Batala Firing : ਬਟਾਲਾ 'ਚ ਧਾਰਮਿਕ ਮੇਲੇ ਦੌਰਾਨ ਚੱਲੀਆਂ ਗੋਲੀਆਂ, ਮਚੀ ਹਫੜਾ-ਦਫੜੀ, ਪਿੰਡ ਦੇ ਸਰਪੰਚ ਸਮੇਤ 6 ਜ਼ਖ਼ਮੀ
Batala Firing News : ਬਟਾਲਾ 'ਚ ਦੇਰ ਰਾਤ ਇੱਕ ਧਾਰਮਿਕ ਮੇਲੇ ਦੌਰਾਨ ਪਿੰਡ ਬੋਦੇ ਦੇ ਸਰਪੰਚ 'ਤੇ ਹਮਲਾ ਹੋਣ ਦੀ ਖ਼ਬਰ ਹੈ। ਹਮਲੇ ਵਿੱਚ ਸਰਪੰਚ ਸਮੇਤ 6 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਹਮਲਾਵਰ ਵੀ ਜਖ਼ਮੀ ਹੋ ਗਿਆ। ਜ਼ਖਮੀਆਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ, ਗਿਆ ਜਿਥੋਂ ਜ਼ਖਮੀਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਮੇਲੇ ਦੌਰਾਨ ਸਰਪੰਚ 'ਤੇ ਚੱਲੀਆਂ ਅਚਾਨਕ ਗੋਲੀਆਂ
ਘਟਨਾ ਬੀਤੀ ਦੇਰ ਰਾਤ ਦੀ ਬਟਾਲਾ ਨੇੜਲਾ ਪਿੰਡ ਬੋਦੇ ਦੀ ਖੂਹੀ ਦੀ ਹੈ, ਜਿੱਥੇ ਦਰਗਾਹ 'ਤੇ ਧਾਰਮਿਕ ਮੇਲਾ ਚੱਲ ਰਿਹਾ ਸੀ। ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਦੇਵ ਸਿੰਘ ਸਾਬਾ ਨੂੰ ਪਿੰਡ ਵਾਲਿਆਂ ਨੇ ਦੱਸਿਆ ਕਿ ਮੇਲੇ ਦੇ ਅਖੀਰ 'ਚ ਸੜਕ ਕਿਨਾਰੇ ਦੋ ਅਣਪਛਾਤੇ ਵਿਅਕਤੀ ਖੜੇ ਹਨ, ਜਿਹਨਾਂ ਨੇ ਆਪਣੇ ਚੇਹਰੇ ਢੱਕ ਰੱਖੇ ਹਨ ਉਕਤ ਵਿਅਕਤੀਆਂ ਦੀ ਜਾਣਕਾਰੀ ਹਾਸਿਲ ਕਰਨ ਲਈ ਸਰਪੰਚ ਸਟੇਜ ਤੋਂ ਥੱਲੇ ਆਉਂਦੇ ਹਨ ਉਦੋਂ ਹੀ ਉਕਤ ਹਮਲਾਵਰਾਂ ਵੱਲੋਂ ਸਰਪੰਚ 'ਤੇ ਗੋਲੀਆਂ ਚਲਾਉਂਦੇ ਹੋਏ ਹਮਲਾ ਬੋਲ ਦਿੱਤਾ।
ਨਤੀਜੇ ਵੱਜੋਂ ਸਰਪੰਚ ਅਤੇ ਇਸ ਤੋਂ ਇਲਾਵਾ ਚਾਰ ਲੋਕ ਜਖਮੀ ਹੋ ਗਏ। ਇਸੇ ਦੌਰਾਨ ਸਰਪੰਚ ਵੱਲੋਂ ਵੀ ਆਪਣੇ ਲਾਇਸੈਂਸੀ ਹਥਿਆਰ ਨਾਲ ਹਮਲਾਵਰਾਂ 'ਤੇ ਗੋਲੀਆਂ ਚਲਾਈਆਂ ਹਨ, ਜਿਸ ਵਿਚ ਇਕ ਹਮਲਾਵਰ ਜ਼ਖਮੀ ਹੋ ਗਿਆ, ਜਿਸਨੂੰ ਲੋਕਾਂ ਨੇ ਕਾਬੂ ਕਰ ਲਿਆ ਹਾਲਾਂਕਿ ਦੂਸਰਾ ਹਮਲਾਵਰ ਭੀੜ ਦਾ ਫਾਇਦਾ ਚੁੱਕਦਾ ਹੋਏ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਦਾ ਕੀ ਹੈ ਕਹਿਣਾ ?
ਮੌਕੇ ਤੇ ਪਹੁੰਚੇ ਐਸਐਚਓ ਸਿਵਲ ਲਾਈਨ ਨਿਰਮਲ ਸਿੰਘ ਨੇ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਇਥੇ ਮੇਲਾ ਕਰਵਾਇਆ ਜਾ ਰਿਹਾ ਸੀ, ਜਿਸ ਤਰ੍ਹਾਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਪਿੰਡ ਦੇ ਸਰਪੰਚ ਅਤੇ ਉਸ ਤੋਂ ਇਲਾਵਾ ਪੰਜ ਲੋਕ ਜਖਮੀ ਦੱਸੇ ਜਾ ਰਹੇ ਹਨ। ਅਸੀਂ ਇਥੋਂ ਉਹਨਾਂ ਦੇ ਬਿਆਨ ਲੈਣ ਲਈ ਜਾ ਰਹੇ, ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS