Mon, Dec 8, 2025
Whatsapp

SGPC ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸੇਵਾਵਾਂ ਬਿਲਕੁਲ ਪਾਰਦਰਸ਼ੀ : ਐਡਵੋਕੇਟ ਧਾਮੀ

Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸਿੱਖ ਸੰਸਥਾ ਖਿਲਾਫ ਕੀਤੇ ਜਾ ਰਹੇ ਝੂਠੇ ਪ੍ਰਾਪੇਗੰਡਾ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨਾਲ ਖੜ੍ਹਨ ਦੀ ਥਾਂ ਇਹ ਲੋਕ ਸਿਆਸੀ ਬਿਆਨਬਾਜ਼ੀ ਵਿੱਚ ਉਲਝੇ ਹੋਏ ਹਨ। ਜਾਰੀ ਇੱਕ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਕ ਸਾਂਝੀ ਸਿੱਖ ਸੰਸਥਾ ਹੁੰਦਿਆਂ ਜ਼ਮੀਨੀ ਪੱਧਰ ਤੇ ਹੜ੍ਹ ਪੀੜਤਾਂ ਲਈ ਕਾਰਜਸ਼ੀਲ ਹੈ ਅਤੇ ਇਸ ਦੇ ਯਤਨਾਂ ਨੂੰ ਸੀਮਤ ਕਰਨ ਦੀ ਸਿਆਸਤ ਬੇਹੱਦ ਦੁਖਦਾਈ ਅਤੇ ਮੰਦਭਾਗੀ

Reported by:  PTC News Desk  Edited by:  Shanker Badra -- September 12th 2025 08:03 PM
SGPC ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸੇਵਾਵਾਂ ਬਿਲਕੁਲ ਪਾਰਦਰਸ਼ੀ :  ਐਡਵੋਕੇਟ ਧਾਮੀ

SGPC ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸੇਵਾਵਾਂ ਬਿਲਕੁਲ ਪਾਰਦਰਸ਼ੀ : ਐਡਵੋਕੇਟ ਧਾਮੀ

Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸਿੱਖ ਸੰਸਥਾ ਖਿਲਾਫ ਕੀਤੇ ਜਾ ਰਹੇ ਝੂਠੇ ਪ੍ਰਾਪੇਗੰਡਾ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨਾਲ ਖੜ੍ਹਨ ਦੀ ਥਾਂ ਇਹ ਲੋਕ ਸਿਆਸੀ ਬਿਆਨਬਾਜ਼ੀ ਵਿੱਚ ਉਲਝੇ ਹੋਏ ਹਨ। ਜਾਰੀ ਇੱਕ ਬਿਆਨ ਵਿੱਚ ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਕ ਸਾਂਝੀ ਸਿੱਖ ਸੰਸਥਾ ਹੁੰਦਿਆਂ ਜ਼ਮੀਨੀ ਪੱਧਰ ਤੇ ਹੜ੍ਹ ਪੀੜਤਾਂ ਲਈ ਕਾਰਜਸ਼ੀਲ ਹੈ ਅਤੇ ਇਸ ਦੇ ਯਤਨਾਂ ਨੂੰ ਸੀਮਤ ਕਰਨ ਦੀ ਸਿਆਸਤ ਬੇਹੱਦ ਦੁਖਦਾਈ ਅਤੇ ਮੰਦਭਾਗੀ ਹੈ। 

ਉਨ੍ਹਾਂ ਸਪਸ਼ਟ ਤੌਰ ‘ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਕੀਤੀਆਂ ਸੇਵਾਵਾਂ ਦੇ ਪੂਰੇ ਵੇਰਵੇ ਮੌਜੂਦ ਹਨ ਜੋ ਕੱਲ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬਾਅਦ ਮੀਡੀਆ ਨਾਲ ਸਾਂਝੇ ਵੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ 10 ਸਤੰਬਰ ਤੱਕ 77 ਲੱਖ ਤੋਂ ਵੱਧ ਦੀਆਂ ਰਾਹਤ ਸੇਵਾਵਾਂ ਸਿੱਖ ਸੰਸਥਾ ਵੱਲੋਂ ਕੀਤੀਆਂ ਗਈਆਂ ਹਨ, ਜਿਸ ਵਿੱਚ ਲੰਗਰ, ਜਰੂਰੀ ਰਸਦਾਂ, ਲੋੜੀਦਾ ਸਮਾਨ ਅਤੇ ਬੰਨਾਂ ਨੂੰ ਮਜ਼ਬੂਤ ਕਰਨ ਲਈ ਡੀਜਲ ਆਦਿ ਸ਼ਾਮਿਲ ਹੈ।


ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਇਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸਿੱਖ ਸੰਸਥਾ ਦੀਆਂ ਸੇਵਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨਾਲ ਜੋੜਨ ਦੇ ਸੰਬੰਧ ਵਿੱਚ ਕਿਹਾ ਕਿ ਇਹ ਬਿਲਕੁਲ ਬੇਬੁਨਿਆਦ ਤੇ ਅਧਾਰਹੀਣ ਵਿਚਾਰ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸਭ ਦੀ ਸਾਂਝੀ ਸੰਸਥਾ ਹੈ ਅਤੇ ਇਸ ਦੀਆਂ ਸੇਵਾਵਾਂ ਵਿੱਚ ਕੋਈ ਵੀ ਸਹਿਯੋਗ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਡੀਜ਼ਲ ਦੇਣ ਦਾ ਫੈਸਲਾ ਲੋਕਾਂ ਦੀ ਮੰਗ ਅਨੁਸਾਰ ਪਹਿਲੇ ਦਿਨ ਤੋਂ ਹੀ ਕਰ ਦਿੱਤਾ ਗਿਆ ਸੀ। ਜਿਸ ਤਹਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਇਸ ਦੀ ਬਕਾਇਦਾ ਸ਼ੁਰੂਆਤ ਕੀਤੀ ਗਈ ਅਤੇ ਬਾਅਦ ਵਿੱਚ ਮੰਗ ਅਨੁਸਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਡੀਜ਼ਲ ਦਿੱਤਾ ਗਿਆ। ਇਸ ਦੀ ਖਰੀਦ ਅਤੇ ਵੰਡਣ ਲਈ ਸਿੱਖ ਸੰਸਥਾ ਦੇ ਨਿਯਮਾਂ ਅਨੁਸਾਰ ਕਾਰਜ਼ ਕੀਤਾ ਜਾ ਰਿਹਾ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਨਿਰਸਵਾਰਥ ਸੇਵਾਵਾਂ ਉਤੇ ਸਵਾਲ ਚੁੱਕਣ ਵਾਲੇ ਇਹ ਸਾਰੇ ਲੋਕ ਇਸੇ ਪ੍ਰਬੰਧ ਦਾ ਹੀ ਹਿੱਸਾ ਹਨ ਅਤੇ ਵੱਖ ਹੋਣ ਤੋਂ ਪਹਿਲਾਂ ਇਨ੍ਹਾਂ ਨੂੰ ਸਭ ਕੁਝ ਠੀਕ ਲੱਗਦਾ ਸੀ। ਪਰੰਤੂ ਜਦੋਂ ਹੁਣ ਦੂਸਰੇ ਧੜੇ ਵਿਚ ਜਾ ਰਲੇ ਹਨ ਤਾਂ ਇਨ੍ਹਾਂ ਨੂੰ ਸਭ ਕੁਝ ਗਲਤ ਲੱਗਣ ਲਗ ਪਿਆ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿਹੋ ਜਿਹੇ ਦੋਹਰੇ ਮਾਪਦੰਡ ਹਨ?

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਨ੍ਹਾਂ ਮੈਂਬਰਾਂ ਨੂੰ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਸਮਝਣ ਅਤੇ ਸਿੱਖ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਵਿਸ਼ਾਲ ਸੇਵਾਵਾਂ ਨੂੰ ਜਾਣਬੁਝ ਕੇ ਸੱਟ ਨਾ ਮਾਰਨ।ਉਨ੍ਹਾਂ ਕਿਹਾ ਕਿ ਇਸ ਦੁੱਖਦ ਸਮੇਂ ਪੰਜਾਬ ਅਤੇ ਪੰਜਾਬੀਆਂ ਨਾਲ ਖੜਨਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਅਤੇ ਸਿੱਖ ਸੰਸਥਾ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਕੋਈ ਢਿੱਲ ਨਹੀਂ ਵਰਤੇਗੀ।

- PTC NEWS

Top News view more...

Latest News view more...

PTC NETWORK
PTC NETWORK