Shyam Rangeela: PM ਮੋਦੀ ਦੀ ਨਕਲ ਕਰਨਾ ਸਿਆਮ ਰੰਗੀਲਾ ਨੂੰ ਪਿਆ ਭਾਰੀ, ਜੰਗਲਾਤ ਵਿਭਾਗ ਨੇ ਭੇਜਿਆ ਨੋਟਿਸ
Shyam Rangeela: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਮਿਕਰੀ ਕਰਕੇ ਮਸ਼ਹੂਰ ਹੋਏ ਕਾਮੇਡੀਅਨ ਸ਼ਿਆਮ ਰੰਗੀਲਾ ਨੂੰ ਪੀਐੱਮ ਦੀ ਨਕਲ ਕਰਨੀ ਭਾਰੀ ਪੈ ਗਈ ਹੈ। ਇਹ ਹਰ ਕੋਈ ਜਾਣਦਾ ਹੈ ਕਿ ਸ਼ਿਆਮ ਪ੍ਰਧਾਨ ਮੰਤਰੀ ਦੀ ਬਿਲਕੁਲ ਨਕਲ ਕਰ ਲੈਂਦਾ ਹੈ, ਉਨ੍ਹਾਂ ਦੀ ਆਵਾਜ਼ ਕੱਢ ਲੈਂਦਾ ਹੈ ਪਰ ਇਸ ਵਾਰ ਅਜਿਹਾ ਕਰਨ ਨਾਲ ਉਸ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਸ਼ਿਆਮ ਰੰਗੀਲਾ ਨੇ ਹਾਲ ਹੀ 'ਚ ਜੈਪੁਰ ਦੇ ਝਲਾਨਾ ਜੰਗਲ 'ਚ ਜਾ ਕੇ ਇਕ ਨੀਲਗਾਈ ਨੂੰ ਖਾਣਾ ਖੁਆਇਆ ਅਤੇ ਵੀਡੀਓ ਬਣਾਈ।
ਜੰਗਲਾਤ ਵਿਭਾਗ ਨੇ ਸ਼ਿਆਮ ਰੰਗੀਲਾ ਨੂੰ ਭੇਜਿਆ ਨੋਟਿਸ
ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜਸਥਾਨ ਦੇ ਜੰਗਲਾਤ ਵਿਭਾਗ ਨੇ ਰੰਗੀਲਾ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਸ਼ਿਆਮ 'ਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ 'ਤੇ ਕਾਰਵਾਈ ਹੋ ਸਕਦੀ ਹੈ। ਇਹ ਨੋਟਿਸ ਖੇਤਰੀ ਜੰਗਲਾਤ ਅਧਿਕਾਰੀ ਵੱਲੋਂ ਸ਼ਿਆਮ ਰੰਗੀਲਾ ਨੂੰ ਭੇਜਿਆ ਗਿਆ ਹੈ।
ਸ਼ਿਆਮ ਨੇ ਪੀ.ਐਮ ਮੋਦੀ ਦੀ ਅਪਣਾਈ ਲੁੱਕ
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਟਾਈਗਰ ਪ੍ਰੋਜੈਕਟ ਦੇ 50 ਸਾਲ ਪੂਰੇ ਹੋਣ 'ਤੇ ਪੀਐੱਮ ਮੋਦੀ ਕਰਨਾਟਕ ਦੇ ਮੁਦੁਮਲਾਈ ਅਤੇ ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ ਸਨ। ਜਿੱਥੇ ਮੋਦੀ ਟੋਪੀ, ਚਸ਼ਮਾ ਪਾ ਕੇ ਨਜ਼ਰ ਆਏ ਸਨ। ਉਨ੍ਹਾਂ ਦੀ ਲੁੱਕ ਕਾਫੀ ਵਾਇਰਲ ਹੋ ਗਈ ਸੀ। ਉਨ੍ਹਾਂ ਦੇ ਹੱਥਾਂ ਵਿੱਚ ਦੂਰਬੀਨ ਵੀ ਸੀ। ਸ਼ਿਆਮ ਰੰਗੀਲਾ ਨੇ ਪੀਐਮ ਮੋਦੀ ਦੇ ਇਸ ਦੌਰੇ ਦੀ ਤਰਜ਼ 'ਤੇ ਝਲਾਣਾ ਜੰਗਲ ਦੀ ਯਾਤਰਾ ਕੀਤੀ ਸੀ।
ਸ਼ਿਆਮ ਨੇ ਇਹ ਵੀਡੀਓ ਆਪਣੇ ਯੂਟਿਊਬ ਚੈਨਲ 'ਤੇ ਕੀਤਾ ਸੀ ਅਪਲੋਡ
ਪੀਐਮ ਮੋਦੀ ਦੀ ਤਰ੍ਹਾਂ ਸ਼ਿਆਮ ਰੰਗੀਲਾ ਵੀ ਹੱਥਾਂ 'ਚ ਦੂਰਬੀਨ ਲੈ ਕੇ ਚਸ਼ਮਾ ਅਤੇ ਟੋਪੀ ਪਹਿਨੇ ਨਜ਼ਰ ਆਏ। ਸ਼ਿਆਮ ਰੰਗੀਲਾ ਨੇ ਨੀਲਗਾਈ ਨੂੰ ਖਾਣਾ ਖੁਆਇਆ, ਜਿਸ ਦਾ ਵੀਡੀਓ ਵਾਇਰਲ ਹੋ ਗਿਆ। 13 ਅਪ੍ਰੈਲ ਨੂੰ ਝਲਾਨਾ ਲੇਪਰਡ ਰਿਜ਼ਰਵ ਦਾ ਇਹ ਵੀਡੀਓ ਸ਼ਿਆਮ ਨੇ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਸੀ।
ਜੰਗਲੀ ਜਾਨਵਰਾਂ ਨੂੰ ਖਾਣਾ ਖੁਆਉਣ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਹਨ। ਇੰਨਾ ਹੀ ਨਹੀਂ ਉਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਇਸ ਨੂੰ ਲੈ ਕੇ ਝਲਾਣਾ ਜੰਗਲ 'ਚ ਚੇਤਾਵਨੀ ਸੂਚਨਾ ਬੋਰਡ ਵੀ ਲਗਾਏ ਗਏ ਹਨ ਪਰ ਸ਼ਿਆਮ ਰੰਗੀਲਾ ਨੇ ਇਸ ਨੂੰ ਨਜ਼ਰਅੰਦਾਜ਼ ਕਰਕੇ ਅਜਿਹੀ ਹਰਕਤ ਕੀਤੀ।
- PTC NEWS