AAP ਸਰਕਾਰ ਦੀ ਜ਼ਮੀਨ ਹੜੱਪ ਕਰਨ ਦੀ ਸਕੀਮ ਵਿਰੁੱਧ ਸ਼੍ਰੋਮਣੀ ਅਕਾਲੀ ਦਲ 1 ਸਤੰਬਰ ਤੋਂ ਲਾਵੇਗਾ ਪੱਕਾ ਮੋਰਚਾ
Land Pooling Policy : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਗੈਰ ਪੰਜਾਬੀ ਅਸਮਾਨੋਂ ਟੱਪਕੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਧੱਕੇ ਨਾਲ ਜ਼ਮੀਨ ਹੜੱਪ ਕਰਨ ਦੀ ਸਕੀਮ ਵਿਰੁੱਧ 1 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕਰੇਗਾ। ਪਾਰਟੀ 21 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰ ਕੇ ਅਕਾਲ ਪੁਰਖ਼ ਦਾ ਆਸ਼ੀਰਵਾਦ ਲੈ ਕੇ ਮੋਰਚੇ ਦੀ ਆਰੰਭਤਾ ਕਰੇਗੀ।
ਪਾਰਟੀ ਦੀ ਕੋਰ ਕਮੇਟੀ, ਵਰਕਿੰਗ ਕਮੇਟੀ, ਹਲਕਾ ਇੰਚਾਰਜਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਪਾਰਟੀ ਮੁੱਖ ਦਫਤਰ ਵਿਚ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਹ ਮੋਰਚਾ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ ਤੇ ਪੰਜਾਬੀ ਸਮਾਜ ਦੇ ਹੋਰ ਵਰਗਾਂ ਜਿਹਨਾਂ ਨੂੰ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੇਸ਼ ਦੇ ਹੋਰ ਭਾਗਾਂ ਵਿਚ ਆਪ ਦੇ ਪ੍ਰਚਾਰ ਵਾਸਤੇ ਦਿੱਲੀ ਦੇ ਬਿਲਡਰਾਂ ਤੋਂ 30 ਹਜ਼ਾਰ ਕਰੋੜ ਰੁਪਏ ਵਿਚ ਕੀਤੇ ਸੌਦੇ ਦੀ ਮਾਰ ਪਈ ਹੈ, ਦੇ ਹਿੱਤਾਂ ਦੀ ਰਾਖੀ ਵਾਸਤੇ ਹੋਵੇਗਾ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ 1 ਸਤੰਬਰ ਨੂੰ ਮੋਰਚੇ ਦੇ ਪਹਿਲੇ ਜੱਥੇ ਦੀ ਅਗਵਾਈ ਕਰਨਗੇ ਜੋ ਨੇੜਲੇ ਪੰਚਾਇਤ ਭਵਨ ਜਿਸਨੂੰ ਅਰਵਿੰਦ ਕੇਜਰੀਵਾਲ ਨੇ ਨਵਾਂ ਸ਼ੀਸ਼ ਮਹਿਲ ਬਣਾ ਲਿਆ ਹੈ, ਤੱਕ ਜਾਵੇਗਾ। ਪੰਜਾਬ ਦੇ ਹਰ ਹਲਕੇ ਤੋਂ ਪਾਰਟੀ ਵਰਕਰ ਇਸ ਨਿਰੰਤਰ ਚੱਲਣ ਵਾਲੇ ਧਰਨੇ ਵਿਚ ਸ਼ਾਮਲ ਹੋਣਗੇ ਅਤੇ ਰੋਜ਼ਾਨਾ 5-5 ਸੌ ਲੋਕਾਂ ਦੇ ਜੱਥੇ ਇਸ ਵਿਚ ਉਦੋਂ ਤੱਕ ਸ਼ਾਮਲ ਹੋਣਗੇ ਜਦੋਂ ਤੱਕ ਆਪ ਸਰਕਾਰ ਲੈਂਡ ਪੂਲਿੰਗ ਸਕੀਮ ਰੱਦ ਨਹੀਂ ਕਰਦੀ। ਇਸ ਉਦੇਸ਼ ਵਾਸਤੇ ਡਾ. ਦਲਜੀਤ ਸਿੰਘ ਚੀਮਾ, ਐਨ ਕੇ ਸ਼ਰਮਾ ਤੇ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਦੀ ਸ਼ਮੂਲੀਅਤ ਵਾਲੀ ਤਿੰਨ ਮੈਂਬਰੀ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਆਪ ਸਰਕਾਰ ਆਪਣੇ ਮਾੜੇ ਮਨਸੂਬੇ ਵਿਚ ਡਟੀ ਰਹਿੰਦੀ ਹੈ ਤਾਂ ਅਕਾਲੀ ਦਲ ਵਿਚ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹ ਲੈਂਡ ਪੂਲਿੰਗ ਸਕੀਮ ਰੱਦ ਕਰਨ ਦੇ ਫੈਸਲੇ ਵਾਸਤੇ ਸਰਬਸੰਮਤੀ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ 2016 ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ ਐਸ ਵਾਈ ਐਲ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਸੀ, ਉਸੇ ਤਰੀਕੇ ਅਸੀਂ ਵਿਸ਼ੇਸ਼ ਕਾਨੂੰਨ ਬਣਾ ਕੇ ਐਕਵਾਇਰ ਕੀਤੀ ਸਾਰੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਾਂਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਸੇ ਨਾ ਕਿਸੇ ਕਾਰਨ ਪਾਰਟੀ ਛੱਡ ਕੇ ਗਏ ਅਕਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਪਾਰਟੀ ਵਿਚ ਵਾਪਸ ਆ ਜਾਣ ਕਿਉਂਕਿ ਬੀਤੇ ਕੱਲ੍ਹ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਸਾਰੇ ਅਕਾਲੀ ਦਲ ਤੇ ਕੌਮ ਨੂੰ ਇਕਜੁੱਟਤਾ ਦਾ ਸੱਦਾ ਦਿੱਤਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ ਤੇ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਉਂਦਾ ਹਾਂ। ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਕਰੇ। ਉਹਨਾਂ ਕਿਹਾ ਕਿ ਜਿਹੜੇ ਵੀ ਅਕਾਲੀ ਆਗੂ ਪਾਰਟ. ਛੱਡ ਕੇ ਗਏ ਹਨ, ਉਹ ਹੱਥ ਜੋੜ ਕੇ ਉਹਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੰਥ ਤੇ ਪੰਜਾਬ ਦੀ ਮਜ਼ਬੂਤੀ ਵਾਸਤੇ ਮਾਂ ਪਾਰਟੀ ਵਿਚ ਵਾਪਸੀ ਕਰਨ। ਉਹਨਾਂ ਕਿਹਾ ਕਿ ਜੇਕਰ ਉਹਨਾਂ ਤੋਂ ਕਿਸੇ ਕਿਸਮ ਦੀ ਕੋਈ ਗੁਸਤਾਖੀ ਹੋਈ ਹੈ ਤਾਂ ਉਹ ਉਸਦੀ ਵੀ ਮੁਆਫੀ ਮੰਗਦੇ ਹਨ ਅਤੇ ਅਪੀਲ ਕਰਦੇ ਹਨ ਕਿ ਉਹ ਇਸ ਅਹਿਮ ਮੌਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਵਾਪਸੀ ਕਰਨ।
ਇਸ ਦੌਰਾਨ ਬਾਦਲ ਨੇ ਮਾਝਾ ਇਲਾਕੇ ਵਿਚ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਨਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਵਧੀਕੀ ਦੀ ਵੀ ਨਿਖੇਧੀ ਕੀਤੀ ਅਤੇ ਦੱਸਿਆ ਕਿ ਉਹਨਾਂ ਨੂੰ ਥਾਣਿਆਂ ਵਿਚ ਸੱਦ ਕੇ ਮਜੀਠੀਆ ਖਿਲਾਫ ਬਿਆਨ ਦੇਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਜੀਠੀਆ ਨੂੰ ਵੱਖ-ਵੱਖ ਵਿਸ਼ੇਸ਼ ਜਾਂਚ ਟੀਮਾਂ (ਐਸ ਆਈ ਟੀਜ਼) ਦੀ ਜਾਂਚ ਜਿਸ ਵਿਚ ਉਹਨਾਂ ਖਿਲਾਫ ਕੁਝ ਵੀ ਗਲਤ ਸਾਬਤ ਨਹੀਂ ਹੋਇਆ, ਦੇ ਬਾਵਜੂਦ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੀਨੀਅਰ ਪੁਲਿਸ ਅਫਸਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਦੀ ਰਾਖੀ ਕਰਨ ਨਾ ਕਿ ਕਾਨੂੰਨ ਤੋੜਨ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੇ ਗੈਰ ਕਾਨੂੰਨੀ ਕੰਮ ਕੀਤੇ ਤਾਂ ਉਹਨਾਂ ਖਿਲਾਫ ਵੀ ਕਾਰਵਾਈ ਹੋਵੇਗੀ। ਉਹਨਾਂ ਦੱਸਿਆ ਕਿ ਅਕਾਲੀ ਦਲ ਜਲਦੀ ਹੀ ਸੂਬੇ ਦੇ ਰਾਜਪਾਲ ਕੋਲ ਪਹੁੰਚ ਕਰੇਗਾ ਤੇ ਉਹਨਾਂ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇਵੇਗਾ।
- PTC NEWS