Sri Akal Takht Sahib: ਸ੍ਰੀ ਅਕਾਤ ਤਖ਼ਤ ਸਾਹਿਬ ’ਤੇ ਹੋਈ ਵਿਸ਼ੇਸ਼ ਇਕੱਤਰਤਾ ,SGPC ਵੱਲੋਂ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ
Sri Akal Takht Sahib: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਹੋਈ। ਜਿਸ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਮੌਜੂਦਾਂ ਹਲਾਤਾਂ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਐਸਜੀਪੀਸੀ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ।
SGPC ਨੇ ਸਰਕਾਰ ਨੂੰ ਦਿੱਤਾ 24 ਘੰਟਿਆਂ ਦਾ ਅਲਟੀਮੇਟਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਵੱਲੋਂ ਬੇਕਸੂਰ ਨੌਜਵਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਜੇਕਰ ਸਰਕਾਰ ਵੱਲੋਂ 24 ਘੰਟਿਆਂ ਦੇ ਅੰਦਰ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਵਹੀਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਰੀ ਜਥੇਬੰਦੀਆਂ ਵੱਲੋਂ ਕੱਢੀ ਜਾਵੇਗੀ ਅਤੇ ਲੋਕਾਂ ਤੱਕ ਪਹੁੰਚਿਆ ਜਾਵੇਗਾ।
ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼-SGPC ਪ੍ਰਧਾਨ
ਉਨ੍ਹਾਂ ਅੱਗੇ ਕਿਹਾ ਕਿ ਨੈਸ਼ਨਲ ਮੀਡੀਆ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਉਨ੍ਹਾਂ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਿਨ੍ਹਾਂ ਦੇ ਬੱਚੇ ਨਾਜਾਇਜ ਹਿਰਾਸਤ ‘ਚ ਲਿਆ ਗਿਆ ਜਾਂ ਫਿਰ ਨਾਜਾਇਜ ਪਰਚਾ ਕੀਤਾ ਗਿਆ ਹੈ ਉਨ੍ਹਾਂ ਦੀ ਪੈਰਵੀ ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਪਰ ਜੇਕਰ ਕਿਸੇ ਪਰਿਵਾਰ ਵੱਲੋਂ ਆਪਣਾ ਵਕੀਲ ਕਰ ਲਿਆ ਗਿਆ ਹੈ ਤਾਂ ਉਸ ਵਕੀਲ ਦੀ ਫੀਸ ਨੂੰ ਐਸਜੀਪੀਸੀ ਵੱਲੋਂ ਦਿੱਤੀ ਜਾਵੇਗੀ।
ਨੌਜਵਾਨਾਂ ’ਤੇ ਲੱਗਿਆ ਕੌਮੀ ਸੁਰੱਖਿਆ ਐਕਟ ਨੂੰ ਤੁਰੰਤ ਹਟਾਇਆ ਜਾਵੇ- SGPC ਪ੍ਰਧਾਨ
ਨਾਲ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਵੀ ਕਿਹਾ ਕਿ ਜਿਹੜੇ ਨੌਜਵਾਨਾਂ ’ਤੇ ਐਨਐਸਏ ਲਗਾ ਕੇ ਦੂਜੇ ਸੂਬੇ ਚ ਭੇਜੇ ਗਏ ਹਨ ਤਾਂ ਉਨ੍ਹਾਂ ਨੂੰ ਹਾਈਕੋਰਟ ’ਚ ਚੈਲੰਜ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਪਹਿਲਾਂ ਹੀ ਇੱਕ ਪੈਨਲ ਨੂੰ ਹਾਈਕੋਰਟ ’ਚ ਬਣਾ ਦਿੱਤਾ ਗਿਆ ਹੈ।
ਸਿੱਖਾ ਖਿਲਾਫ ਘੜੀ ਜਾ ਰਹੀ ਹੈ ਸਾਜਿਸ਼- ਜਥੇਦਾਰ
ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਖਿਲਾਫ ਸਟੇਟ ਵਲੋਂ ਬੜੀ ਜ਼ਹੀਨ ਤੇ ਕੂਟਨੀਤਕ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਸ ਦਾ ਜਵਾਬ ਵੀ ਹਿੰਸਕ ਨਾ ਹੋ ਕੇ ਕੂਟਨੀਤਕ ਤੌਰ ‘ਤੇ ਦੇਣ ਲਈ ਸਿੱਖਾਂ ਅੰਦਰ ਸਮੂਹਿਕ ਸਮਰੱਥਾ ਪੈਦਾ ਕਰਨ ਦੀ ਲੋੜ ਹੈ।
'ਭੜਕਾਉ ਬਿਆਨ ਦੇਣ ਵਾਲਿਆਂ ਖ਼ਿਲਾਫ ਨਹੀਂ ਹੋ ਰਹੀ ਕੋਈ ਕਾਰਵਾਈ'
