Shiromani Akali Dal ਆਪ ਸਰਕਾਰ ਨੂੰ ਹੜ੍ਹ ਮਾਰੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਾਸਤੇ ਮਜ਼ਬੂਰ ਕਰੇਗਾ : ਐਨ.ਕੇ ਸ਼ਰਮਾ
Shiromani Akali Dal : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸੰਕਟ ਵੇਲੇ ਪੰਜਾਬੀਆਂ ਇਕੱਲਿਆਂ ਛੱਡਣ ਦੀ ਨਿਖੇਧੀ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਰਾਜ ਸਰਕਾਰ ਨੂੰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਵਾਸਤੇ ਮਜ਼ਬੂਰ ਕਰੇਗਾ ਅਤੇ ਹੜ੍ਹ ਮਾਰੇ ਲੋਕਾਂ ਦੀ ਮਦਦ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਰਹੇਗਾ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨ ਕੇ ਸ਼ਰਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਮਾਰੇ ਕਿਸਾਨਾਂ ਦੀ ਮਦਦ ਵਾਸਤੇ ਦਿਨ ਰਾਤ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਸੰਕਟ ਵਿਚ ਫਸੇ ਕਿਸਾਨਾਂ ਤੱਕ ਪਹੁੰਚ ਕਰ ਕੇ ਉਹਨਾਂ ਨੂੰ ਨਗਦ ਰਾਸ਼ੀ, ਡੀਜ਼ਲ ਤੇ ਹੋਰ ਜ਼ਰੂਰੀ ਸਮਾਨ ਬੰਨ ਪੂਰਨ ਤੇ ਮਜ਼ਬੂਤ ਕਰਨ ਵਾਸਤੇ ਪ੍ਰਦਾਨ ਕੀਤਾ ਬਲਕਿ ਉਹਨਾਂ ਨੇ ਇਕ ਵਿਲੱਖਣ ਸੇਵਾ ਕੀਤੀ।
ਜਿਸ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਲਿਫਾਫਾ ਦਲ ਉਹਨਾਂ ਦੀ ਬਦਨਾਮੀ ਵੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਇਸ ਨਕਲੀ ਅਕਾਲੀ ਦਲ ਦੀ ਵਰਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਦਨਾਮੀ ਕਰਨ ਵਾਸਤੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਦੋਵਾਂ ਸਰਕਾਰਾਂ ਨੂੰ ਪੰਜਾਬ ਦੇ ਭਲੇ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਹਨਾਂ ਦਾ ਇਕ ਨੁਕਾਤੀ ਏਜੰਡਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਦਨਾਮੀ ਕਰਨਾ ਹੈ।
ਐਨ ਕੇ ਸ਼ਰਮਾ ਨੇ ਇਸ ਮੌਕੇ ਪੰਪ ਸੈਟ, ਪਲਾਸਟਿਕ ਪਾਈਪਾਂ, ਤਰਪਾਲਾਂ ਤੇ ਹੋਰ ਸਮੇਤ ਡੀਜ਼ਲ ਦੇ ਬਿੱਲਾਂ ਦੀਆਂ ਕਾਪੀਆਂ ਵੀ ਜਾਰੀ ਕੀਤੀਆਂ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖੋ ਵੱਖਰੇ ਲੋਕਾਂ ਦੀ ਸੇਵਾ ਵਿਚ ਡਟੇ ਹਨ। ਉਹਨਾਂ ਕਿਹਾ ਕਿ ਦੋਵੇਂ ਸੰਸਥਾਵਾਂ ਕਿਸਾਨਾਂ ਨੂੰ ਇਕ-ਇਕ ਲੱਖ ਏਕੜ ਵਾਸਤੇ ਸਰਟੀਫਾਈਡ ਬੀਜ ਵੀ ਪ੍ਰਦਾਨ ਕਰਨਗੀਆਂ।
ਐਨ ਕੇ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਨਾ ਸਿਰਫ ਹੜ੍ਹ ਮਾਰੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ ਬਲਕਿ ਉਹਨਾਂ ਦੇ ਮੁੜ ਵਸੇਬੇ ਦਾ ਵੀ ਪ੍ਰਬੰਧ ਕੀਤਾ ਹੈ। ਉਹਨਾਂ ਕਿਹਾ ਕਿ ਲੋਕਾਂ ਵਾਸਤੇ ਰਾਸ਼ਨ, ਸੁੱਕਾ ਚਾਰਾ, ਮੱਕੀ ਦਾ ਆਚਾਰ ਤੇ ਸਰਟੀਫਾਈਡ ਬੀਜ ਵੀ ਪ੍ਰਦਾਨ ਕੀਤੇ ਗਏ ਹਨ ਅਤੇ ਅਗਲੇ ਹਫਤੇ ਤੋਂ ਇਹ ਲੋਕਾਂ ਨੂੰ ਮਿਲ ਜਾਣਗੇ। ਉਹਨਾਂ ਕਿਹਾ ਕਿ ਇਸ ਕਾਰਨ ਹੀ ਆਪ ਸਰਕਾਰ ਤੇ ਗਿਆਨੀ ਹਰਪ੍ਰੀਤ ਘਬਰਾ ਗਏ ਹਨ ਤੇ ਇਸੇ ਲਈ ਉਹ ਸਰਦਾਰ ਬਾਦਲ ਦੀ ਬਦਨਾਮੀ ਕਰਨ ’ਤੇ ਲੱਗੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲੋਕ ਅਸਲੀਅਤ ਜਾਣਦੇ ਹਨ ਤੇ ਇਹ ਬਦਨਾਮੀ ਵਾਲੀ ਮੁਹਿੰਮ ਮੂਧ ਮੂੰਹ ਡਿੱਗੇਗੀ।
- PTC NEWS