ਸ੍ਰੋਮਣੀ ਕਮੇਟੀ ਵੱਲੋਂ ਸਾਊਦੀ ਅਰਬ 'ਚ ਹੋਟਲ ਦੀ ਕੰਧ ਤੋਂ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਹਟਾਉਣ ਵਾਲੇ ਨੌਜਵਾਨ ਦਾ ਵਿਸ਼ੇਸ਼ ਸਨਮਾਨ
ਬੀਤੇ ਸਾਲ ਸਾਊਦੀ ਅਰਬ ਦੇ ਸ਼ਹਿਰ ਅਲ-ਕੁਰਿਆਤ ਵਿਖੇ ਇੱਕ ਸ਼ੇਖ ਵੱਲੋਂ ਨਵੇਂ ਬਣਾਏ ਗਏ ਇੱਕ ਗੋਲਡਨ ਡੋਮ ਹੋਟਲ ਅਤੇ ਰੈਸਟੋਰੈਂਟ ਦੀਆਂ ਬਾਹਰਲੀਆਂ ਦੀਵਾਰਾਂ ਅਤੇ ਆਲੇ-ਦੁਆਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ, ਜਿਸ ਨੂੰ ਹਟਾਉਣ ਲਈ ਸਾਊਦੀ ਅਰਬ ਵਿੱਚ ਸਰਬੱਤ ਦਾ ਭਾਲ ਗਰੁੱਪ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੱਸੀ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ 14 ਮੈਂਬਰੀ ਟੀਮ ਵਲੋਂ ਆਪਣੇ ਇੱਕ ਹਜ਼ਾਰ ਦੇ ਕਰੀਬ ਸਾਥੀਆਂ ਨਾਲ ਸਾਂਝੇ ਤੌਰ 'ਤੇ ਯਤਨ ਕੀਤਾ ਗਿਆ ਸੀ ਅਤੇ ਲੰਬੀ ਜਦੋ-ਜਹਿਦ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਹਟਾ ਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰਕੇ ਜਲ੍ਹ ਪ੍ਰਵਾਹ ਕਰ ਦਿੱਤਾ ਗਿਆ ਸੀ।
ਇਸ ਗਰੁੱਪ ਦੇ ਸਾਉਦੀ ਅਰਬ ਵਿਖੇ ਕਾਰੋਬਾਰ ਕਰਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਾਗਪੁਰ ਸਤੌਰ ਨਾਲ ਸਬੰਧਿਤ ਮੁੱਖ ਮੈਂਬਰ ਭਾਈ ਸੰਦੀਪ ਸਿੰਘ ਖਾਲਸਾ ਦਾ ਭਾਰਤ ਆਉਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਭਾਈ ਚਾਵਲਾ ਨੇ ਕਿਹਾ ਕਿ ਇਸ ਗਰੁੱਪ ਵਲੋਂ ਬੀਤੇ ਛੇ ਸਾਲਾਂ ਤੋਂ ਅਰਬ ਦੇਸ਼ਾਂ ਵਿੱਚ ਜਿੱਥੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਖ ਰੀਤੀ ਰਿਵਾਜਾਂ ਤੇ ਪਹਿਰਾ ਦਿੰਦੇ ਹੋਏ ਇਨ੍ਹਾਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਜਿੱਥੇ ਅਰਬ ਦੇ ਹੋਟਲ ਦੇ ਮਾਲਕ ਸ਼ੇਖ ਨੂੰ ਸਿੱਖ ਧਰਮ ਦੇ ਸਿਧਾਂਤਾਂ ਤੋਂ ਜਾਣੂ ਕਰਵਾਇਆ, ਉੱਥੇ ਹੀ ਇਸ ਹੋਟਲ ਵਿੱਚ ਵਰਤਾਏ ਜਾਂਦੇ ਨਸ਼ਿਆਂ ਦੀ ਸਿੱਖ ਧਰਮ ਵਿੱਚ ਮਨਾਹੀ ਦਾ ਜਿਕਰ ਕਰਦੇ ਹੋਏ ਆਪਣੇ ਕੋਲੋਂ ਪੈਸੇ ਖਰਚ ਕੇ ਲਗਾਤਾਰ ਤਿੰਨ ਦਿਨ ਇਨ੍ਹਾਂ ਤਸਵੀਰਾਂ ਨੂੰ ਲਾਹ ਕੇ ਇੱਕ ਵਧੀਆਂ ਸੁਨੇਹਾ ਦਿੱਤਾ।
ਸੰਦੀਪ ਸਿੰਘ ਨੇ ਦੱਸਿਆ ਕਿ ਗਰੁੱਪ ਵਲੋਂ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਤੇ ਲੰਗਰ ਦੇ ਨਾਲ-ਨਾਲ ਉੱਥੇ ਕਿਸੇ ਹਾਦਸੇ ਦੌਰਾਨ ਮੌਤ ਹੋ ਜਾਣ 'ਤੇ 6 ਸਾਲਾਂ ਵਿੱਚ 70 ਦੇ ਕਰੀਬ ਲਾਸ਼ਾਂ ਨੂੰ ਭਾਰਤ ਭੇਜ ਚੁੱਕੇ ਹਾਂ। ਇਸ ਤੋਂ ਬਿਨ੍ਹਾਂ ਨਜਾਇਜ ਫਸ ਚੁੱਕੀਆਂ ਕੁੜੀਆਂ ਨੂੰ ਆਪਣੇ ਖਰਚੇ 'ਤੇ ਭਾਰਤ ਭੇਜਿਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਅਰਬ ਦੇਸ਼ਾਂ ਵਿੱਚ ਰਹਿ ਰਹੇ ਹਰੇਕ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਉਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਚਾਵਲਾ ਅਤੇ ਬਾਬਾ ਰਾਜਾ ਰਾਜ ਸਿੰਘ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
- PTC NEWS