Terrorist Encounter : ਕਸ਼ਮੀਰ 'ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ , ਸੁਰੱਖਿਆ ਬਲਾਂ ਨੇ ਪਿਛਲੇ 48 ਘੰਟਿਆਂ 'ਚ 6 ਅੱਤਵਾਦੀ ਕੀਤੇ ਢੇਰ
Terrorist Encounter : ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਸ਼ੋਪੀਆਂ ਅਤੇ ਤ੍ਰਾਲ ਵਿੱਚ ਸੁਰੱਖਿਆ ਬਲਾਂ ਨੇ ਪਿਛਲੇ 48 ਘੰਟਿਆਂ ਵਿੱਚ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਸਾਰੇ ਅੱਤਵਾਦੀ ਉੱਚੇ ਇਲਾਕਿਆਂ ਵਿੱਚ ਲੁਕੇ ਹੋਏ ਸਨ। ਇਹ ਜਾਣਕਾਰੀ ਫੌਜ ਅਤੇ ਪੁਲਿਸ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਗਈ।
ਆਈਜੀਪੀ ਕਸ਼ਮੀਰ ਵੀਕੇ ਬਿਰਦੀ ਨੇ ਹਾਲ ਹੀ ਵਿੱਚ ਹੋਏ ਅੱਤਵਾਦ ਵਿਰੋਧੀ ਕਾਰਜਾਂ ਬਾਰੇ ਕਿਹਾ, "ਪਿਛਲੇ 48 ਘੰਟਿਆਂ ਵਿੱਚ ਅਸੀਂ ਦੋ ਬਹੁਤ ਸਫਲ ਆਪ੍ਰੇਸ਼ਨ ਕੀਤੇ ਹਨ। ਇਹ ਦੋ ਆਪ੍ਰੇਸ਼ਨ ਕੇਲਾਰ ਅਤੇ ਤ੍ਰਾਲ ਖੇਤਰਾਂ ਵਿੱਚ ਕੀਤੇ ਗਏ ਸਨ, ਜਿਸ ਦੇ ਨਤੀਜੇ ਵਜੋਂ ਕੁੱਲ 6 ਅੱਤਵਾਦੀ ਮਾਰੇ ਗਏ ਸਨ।
ਕੇਲਾਰ ਅਤੇ ਤ੍ਰਾਲ ਖੇਤਰਾਂ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਬਾਰੇ ਜੀਓਸੀ ਵੀ ਫੋਰਸ ਮੇਜਰ ਜਨਰਲ ਧਨੰਜੈ ਜੋਸ਼ੀ ਨੇ ਕਿਹਾ, "12 ਮਈ ਨੂੰ ਸਾਨੂੰ ਕੇਲਾਰ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਇੱਕ ਅੱਤਵਾਦੀ ਗਰੁੱਪ ਦੀ ਸੰਭਾਵਿਤ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ। 13 ਮਈ ਦੀ ਸਵੇਰ ਨੂੰ ਕੁਝ ਹਰਕਤ ਦੇਖਣ 'ਤੇ ਸਾਡੀਆਂ ਟੀਮਾਂ ਨੇ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ ,ਜਿਨ੍ਹਾਂ ਨੇ ਜਵਾਬੀ ਕਾਰਵਾਈ 'ਚ ਗੋਲੀਬਾਰੀ ਕੀਤੀ। ਸਾਡੀਆਂ ਟੀਮਾਂ ਨੇ ਉਨ੍ਹਾਂ ਨੂੰ ਢੇਰ ਕਰ ਦਿੱਤਾ।"
ਉਨ੍ਹਾਂ ਕਿਹਾ ਕਿ ਤ੍ਰਾਲ ਖੇਤਰ ਵਿੱਚ ਦੂਜਾ ਆਪ੍ਰੇਸ਼ਨ ਇੱਕ ਸਰਹੱਦੀ ਪਿੰਡ ਵਿੱਚ ਕੀਤਾ ਗਿਆ। ਜਦੋਂ ਅਸੀਂ ਇਸ ਪਿੰਡ ਦੀ ਘੇਰਾਬੰਦੀ ਕਰ ਰਹੇ ਸੀ ਤਾਂ ਅੱਤਵਾਦੀ ਵੱਖ-ਵੱਖ ਘਰਾਂ ਵਿੱਚ ਲੁਕ ਗਏ ਅਤੇ ਸਾਡੇ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਸਮੇਂ ਸਾਡੇ ਸਾਹਮਣੇ ਚੁਣੌਤੀ ਆਮ ਪਿੰਡ ਵਾਸੀਆਂ ਨੂੰ ਬਚਾਉਣ ਦੀ ਸੀ। ਇਸ ਤੋਂ ਬਾਅਦ ਤਿੰਨ ਅੱਤਵਾਦੀ ਮਾਰੇ ਗਏ। ਮਾਰੇ ਗਏ 6 ਅੱਤਵਾਦੀਆਂ ਵਿੱਚੋਂ ਇੱਕ ਸ਼ਾਹਿਦ ਕੁੱਟੇ, ਦੋ ਵੱਡੇ ਹਮਲਿਆਂ ਵਿੱਚ ਸ਼ਾਮਲ ਸੀ, ਜਿਸ ਵਿੱਚ ਇੱਕ ਜਰਮਨ ਸੈਲਾਨੀ 'ਤੇ ਹਮਲਾ ਵੀ ਸ਼ਾਮਲ ਸੀ। ਉਹ ਗਤੀਵਿਧੀਆਂ ਨੂੰ ਫੰਡ ਦੇਣ ਵਿੱਚ ਵੀ ਸ਼ਾਮਲ ਸੀ।"
- PTC NEWS