ਉਨ੍ਹਾਂ ਕਿਹਾ ਕਿ ਇਕ ਪਾਸੇ ਇਸ ਜਮਹੂਰੀ ਤੇ ਫਿਰਕੂ ਵੰਨ-ਸੁਵੰਨਤਾ ਵਾਲੇ ਭਾਰਤ ਵਿਚ ਸ਼ਰ੍ਹੇਆਮ ਘੱਟ-ਗਿਣਤੀਆਂ ਦਾ ਦਮਨ ਕਰਕੇ ਹਿੰਦੂ ਰਾਸ਼ਟਰ ਬਣਾਉਣ ਦੇ ਐਲਾਨ ਕੀਤੇ ਜਾਂਦੇ ਹਨ ਪਰ ਅਜਿਹੇ ਭੜਕਾਉ ਬਿਆਨ ਦੇਣ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ, ਦੂਜੇ ਪਾਸੇ ਜਮਹੂਰੀਅਤ ਦੇ ਦਾਇਰੇ ਅੰਦਰ ਰਹਿ ਕੇ ਆਪਣੇ ਵਿਚਾਰ ਪੇਸ਼ ਕਰਨ ਵਾਲੇ ਸਿੱਖਾਂ ‘ਤੇ ਸਰਕਾਰਾਂ ਕਾਲੇ ਕਾਨੂੰਨ ਲਾਉਣ ਲੱਗਿਆਂ ਦੇਰ ਨਹੀਂ ਲਾਉਂਦੀਆਂ।
ਸਰਕਾਰ 24 ਘੰਟਿਆਂ ਦੇ ਅੰਦਰ ਸਾਰੇ ਨੌਜਵਾਨਾਂ ਨੂੰ ਰਿਹਾਅ ਕਰੇ-ਜਥੇਦਾਰ
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ 24 ਘੰਟਿਆਂ ਦੇ ਅੰਦਰ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਕੇ ਦਹਿਸ਼ਤ ਦੇ ਮਾਹੌਲ ਨੂੰ ਖਤਮ ਨਹੀਂ ਕਰਦੀ ਤਾਂ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਭਾਰਤੀ ਸਟੇਟ ਵਲੋਂ ਸਿਰਜੇ ਮਾਹੌਲ ਦੇ ਖਿਲਾਫ ਦੇਸ਼-ਵਿਦੇਸ਼ ਵਿਚ ਕੂਟਨੀਤਕ ਤੌਰ ‘ਤੇ ਪ੍ਰਚਾਰ ਦੀ ਮੁਹਿੰਮ ਆਰੰਭੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਕੌਮੀ ਮੀਡੀਆ ਰਾਹੀੰ ਸਿੱਖਾਂ ਦੀ ਕੀਤੀ ਕਿਰਦਾਰਕੁਸ਼ੀ ਦੇ ਖਿਲਾਫ ਸਿੱਖ ਸੰਸਥਾਵਾਂ ਵਲੋਂ ਕਾਨੂੰਨੀ ਪੈਰਵਾਈ ਵੀ ਕੀਤੀ ਜਾਵੇਗੀ।
ਸਿੱਖ ਆਪਣੇ ਵਾਹਨਾਂ ਤੇ ਘਰਾਂ ’ਤੇ ਲਗਾਉਣ ਖਾਲਸਾ ਰਾਜ ਦੇ ਨਿਸ਼ਾਨ- ਜਥੇਦਾਰ
ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੇ ਸਿੱਖ ਰਿਆਸਤਾਂ ਦੇ ਝੰਡੇ ਅਤੇ ਚਿੰਨ੍ਹਾਂ ਨੂੰ ਖਾਲਿਸਤਾਨ ਦੇ ਝੰਡੇ ਵਜੋਂ ਗਲਤ ਪ੍ਰਚਾਰਿਆ ਗਿਆ, ਉਨ੍ਹਾਂ ਸਬੰਧਿਤ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ। ਉਨ੍ਹਾਂ ਇਹ ਵੀ ਸਿੱਖ ਵਿਰਾਸਤ ਨਾਲ ਸਬੰਧਿਤ ਝੰਡਿਆਂ ਤੇ ਨਿਸ਼ਾਨਾਂ ਖਿਲਾਫ ਕੀਤੇ ਗਏ ਸਰਕਾਰੀ ਕੂੜ-ਪ੍ਰਚਾਰ ਨੂੰ ਠੱਲ੍ਹਣ ਲਈ ਸਿੱਖ ਆਪਣੇ ਵਾਹਨਾਂ ਤੇ ਘਰਾਂ ਉੱਪਰ ਖਾਲਸਾ ਰਾਜ ਦੇ ਨਿਸ਼ਾਨ ਲਗਾਉਣ।
ਇਕੱਤਰਤਾ ਵਿੱਚ ਇਨ੍ਹਾਂ ਜਥੇਬੰਦੀਆਂ ਨੇ ਕੀਤੀ ਸ਼ਮੂਲੀਅਤ
ਦੱਸ ਦਈਏ ਕਿ ਇਸ ਇਕੱਤਰਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਬਲਵੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਅਵਤਾਰ ਸਿੰਘ ਸੁਰਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਮਨਜੀਤ ਸਿੰਘ ਜੀ.ਕੇ., ਭੁਪਿੰਦਰ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਸਿੱਖ ਸ਼ਖ਼ਸੀਅਤਾਂ ਵੀ ਪਹੁੰਚੀਆਂ ਸਨ।
ਸਿਆਸੀ ਆਗੂਆਂ ਨੂੰ ਇਕੱਤਰਤਾ ਤੋਂ ਰੱਖਿਆ ਗਿਆ ਦੂਰ
ਦੱਸ ਦਈਏ ਕਿ ਮਿਲੀ ਜਾਣਕਾਰੀ ਮੁਤਾਬਿਕ ਇਸ ਮੀਟਿੰਗ ਦੌਰਾਨ ਸਿੱਖ ਸੰਸਥਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਸੰਪਰਦਾਵਾਂ ਦੇ ਨੁਮਾਇੰਦੇ ਇੱਕਤਰਤਾ ਚ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਕਿਸੇ ਵੀ ਸਿਆਸੀ ਵਿਅਕਤੀ ਨੂੰ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Operation Amritpal: ਅੰਮ੍ਰਿਤਪਾਲ ਸਿੰਘ ਦਾ ਨਜ਼ਦੀਕੀ ਸਾਥੀ ਵਰਿੰਦਰ ਸਿੰਘ ਜੌਹਲ ਗ੍ਰਿਫਤਾਰ- ਸੂਤਰ
- PTC NEWS