ ਦੀ ਸੇਵਾ ਲਈ ਅੱਗੇ ਰਹੀ ਹੈ। ਚਾਹੇ ਗੁਜਰਾਤ ਦਾ ਭੂਚਾਲ ਹੋਵੇ, ਨੇਪਾਲ ਦੀ ਕੁਦਰਤੀ ਆਫ਼ਤ, ਉੜੀਸਾ ਦੇ ਹੜਾਂ ਜਾਂ ਕਰੋਨਾ ਕਾਲ ,ਹਰ ਸਮੇਂ ਸ਼੍ਰੋਮਣੀ ਕਮੇਟੀ ਨੇ ਲੋਕਾਂ ਦੀ ਮਦਦ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ। ਇਸ ਸਮੇਂ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਕੋਈ ਵੀ ਮਨੁੱਖ ਜਾਂ ਪਸ਼ੂ ਭੁੱਖਾ ਨਾ ਰਹੇ, ਇਹੀ ਸਾਡੀ ਸੇਵਾ ਦਾ ਮੂਲ ਮੰਤਵ ਹੈ। ਐਸ.ਜੀ.ਪੀ.ਸੀ. ਵੱਲੋਂ ਕਿਹਾ ਗਿਆ ਹੈ ਕਿ ਜਿਵੇਂ–ਜਿਵੇਂ ਪਾਣੀ ਥੱਲੇ ਜਾਵੇਗਾ, ਪ੍ਰਭਾਵਿਤ ਲੋਕਾਂ ਨੂੰ ਹੋਰ ਵੱਡੇ ਪੱਧਰ ’ਤੇ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਵਿੱਚ ਕਿਸਾਨਾਂ ਲਈ ਡੀਜ਼ਲ, ਖੇਤਾਂ ਦੀ ਮੁਰੰਮਤ ਲਈ ਸਾਧਨ ਅਤੇ ਘਰਾਂ ਲਈ ਲੋੜੀਂਦੀ ਸਮੱਗਰੀ ਸ਼ਾਮਲ ਕੀਤੀ ਜਾਵੇਗੀ।
- PTC NEWS