Wed, Nov 4, 2026
Whatsapp

ਯੂਕੇ ’ਚ ਰਾਇਲ ਏਅਰ ਫੋਰਸ ਅੰਦਰ ਪਾਇਲਟ ਬਨਣ ਵਾਲੇ ਸਿੱਖ ਜਵਾਨ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਮੁਲਾਕਾਤ ਦੌਰਾਨ ਜਥੇਦਾਰ ਗੜਗੱਜ ਨੇ ਅਰਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਅਗਾਂਹ ਵੀ ਚੜ੍ਹਦੀ ਕਲਾ ਨਾਲ ਸੇਵਾਵਾਂ ਕਰਨ ਤੇ ਸਿੱਖੀ ਪਛਾਣ ਨੂੰ ਹੋਰ ਵੀ ਵੱਡੇ ਪੱਧਰ ਉੱਤੇ ਉਭਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

Reported by:  PTC News Desk  Edited by:  Amritpal Singh -- November 04th 2026 07:29 PM
ਯੂਕੇ ’ਚ ਰਾਇਲ ਏਅਰ ਫੋਰਸ ਅੰਦਰ ਪਾਇਲਟ ਬਨਣ ਵਾਲੇ ਸਿੱਖ ਜਵਾਨ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਯੂਕੇ ’ਚ ਰਾਇਲ ਏਅਰ ਫੋਰਸ ਅੰਦਰ ਪਾਇਲਟ ਬਨਣ ਵਾਲੇ ਸਿੱਖ ਜਵਾਨ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਲੰਡਨ- ਯੂਕੇ ਦੀ ਰਾਇਲ ਏਅਰ ਫੋਰਸ ਅੰਦਰ ਬੀਤੇ ਦਿਨੀਂ ਫਲਾਈਟ ਲੈਫਟੀਨੈਂਟ ਵਜੋਂ ਉੱਚ ਅਹੁਦਾ ਹਾਸਲ ਕਰਨ ਵਾਲੇ ਅਰਸ਼ਦੀਪ ਸਿੰਘ ਆਪਣੇ ਮਾਪਿਆਂ ਸਮੇਤ ਲੰਡਨ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਦੇ ਨਾਲ ਯੂਕੇ ਅਧਾਰਤ ਸਿੱਖ ਡਿਫੈਂਸ ਨੈਟਵਰਕ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਵੀ ਹਾਜ਼ਰ ਰਹੇ। 

ਮੁਲਾਕਾਤ ਦੌਰਾਨ ਜਥੇਦਾਰ ਗੜਗੱਜ ਨੇ  ਅਰਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਅਗਾਂਹ ਵੀ ਚੜ੍ਹਦੀ ਕਲਾ ਨਾਲ ਸੇਵਾਵਾਂ ਕਰਨ ਤੇ ਸਿੱਖੀ ਪਛਾਣ ਨੂੰ ਹੋਰ ਵੀ ਵੱਡੇ ਪੱਧਰ ਉੱਤੇ ਉਭਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜਥੇਦਾਰ ਗੜਗੱਜ ਨੇ  ਪ੍ਰਿਤਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨਾਲ ਯੂਕੇ ਦੀਆਂ ਫੌਜੀ ਸੇਵਾਵਾਂ ਅੰਦਰ ਸਿੱਖਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਵਿਚਾਰ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਡਿਫੈਂਸ ਨੈਟਵਰਕ ਨੂੰ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਯੂਕੇ 'ਚ ਵੱਸਣ ਵਾਲੇ ਸਿੱਖ ਸਾਡੇ ਬਜ਼ੁਰਗਾਂ ਵੱਲੋਂ ਪਾਏ ਪੂਰਨਿਆਂ ਉੱਤੇ ਚੱਲਦਿਆਂ ਫੌਜੀ ਸੇਵਾਵਾਂ ਵਿੱਚ ਜ਼ਰੂਰੀ ਸ਼ਾਮਲ ਹੋਣ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਸ਼ਦੀਪ ਸਿੰਘ ਨੂੰ ਆਪਣੀ ਸਾਬਤ ਸੂਰਤ ਸਿੱਖ ਪਛਾਣ ਕਾਇਮ ਕਰਨ ਲਈ ਪ੍ਰੇਰਿਤ ਕੀਤਾ। ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਸਿੱਖੀ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਨੂੰ ਹੋਰ ਵੀ ਡੂੰਘਾਈ ਨਾਲ ਸਮਝਣ ਅਤੇ ਅਪਣਾਉਣ ਦੀ ਇੱਛਾ ਰੱਖਦੇ ਹਨ ਪਰੰਤੂ ਫਾਈਟਨ ਲੈਫਟੀਨੈਂਟ ਵਜੋਂ ਸੇਵਾਵਾਂ ਕਰਨ ਲਈ ਸਿੱਖਾਂ ਨੂੰ ਵੀ ਜੈੱਟ ਉਡਾਉਣ ਦੇ ਓਪਰੇਸ਼ਨ ਸਮੇਂ ਦਾੜ੍ਹੀ ਦੇ ਕੇਸ ਕਤਲ ਕਰਨੇ ਪੈਂਦੇ ਹਨ ਜੋ ਕਿ ਰਾਇਲ ਏਅਰ ਫੋਰਸ ਦੀਆਂ ਤਕਨੀਕੀ ਸ਼ਰਤਾਂ ਦਾ ਹਿੱਸਾ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰਿਤਪਾਲ ਸਿੰਘ ਨੂੰ ਇਸ ਮਾਮਲੇ ਸਬੰਧੀ ਯੂਕੇ ਫੌਜ ਅਤੇ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਿੱਖੀ ਅੰਦਰ ਕੇਸਾਂ ਦੀ ਮਹੱਤਤਾ ਅਤੇ ਸਿੱਖ ਪਛਾਣ ਬਾਰੇ ਵਧੇਰੀ ਜਾਗਰੂਕਤਾ ਅਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਆਖਿਆ।  ਪ੍ਰਿਤਪਾਲ ਸਿੰਘ ਨੇ ਆਖਿਆ ਕਿ ਸਿੱਖ ਡਿਫੈਂਸ ਨੈਟਵਰਕ ਵੱਲੋਂ ਲਗਾਤਾਰ ਯੂਕੇ ਸਰਕਾਰ ਨਾਲ ਤਾਲਮੇਲ ਕਰਕੇ ਸਿੱਖ ਹਿਤਾਂ ਲਈ ਕਾਰਜ ਕੀਤੇ ਜਾਂਦੇ ਹਨ ਅਤੇ ਫਲਾਈਟ ਓਪਰੇਸ਼ਨ ਸੇਵਾਵਾਂ ਦੌਰਾਨ ਮਾਸਕ ਪਾਉਣ ਲਈ ਜੋ ਦਾੜ੍ਹੀ ਦੇ ਕੇਸ ਕਤਲ ਕਰਨ ਦੀ ਸ਼ਰਤ ਹੈ ਉਸ ਨੂੰ ਹੱਲ ਕਰਨ ਲਈ ਵੀ ਕਾਰਜ ਕੀਤਾ ਜਾਵੇਗਾ। 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤੀ ਏਅਰ ਫੋਰਸ ਦੇ ਮਾਰਸ਼ਲ ਤੇ ਤੀਜੇ ਮੁਖੀ ਅਰਜਨ ਸਿੰਘ ਦੀ ਉਦਾਹਰਨ ਦਿੰਦਿਆਂ ਅਰਸ਼ਦੀਪ ਸਿੰਘ ਨੂੰ ਪ੍ਰੇਰਣਾ ਕੀਤੀ ਕਿ ਉਨ੍ਹਾਂ ਨੇ ਵੀ ਸਾਬਤ ਸੂਰਤ ਕੇਸ ਰੱਖਦਿਆਂ ਸੈਂਕੜੇ ਫਲਾਈਟ ਓਪਰੇਸ਼ਨਾਂ ਨੂੰ ਸਫਲਤਾਪੂਰਵਕ ਮੁਕੰਮਲ ਕੀਤਾ ਅਤੇ ਦਾੜ੍ਹੀ ਦੇ ਕੇਸ ਕਿਸੇ ਤਰ੍ਹਾਂ ਵੀ ਫਲਾਈਟ ਓਪਰੇਸ਼ਨ ਵਿੱਚ ਵਿਘਨ ਨਹੀਂ ਬਣਦੇ। ਉਨ੍ਹਾਂ ਯੂਕੇ ਦੇ ਸਿੱਖ ਡਿਫੈਂਸ ਨੈਟਵਰਕ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੱਲ ਕਰਨ ਲਈ ਆਖਿਆ। ਉਨ੍ਹਾਂ ਕਿਹਾ ਸਿੱਖਾਂ ਨੇ ਸਾਬਤ ਸੂਰਤ ਪਛਾਣ ਨੂੰ ਕਾਇਮ ਰੱਖਦਿਆਂ ਵਿਸ਼ਵ ਯੁੱਧਾਂ ਅਤੇ ਹੋਰ ਵੀ ਕਈ ਜੰਗਾਂ ਅੰਦਰ ਸਫਲ ਸੇਵਾਵਾਂ ਨਿਭਾਈਆਂ ਹਨ ਅਤੇ ਏਅਰ ਫੋਰਸ ਦੀਆਂ ਓਪਰੇਸ਼ਨ ਸੇਵਾਵਾਂ ਲਈ ਕੇਸ ਕਤਲ ਕਰਨ ਦੀ ਸ਼ਰਤ ਗ਼ੈਰ-ਵਾਜਬ ਹੈ। ਉਨ੍ਹਾਂ ਕਿਹਾ ਕਿ ਕੇਸ ਕਤਲ ਕਰਨ ਜਿਹੀਆਂ ਸ਼ਰਤਾਂ ਹੋਣਹਾਰ ਸਿੱਖ ਨੌਜਵਾਨਾਂ ਨੂੰ ਫੌਜੀ ਸੇਵਾਵਾਂ ਤੋਂ ਦੂਰ ਕਰ ਸਕਦੀਆਂ ਹਨ, ਇਸ ਲਈ ਸਰਕਾਰਾਂ ਨੂੰ ਸਿੱਖਾਂ ਨਾਲ ਵਿਚਾਰ ਚਰਚਾ ਕਰਕੇ ਧਾਰਮਿਕ ਕਦਰਾਂ ਕੀਮਤਾਂ ਦੀ ਰਾਖੀ ਕਰਦਿਆਂ ਸਾਰਥਕ ਤੇ ਸੰਜੀਦਾ ਪਹੁੰਚ ਅਪਣਾ ਕੇ ਇਸ ਸ਼ਰਤ ਨੂੰ ਹਟਾਉਣਾ ਚਾਹੀਦਾ ਹੈ।

ਅਰਸ਼ਦੀਪ ਸਿੰਘ ਅਤੇ ਪ੍ਰਿਤਪਾਲ ਸਿੰਘ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬ੍ਰਿਟਿਸ਼ ਫੌਜ ਅੰਦਰ ਸਿੱਖਾਂ ਤੇ ਹੋਰ ਭਾਰਤੀ ਅਫਸਰਾਂ ਨਾਲ ਸਬੰਧਤ ਦੋ ਯਾਦਗਾਰੀ ਤਸਵੀਰਾਂ ਭੇਟ ਕੀਤੀਆਂ ਗਈਆਂ।

ਸਿੱਖ ਡਿਫੈਂਸ ਨੈਟਵਰਕ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਯੂਕੇ ਵਿੱਚ ਯਾਦਗਾਰੀ ਦਿਵਸ (Remembrance Day - 8 ਨਵੰਬਰ) ਜਿਸ ਤਹਿਤ ਹਰ ਸਾਲ ਪਿਛਲੇ ਯੁੱਧਾਂ ਵਿੱਚ ਬਹਾਦਰੀ ਨਾਲ ਲੜਨ ਵਾਲੇ ਲੋਕਾਂ ਦੇ ਯਤਨਾਂ, ਪ੍ਰਾਪਤੀਆਂ ਅਤੇ ਸ਼ਹੀਦੀਆਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਦੇ ਚੱਲਦੇ ਦਿਹਾੜਿਆਂ ਦੇ ਮੱਦੇਨਜ਼ਰ ਵਿਸ਼ੇਸ਼ ਰੂਪ ਵਿੱਚ ਤਿਆਰ ਕਰਵਾਇਆ ਗਿਆ ਚਿੰਨ੍ਹ (ਖੰਡੇ ਉੱਤੇ ਖਸਖਸ ਦਾ ਫੁੱਲ) ਦਿੱਤਾ ਗਿਆ। ਲਾਲ ਰੰਗ ਦਾ ਖਸਖਸ ਦਾ ਫੁੱਲ ਉਨ੍ਹਾਂ ਲੋਕਾਂ ਨੂੰ ਯਾਦ ਕਰਨ ਲਈ ਯੂਕੇ ਅੰਦਰ ਚਿੰਨ੍ਹ ਵਜੋਂ ਵਰਤਿਆ ਜਾਂਦਾ ਹੈ ਜਿਨ੍ਹਾਂ ਨੇ ਯੁੱਧਾਂ ਅੰਦਰ ਸ਼ਹੀਦੀਆਂ ਦਿੱਤੀਆਂ ਜਾਂ ਪ੍ਰਾਪਤੀਆਂ ਕੀਤੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਫੌਜੀ ਵੀ ਸ਼ਾਮਲ ਹਨ। ਨੈਟਵਰਕ ਵੱਲੋਂ ਜਥੇਦਾਰ ਗੜਗੱਜ ਨੂੰ ਸਿੱਖ ਫੌਜੀਆਂ ਲਈ ਤਿਆਰ ਕੀਤਾ ਗਿਆ ਵਿਸ਼ੇਸ਼ ਗੁਟਕਾ ਸਾਹਿਬ ਵੀ ਭੇਟ ਕੀਤਾ ਗਿਆ।

ਉਪਰੰਤ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਸਿਰੋਪਾਓ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਦਿੱਤਾ।


ਯੂਨਾਈਟਿਡ ਕਿੰਗਡਮ (ਯੂਕੇ) ਵਿੱਚ ਮਨਾਇਆ ਜਾਂਦਾ ਯਾਦਗਾਰੀ ਦਿਵਸ (Remembrance Day) ਪਿਛਲੇ ਯੁੱਧਾਂ ਵਿੱਚ ਬਹਾਦਰੀ ਨਾਲ ਲੜਨ ਵਾਲੇ ਲੋਕਾਂ ਦੇ ਯਤਨਾਂ, ਪ੍ਰਾਪਤੀਆਂ ਅਤੇ ਕੁਰਬਾਨੀਆਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਸਮਾਗਮ ਨਵੰਬਰ ਮਹੀਨੇ ਦੇ ਦੂਜੇ ਐਤਵਾਰ ਨੂੰ ਹੁੰਦਾ ਹੈ, ਜਦਕਿ 11 ਨਵੰਬਰ ਨੂੰ ਵੀ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਅਤੇ ਜੰਗਾਂ ਵਿੱਚ ਕੁਰਬਾਨੀਆਂ ਦੇਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।

ਇੱਕ ਹੋਰ ਸਿੱਖ ਅਫਸਰ ਦਾ ਸਨਮਾਨ

ਲੰਡਨ ਵਿਖੇ ਹੀ ਰਾਇਲ ਏਅਰ ਫੋਰਸ ਅੰਦਰ ਫਲਾਈਟ ਲੈਫਟੀਨੈਂਟ ਵਜੋਂ ਇੰਜੀਨੀਅਰਿੰਗ ਵਿੰਗ ਵਿੱਚ ਸੇਵਾਵਾਂ ਨਿਭਾਅ ਰਹੇ ਸਾਬਤ ਸੂਰਤ ਸਿੱਖ ਅਫਸਰ ਜਸਪਾਲ ਸਿੰਘ ਸਿੱਧੂ ਨੇ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁਲਾਕਾਤ ਕੀਤੀ ਅਤੇ ਦੋਵਾਂ ਨੇ ਫੌਜ ਅੰਦਰ ਸਿੱਖਾਂ ਦੀ ਸ਼ਮੂਲੀਅਤ ਅਤੇ ਸਿੱਖੀ ਪ੍ਰਚਾਰ ਨਾਲ ਸਬੰਧਤ ਕਈ ਅਹਿਮ ਪੱਖਾਂ ਉੱਤੇ ਵਿਚਾਰ ਚਰਚਾ ਕੀਤੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫਲਾਈਟ ਲੈਫਟੀਨੈਂਟ ਸ. ਜਸਪਾਲ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰਾਇਲ ਏਅਰ ਫੋਰਸ ਦੇ ਦੋਵੇਂ ਸਿੱਖ ਨੌਜਵਾਨ ਜਸਪਾਲ ਸਿੰਘ ਸਿੱਧੂ ਅਤੇ ਅਰਸ਼ਦੀਪ ਸਿੰਘ ਵਿਸ਼ਵ ਪੱਧਰ ਉੱਤੇ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ ਅਤੇ ਨੌਜਵਾਨਾਂ ਨੂੰ ਇਨ੍ਹਾਂ ਵਾਂਗ ਹੀ ਉੱਚ ਸਿੱਖਿਆ ਹਾਸਲ ਕਰਕੇ ਵੱਖ-ਵੱਖ ਖੇਤਰਾਂ ਵਿੱਚ ਉੱਚ ਅਹੁਦਿਆਂ ਉੱਤੇ ਪਹੁੰਚਣ ਲਈ ਮਿਹਨਤ ਕਰਨੀ ਚਾਹੀਦੀ ਹੈ ਜਿਸ ਨਾਲ ਸਮੁੱਚੇ ਗੁਰੂ ਖ਼ਾਲਸਾ ਪੰਥ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। 


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK