Shiromani Akali Dal ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ CM ਮਾਨ ’ਤੇ ਸ਼ਬਦੀ ਹਮਲਾ, ਕਿਹਾ- ਪੰਜਾਬ ਦੇ ਲੋਕਾਂ ਨੂੰ ਕੀਤਾ ਜਾ ਰਿਹਾ ਗੁੰਮਰਾਹ
ਭ੍ਰਿਸ਼ਟਾਚਾਰ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਡੀਆਈਜੀ ਨੂੰ ਸਸਪੈਂਡ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸੀਐਮ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪੋਸਟ ’ਚ ਕਿਹਾ ਕਿ ਭਗਵੰਤ ਮਾਨ ਦਾ ਇਹ ਟਵੀਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਸ ਆਲੋਚਨਾ ਨੂੰ ਦੂਰ ਕਰਨ ਦੀ ਇੱਕ ਬੇਸ਼ਰਮੀ ਵਾਲੀ ਕੋਸ਼ਿਸ਼ ਹੈ ਜਿਸ ਦਾ ਸਾਹਮਣਾ ਉਹ ਅਤੇ ਉਨ੍ਹਾਂ ਦੇ ਮੰਤਰੀ/ਵਿਧਾਇਕ ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ 'ਤੇ ਚੁੱਪ ਰਹਿਣ ਅਤੇ ਸ਼ਮੂਲੀਅਤ ਹੋਣ ਕਰਕੇ ਕਰ ਰਹੇ ਹਨ।
ਮਾਨ ਸਾਬ੍ਹ , ਡੀਆਈਜੀ ਭੁੱਲਰ ਦੀ ਮੁਅੱਤਲੀ All India Services (Discipline and Appeals) Rules ਦੇ ਨਿਯਮ 3(2) ਦੇ ਅਧੀਨ ਹੋਈ ਹੈ, ਇਹ ਨਿਯਮ “48 ਘੰਟਿਆਂ ਤੋਂ ਵੱਧ ਸਮੇਂ ਲਈ ਸਰਕਾਰੀ ਹਿਰਾਸਤ ਵਿੱਚ ਨਜ਼ਰਬੰਦ ਕੀਤੇ ਗਏ ਕਿਸੇ ਵੀ ਅਧਿਕਾਰੀ” ਨੂੰ ਮੁਅੱਤਲ ਕਰਨ ਦਾ ਹੁਕਮ ਦਿੰਦਾ ਹੈ। ਅਜਿਹੇ ਮਾਮਲਿਆਂ ਵਿੱਚ ਨਾ ਤਾਂ ਤੁਹਾਡੀ ਅਤੇ ਨਾ ਹੀ ਤੁਹਾਡੀ ਸਰਕਾਰ ਦੀ ਕੋਈ ਭੂਮਿਕਾ ਹੈ, ਨਾ ਇਸਤੋਂ ਇਲਾਵਾ ਤੁਹਾਡੇ ਕੋਲ ਕੋਈ ਬਦਲ ਸੀ ।
ਡੀਆਈਜੀ ਭੁੱਲਰ ਦਾ ਮੁਅੱਤਲੀ ਆਦੇਸ਼ ਇਸ ਤੱਥ ਨੂੰ ਸਪੱਸ਼ਟ ਤੌਰ ‘ਤੇ ਦੱਸਦਾ ਹੈ। ਤੁਹਾਡਾ “ਨਕਲੀ ਇਮਾਨਦਾਰੀ” ਦਾ ਮਖੌਟਾ ਉਤਰ ਗਿਆ ਹੈ, ਕਿਉਂਕਿ ਤੁਹਾਡੇ ਗ੍ਰਹਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਤੁਹਾਡੇ ਨੱਕ ਹੇਠ ਹੋ ਰਿਹਾ ਸੀ। ਅਸੀਂ ਮੰਗ ਕਰਦੇ ਹਾਂ ਕਿ CBI ਪੂਰੀ ਜਾਂਚ ਕਰੇ ਅਤੇ ਇਹ ਦੱਸੇ ਕਿ ਇਹ ਪੈਸਾ ਅਸਲ ਵਿੱਚ ਕਿਸ ਲਈ ਇਕੱਠਾ ਕੀਤਾ ਗਿਆ ਸੀ ਅਤੇ ਇਹ ਕਿਸਨੂੰ ਦੇਣਾ ਸੀ । ਮੈਂ ਉਹੀ ਦੁਹਰਾਉਂਦਾ ਹਾਂ ਜੋ ਹਰ ਪੰਜਾਬੀ ਕਹਿ ਰਿਹਾ ਹੈ: ਜੇਕਰ ਪੂਰੀ ਜਾਂਚ ਕੀਤੀ ਜਾਂਦੀ ਹੈ, ਤਾਂ ਰਸਤਾ ਤੁਹਾਡੇ “ਕੱਟੜ ਇਮਾਨਦਾਰ” ਬੌਸ ਤੱਕ ਪਹੁੰਚੇਗਾ ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਆਈਜੀ ਰੋਪੜ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਡੀਆਈਜੀ ਰੋਪੜ ਨੂੰ ਪੁਲਿਸ ਵਿਭਾਗ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਨਾਮਜ਼ਦ ਕਿਸੇ ਵੀ ਵਿਅਕਤੀ ਦਾ, ਭਾਵੇਂ ਉਸਦਾ ਅਹੁਦਾ ਕੋਈ ਵੀ ਹੋਵੇ, ਸਮਰਥਨ ਨਹੀਂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਹਰ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗੀ।
ਇਹ ਵੀ ਪੜ੍ਹੋ : 'ਮੇਰਾ ਪੁੱਤ ਮਾਨਸਿਕ ਤੌਰ ’ਤੇ ਸੀ ਕਾਫੀ ਬੀਮਾਰ'; ਪੁੱਤ ਦੀ ਮੌਤ ’ਤੇ ਬੋਲੇ ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ
- PTC NEWS