Sat, Jul 12, 2025
Whatsapp

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

Reported by:  PTC News Desk  Edited by:  Amritpal Singh -- April 09th 2024 05:05 AM
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਨੂੰ ਸਤਿਕਾਰ ਵਜੋਂ ਸਾਹਿਬਜ਼ਾਦਾ ਕਿਹਾ ਜਾਂਦਾ ਹੈ (ਫ਼ਾਰਸੀ ਵਿਚ ਜ਼ਾਦਾ ਦਾ ਭਾਵ ਪੁੱਤਰ ਹੈ)। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਮਾਤਾ ਦਾ ਨਾਂ ਜੀਤੋ ਜੀ ਸੀ। ਮਾਤਾ ਜੀਤੋ ਜੀ ਲਾਹੌਰ ਦੇ ਰਹਿਣ ਵਾਲੇ ਹਰਜਸ ਸੁਭਿਖੀਏ ਖੱਤਰੀ ਦੀ ਸਪੁੱਤਰੀ ਸਨ। ਆਪ ਦਾ ਆਨੰਦ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਆਨੰਦਪੁਰ ਸਾਹਿਬ (ਮੌਜੂਦਾ ਜ਼ਿਲ੍ਹਾ ਰੋਪੜ) ਕੋਲ ਗੁਰੂ ਕੇ ਲਾਹੌਰ ਵਿਖੇ (23 ਹਾੜ, ਸੰਮਤ 1734 ਮੁਤਾਬਕ) 21 ਜੂਨ, 1677 ਈ. ਨੂੰ ਹੋਇਆ। ਆਪ ਨੇ ਤਿੰਨ ