ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦਿਵਸ 'ਤੇ ਵਿਸ਼ੇਸ਼
- ਡਾ. ਰਜਿੰਦਰ ਕੌਰ
ਗੁਰੂ ਨਾਨਕ ਦੇਵ ਜੀ ਦੁਆਰਾ ਉਤਰਾਧਿਕਾਰੀ ਦੀ ਚੋਣ
ਸਿੱਖ ਧਰਮ ਨੂੰ ਪਰਵਾਨ ਚੜਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਨੂੰ ਯੋਗ ਉਤਰਾਧਿਕਾਰੀ ਦੀ ਲੋੜ ਸੀ। ਸਮਾਂ ਵਿਚਾਰ ਕੇ ਗੁਰਦੇਵ ਨੇ ਚੋਣ ਦਾ ਕੰਮ ਆਰੰਭ ਕਰ ਦਿੱਤਾ।
ਗੱਦੀ-ਨਸ਼ੀਨ ਦੀ ਚੋਣ ਨਾਲ ਸੰਬੰਧਤ ਸਿੱਖ-ਇਤਿਹਾਸ ਵਿਚ ਕਈ ਸਾਖੀਆਂ ਲਿਖੀਆਂ ਮਿਲਦੀਆਂ ਹਨ।
ਇਕ ਰਾਤ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਆਵਾਜ਼ ਦੇ ਕੇ ਕਿਹਾ, “ਸ੍ਰੀਚੰਦ ! ਜ਼ਰਾ ਬਾਹਰ ਉਠ ਕੇ ਵੇਖਿਓ, ਰਾਤ ਕਿੰਨੀ-ਕੁ ਬੀਤੀ ਹੈ?”
ਬਾਬਾ ਸ੍ਰੀਚੰਦ ਜੀ ਨੇ ਸੋਚਿਆ, “ਐਨੇ ਸੇਵਕ ਕੋਲ ਹੁੰਦਿਆਂ, ਮੈਂ ਆਪ ਉਠ ਕੇ ਏਨੇ ਮਾਮੂਲੀ ਕੰਮ ਵਾਸਤੇ ਜਾਵਾਂ? ਗੁਰੂ ਮਹਾਰਾਜ ਏਨਾ ਵੀ ਨਹੀਂ ਸੋਚਦੇ ਕਿ ਮੈਂ ਉਹਨਾਂ ਦਾ ਵੱਡਾ ਸਪੁੱਤਰ ਹਾਂ ਤੇ ਉਹਨਾਂ ਪਿੱਛੋਂ ਮੈਂ ਸਿੱਖਾਂ ਦਾ ਗੁਰੂ ਬਣਨਾ ਹੈ। ਮਨ ਵਿਚ ਪਹਿਲਾਂ ਤੋਂ ਸਮਾਈ ਹੋਈ ਇਸ ਧਾਰਨਾ ਨੇ ਬਾਬਾ ਸ੍ਰੀਚੰਦ ਜੀ ਨੂੰ ਉਹਨਾਂ ਗੁਣਾਂ ਦੇ ਮਾਲਕ ਨਾ ਬਣਨ ਦਿੱਤਾ, ਜਿਨ੍ਹਾਂ ਗੁਣਾਂ ਦਾ ਭੰਡਾਰ ਇਸ ਗੱਦੀ ਦੇ ਮਾਲਕ ਨੂੰ ਹੋਣਾ ਚਾਹੀਦਾ ਸੀ। ਸਿਰੀ ਚੰਦ ਨੇ ਅਗ੍ਹਾਂ ਇਕ ਹੋਰ ਸਿੱਖ ਨੂੰ ਹੁਕਮ ਕਰ ਦਿੱਤਾ। ਉਹਨੇ ਵਾਪਸ ਆ ਕੇ ਕਿਹਾ, “ਮਹਾਰਾਜ, ਅੱਧੀ ਕੁ ਰਾਤ ਬੀਤੀ ਹੈ।”
ਗੁਰਦੇਵ ਦੀ ਤਸੱਲੀ ਨਾ ਹੋਈ। ਹਜ਼ੂਰ ਨੇ ਇਕ ਹੋਰ ਸਿੱਖ ਨੂੰ ਭੇਜਿਆ। ਉਸ ਦੋ ਬਾਅਦ ਮਹਾਰਾਜ ਨੇ ਇਕ ਹੋਰ ਨੂੰ ਭੇਜਿਆ। ਹਰ ਇਕ ਨੇ ਆ ਕੇ ਵੱਖ-ਵੱਖ ਸਮਾਂ ਦੱਸਿਆ। ਅੰਤ ਮਹਾਰਾਜ ਨੇ ਲਹਿਣਾ ਜੀ ਨੂੰ ਹੁਕਮ ਕੀਤਾ।
ਲਹਿਣਾ ਜੀ ਨੇ ਬਾਹਰੋਂ ਆ ਕੇ ਕਿਹਾ, “ਗੁਰਦੇਵ ! ਜਿੰਨੀ ਆਪ ਜੀ ਨੇ ਬਿਤਾਈ ਹੈ, ਓਨੀ ਬੀਤ ਗਈ ਹੈ, ਬਾਕੀ ਆਪ ਜੀ ਦੀ ਰਜ਼ਾ ਵਿਚ ਬਾਕੀ ਹੈ।"
ਇਕ ਦਿਨ ਕੁਝ ਸਿੱਖ ਝੋਨੇ ਵਿਚੋਂ ਨਦੀਨ ਕੱਢ ਰਹੇ ਸਨ। ਗੁਰੂ ਜੀ ਨੇ ਹੁਕਮ ਦਿੱਤਾ ਕਿ ਝੋਨੇ ਵਿਚੋਂ ਕੱਢਿਆ ਘਾਹ ਪੰਡ ਬੰਨ੍ਹ ਕੇ ਪਸ਼ੂਆਂ ਵਾਸਤੇ ਘਰ ਲੈ ਜਾਣਾ ਚਾਹੀਦਾ ਹੈ। ਗੁਰਦੇਵ ਨੇ ਬਾਬਾ ਸ੍ਰੀਚੰਦ ਜੀ ਨੂੰ ਪੰਡ ਚੁੱਕਣ ਵਾਸਤੇ ਕਿਹਾ, ਪਰ ਉਸ ਨੇ ਅੱਗੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਫਿਰ ਲਹਿਣਾ ਜੀ ਨੂੰ ਕਿਹਾ। ਲਹਿਣਾ ਜੀ ਨੇ ਆਪਣੇ ਸੁੰਦਰ ਬਸਤਰਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਘਾਹ ਦੀ ਪੰਡ ਸਿਰ 'ਤੇ ਚੁੱਕ ਲਈ।
ਰਾਤ ਅੱਧੀ ਬੀਤੀ ਸੀ। ਗੁਰੂ ਜੀ ਨੇ ਬਾਬਾ ਸ੍ਰੀਚੰਦ ਜੀ ਨੂੰ ਕੱਪੜੇ ਧੋ ਕੇ ਲਿਆਉਣ ਵਾਸਤੇ ਕਿਹਾ। ਬਾਬਾ ਸ੍ਰੀਚੰਦ ਜੀ ਨੇ ਅੱਗੋਂ ਉੱਤਰ ਦਿੱਤਾ, “ਮਹਾਰਾਜ। ਦਿਨ ਚੜ੍ਹੇ ਕਿਸੇ ਸੇਵਕ ਕੋਲੋਂ ਧੁਆ ਦਿਆਂਗੇ।”
ਲਹਿਣਾ ਜੀ ਨੂੰ ਹੁਕਮ ਹੋਇਆ ਤਾਂ ਉਹ ਓਸੇ ਵੇਲ ਕੱਪੜੇ ਧੋਣ ਤੁਰ ਗਏ। ਸਿਆਲ ਦੀ ਰਾਤ ਮੀਂਹ ਵਰ੍ਹ ਰਿਹਾ ਸੀ। ਮਕਾਨ ਦੀ ਇਕ ਕੰਧ ਡਿੱਗ ਪਈ। ਗੁਰਦੇਵ ਨੇ ਹੁਕਮ ਦਿੱਤਾ, ਕਿ ਇਹ ਕੰਧ ਹੁਣੇ ਬਣਾ ਦਿਉ।
“ਮਹਾਰਾਜ! ਇਹ ਕੰਮ ਨੌਕਰਾਂ ਦਾ ਹੈ, ਤੁਹਾਡੇ ਸਪੁੱਤਰ ਦਾ ਨਹੀਂ। ਦਿਨ ਚੜ੍ਹੇ ਸੇਵਕਾਂ ਨੂੰ ਹੁਕਮ ਦੇ ਕੇ ਕਰਾ ਦਿਆਂਗੇ।”
ਲਹਿਣਾ ਜੀ ਨੂੰ ਹੁਕਮ ਹੋਇਆ ਤਾਂ ਉਹ ਓਸੇ ਵੇਲੇ ਉੱਠ ਕੇ ਕੰਧ ਬਣਾਉਣ ਲੱਗ ਪਏ। ਸੂਰਜ ਚੜ੍ਹਨ ਤਕ ਉਹਨਾਂ ਇਕੱਲਿਆਂ ਕੰਧ ਬਣਾ ਲਈ। ਗੁਰਦੇਵ ਨੇ ਵੇਖ ਕੇ ਕਿਹਾ, “ਲਹਿਣਾ ਜੀ ! ਕੰਧ ਠੀਕ ਨਹੀਂ ਬਣੀ। ਇਹਨੂੰ ਢਾਹ ਕੇ ਫੇਰ ਬਣਾਓ।”
ਲਹਿਣਾ ਜੀ ‘ਸਤ ਬਚਨ' ਕਹਿ ਕੇ ਫਿਰ ਲੱਗ ਪਏ। ਉਹਨਾਂ ਕੰਧ ਢਾਹ ਕੇ ਫਿਰ ਬਨਾਉਣੀ ਸ਼ੁਰੂ ਕਰ ਦਿੱਤੀ। ਸਿੱਖ ਇਤਿਹਾਸ ਵਿਚ ਏਹੋ ਜਿਹੀਆਂ ਕਈ ਸਾਖੀਆਂ ਲਿਖੀਆਂ ਹਨ। ਬਾਬਾ ਸ੍ਰੀਚੰਦ ਜੀ ਏਸੇ ਮਾਣ ਵਿਚ ਹੁਕਮ ਮੰਨਣ ਤੋਂ ਨਾਂਹ ਕਰ ਦੇਂਦੇ ਰਹੇ ਕਿ ਉਹ ਗੁਰਦੇਵ ਦੇ ਵੱਡੇ ਸਾਹਿਬਜ਼ਾਦੇ ਹਨ ਤੇ ਗੁਰਗੱਦੀ ਉਹਨਾਂ ਦਾ ਹੀ ਹੱਕ ਹੈ, ਪਰ ਲਹਿਣਾ ਜੀ ਸੱਚੇ ਸੇਵਕ ਸਨ। ਉਹ ਹਰ ਹੁਕਮ ਅੱਗੇ ਸਿਰ ਝੁਕਾ ਦੇਂਦੇ ਰਹੇ।
ਸਭ ਤੋਂ ਆਖ਼ਰੀ ਪ੍ਰੀਖਿਆ ਦਾ ਸਮਾਂ ਆ ਗਿਆ। ਗੁਰਦੇਵ ਨੇ ਬੜਾ ਅਨੋਖਾ ਸਾਂਗ ਵਰਤਾਇਆ। ਮਹਾਰਾਜ ਨੇ ਸਿਰ ਉੱਤੇ ਰੱਸੇ ਵਲ੍ਹੇਟ ਲਏ, ਇਕ ਹੱਥ ਵਿਚ ਛੁਰਾ ਫੜ ਲਿਆ ਤੇ ਕੁਝ ਕੁੱਤੇ ਮਗਰ ਲਾ ਕੇ ਜੰਗਲ ਵੱਲ ਤੁਰ ਪਏ। ਕੁਝ ਸਿੱਖ ਰਲ ਕੇ ਗੁਰਦੇਵ ਨੂੰ ਮੋੜਨ ਦੇ ਇਰਾਦੇ ਨਾਲ ਮਗਰ ਗਏ। ਗੁਰਦੇਵ ਅੱਗੋਂ ਸਭ ਨੂੰ ਛੁਰਾ ਲੈ ਕੇ ਪਏ। ਦੋ ਤਿੰਨ ਵਾਰ ਅਜੇਹਾ ਹੋਣ ਨਾਲ ਇਕ ਲਹਿਣਾ ਜੀ ਤੋਂ ਬਿਨਾਂ ਸਾਰੇ ਸਿੱਖ ਪਿਛਾਂਹ ਪਰਤ ਗਏ। ਕੁਝ ਸਿੱਖ ਤਾਂ ਇਹ ਵੀ ਆਖਣ ਲੱਗ ਪਏ ਕਿ ਉਮਰ ਵਡੇਰੀ ਹੋ ਜਾਣ ਕਾਰਨ ਗੁਰੂ ਜੀ ਦਾ ਦਿਮਾਗ਼ ਠੀਕ ਕੰਮ ਕਰਨ ਯੋਗ ਨਹੀਂ ਰਿਹਾ। ਗੁਰਦੇਵ ਜੰਗਲ ਵਿਚ ਕਾਫੀ ਦੂਰ ਚਲੇ ਗਏ। ਲਹਿਣਾ ਜੀ ਅਜੇ ਵੀ ਹੱਥ ਬੱਧੀ ਪਿੱਛੇ ਪਿੱਛੇ ਜਾ ਰਹੇ ਸਨ। ਗੁਰਦੇਵ ਛੁਰਾ ਲੈ ਕੇ ਪਏ ਤੇ ਗ਼ੁੱਸੇ ਨਾਲ ਕਿਹਾ, “ਪੁਰਖਾ। ਬਾਕੀ ਸਭ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ?"
ਲਹਿਣਾ ਜੀ ਨੇ ਸਿਰ ਝੁਕਾ ਕੇ ਕਿਹਾ, “ਮੇਰੇ ਗੁਰਦੇਵ, ਉਹਨਾਂ ਦਾ ਕੋਈ ‘ਹੋਰ ਵੀ ਹੋਵੇਗਾ, ਇਸ ਲਈ ਉਹ ਚਲੇ ਗਏ ਹਨ। ਮੇਰਾ ਆਪ ਜੀ ਦੇ ਬਿਨਾਂ ਹੋਰ ਕੋਈ ਵੀ ਨਹੀਂ, ਮੈਂ ਕਿੱਥੇ ਜਾਵਾਂ?"
ਗੁਰਦੇਵ ਕੁਝ ਨਰਮ ਪੈ ਕੇ ਹੋਰ ਅੱਗੇ ਤੁਰ ਪਏ। ਲਹਿਣਾ ਜੀ ਪਿੱਛੇ ਚਲੇ ਜਾ ਰਹੇ ਸਨ। ਅੱਗੇ ਜੰਗਲ ਵਿਚ ਇਕ ਮੁਰਦਾ ਪਿਆ ਸੀ। ਗੁਰੂ ਜੀ ਨੇ ਲਹਿਣਾ ਜੀ ਵੱਲ ਤੱਕ ਕੇ ਕਿਹਾ, “ਹੱਛਾ, ਸਾਡਾ ਸਿੱਖ ਹੈਂ ਤਾਂ ਐਸ ਮੁਰਦੇ ਨੂੰ ਖਾ ਲੈ।”
“ਜੋ ਆਗਿਆ, ਮਹਾਰਾਜ! ਹੁਕਮ ਕਰੋ, ਸਿਰ ਵਲੋਂ ਖਾਣਾ ਸ਼ੁਰੂ ਕਰਾਂ ਜਾਂ ਪੈਰਾਂ ਵੱਲੋਂ।” ਲਹਿਣਾ ਜੀ ਨੇ ਅੱਗੇ ਵੱਧਦਿਆਂ ਕਿਹਾ।
ਲਹਿਣਾ ਜੀ ਦਾ ਦ੍ਰਿੜ੍ਹ ਇਰਾਦਾ ਵੇਖ ਕੇ ਗੁਰੂ ਜੀ ਨੇ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। “ਬੱਸ, ਲਹਿਣਾ ਜੀ।” ਗੁਰਦੇਵ ਗਦਗਦ ਹੋ ਕੇ ਬੋਲੇ, “ਪ੍ਰੀਖਿਆ ਪੂਰੀ ਹੋ ਗਈ, ਸਾਨੂੰ ਇਕ ਯੋਗ ਉੱਤਰ-ਅਧਿਕਾਰੀ ਦੀ ਲੋੜ ਸੀ, ਸੋ ਤੁਸੀਂ ਮਿਲ ਗਏ ਹੋ। ਸਾਡੇ ਅੰਗ ਲੱਗ ਕੇ ਅੱਜ ਤੋਂ ਤੁਸੀਂ ਲਹਿਣੇ ਤੋਂ ‘ਅੰਗਦ ਬਣ ਗਏ ਹੋ। ਹੁਣ ਇਸ ਗੁਰਿਆਈ ਦਾ ਭਾਰ ਤੁਹਾਨੂੰ ਸੰਭਾਲਣਾ ਪਵੇਗਾ।”
ਭਾਈ ਲਹਿਣਾ ਜੀ ਨੂੰ ਗੁਰਿਆਈ ਬਖਸ਼ਣਾ
ਗੁਰੂ ਨਾਨਕ ਦੇਵ ਜੀ ਵਾਪਸ ਆ ਗਏ। ਉਤਰਾਧਿਕਾਰੀ ਦੀ ਚੋਣ ਸੰਪੂਰਨ ਹੋਈ। ਗੁਰੂ ਨਾਨਕ ਦੇਵ ਜੀ ਨੇ ਸਭ ਸੰਗਤਾਂ ਨੂੰ ਇਕੱਤਰ ਕਰਕੇ ਹਾੜ ਵਦੀ ਤੇਰਾਂ, ਸੰਮਤ ੧੫੯੬ ਬਿ. ਅੰਗਦ ਜੀ ਦੇ ਗੁਰੂ ਹੋਣ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਗੁਰਗੱਦੀ ਉੱਤੇ ਬਿਠਾ ਕੇ ਆਪ ਉਹਨਾਂ ਦੇ ਸਾਮ੍ਹਣੇ ਪੰਜ ਪੈਸੇ, ਮਿਸਰੀ ਤੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ। ਇਸ ਤਰ੍ਹਾਂ ਲਹਿਣਾ ਜੀ ‘ਅੰਗਦ ਦੇਵ' ਨਾਮ ਧਾਰਨ ਕਰਕੇ ਸਿੱਖਾਂ ਦੇ ਦੂਸਰੇ ਗੁਰੂ ਬਣੇ।
ਭਾਈ ਗੁਰਦਾਸ ਜੀ ਲਿਖਦੇ ਹਨ :-
“ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ।"
(ਵਾਰ ੧, ਪਉੜੀ ੪੫)
ਬਾਬਾ ਸ੍ਰੀਚੰਦ ਜੀ ਤੇ ਮਾਤਾ ਸੁਲੱਖਣੀ ਜੀ ਇਸ ਚੋਣ ਉੱਤੇ ਬਹੁਤ ਨਾਰਾਜ਼ ਹੋਏ। ਉਹਨਾਂ ਦੀ ਨਾਰਾਜ਼ਗੀ ਨੂੰ ਮੁੱਖ ਰੱਖ ਕੇ ਹੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਦਿੱਤਾ ਕਿ ਉਹ ਖਡੂਰ ਜਾ ਰਹਿਣ ਤੇ ਓਥੇ ਸਿੱਖੀ ਪਰਚਾਰ ਦਾ ਕੇਂਦਰ ਕਾਇਮ ਕਰਨ। ਮਹਾਰਾਜ ਦਾ ਹੁਕਮ ਮੰਨ ਕੋ ਗੁਰੂ ਅੰਗਦ ਦੇਵ ਜੀ ਖਡੂਰ ਜਾ ਬਿਰਾਜੇ, ਜਿਨ੍ਹਾਂ ਦੇ ਭਜਨ ਦਾ ਪ੍ਰਤਾਪ ਸਦਕਾ ਹੀ ਅੱਜ ਖਡੂਰ ‘ਖਡੂਰ ਸਾਹਿਬ' ਅਖਵਾਉਂਦਾ ਹੈ।
ਇਸ ਫ਼ੈਸਲੇ ਤੋਂ ਬਾਬਾ ਸ੍ਰੀਚੰਦ ਜੀ ਦੇ ਦਿਲ 'ਤੇ ਬੜੀ ਚੋਟ ਲੱਗੀ। ਉਹਨਾਂ ਦੇ ਦਿਲ ਵਿਚ ਆਈ ਕਿ ਜੇ ਉਹ ਵੀ ਲਹਿਣਾ ਜੀ ਵਾਂਗ ਗੁਰਦੇਵ ਦੇ ਆਗਿਆਕਾਰ ਰਹਿੰਦੇ ਤਾਂ ਗੁਰਿਆਈ ਦੀ ਗੱਦੀ ਦੇ ਮਾਲਕ ਉਹ ਬਣਦੇ। ਇਸ ਪਛਤਾਵੇ ਦੇ ਕਾਰਨ ਆਪ ਨੇ ਬੜੀ ਕਠਿਨ ਤਪੱਸਿਆ ਕੀਤੀ ਤੇ ਉਦਾਸੀ ਮੱਤ ਚਲਾਇਆ।
ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ
ਓਧਰ ਸੰਸਾਰ ਦੇ ਮਹਾਨ ਮਹਾਂਪੁਰਸ਼ ਗੁਰੂ ਨਾਨਕ ਦੇਵ ਜੀ ਵੀ ਸੰਸਾਰ-ਯਾਤਰਾ ਪੂਰੀ ਕਰਕੇ ਸੋਮਵਾਰ, ੨੩ ਅੱਸੂ, ਅੱਸੂ ਵਦੀ ਦਸ, ੧੫੯੬ ਬਿ. ਨੂੰ ਜੋਤ ਵਿਚ ਜੋਤ ਸਮਾ ਗਏ। ਗੁਰੂ ਜੀ ਨੇ ਕੁਲ ਉਮਰ ਸੱਤਰ ਸਾਲ, ਪੰਜ ਮਹੀਨੇ, ਤਿੰਨ ਦਿਨ ਬਿਤਾਈ।
ਨਿਰੰਕਾਰੀ ਜੋਤ ਨਿਰੰਕਾਰ ਵਿਚ ਮਿਲ ਗਈ। ਸਰੀਰ ਦਾ ਅੰਤਮ ਸੰਸਕਾਰ ਕਰਤਾਰਪੁਰ ਵਿਖੇ ਰਾਵੀ ਦੇ ਕੰਢੇ 'ਤੇ ਕੀਤਾ ਗਿਆ। ਉਸ ਅਸਥਾਨ ਉਤੇ ਗੁਰਦੁਆਰਾ ਦਰਬਾਰ ਸਾਹਿਬ ਬਣਿਆ ਹੋਇਆ ਹੈ।
- PTC NEWS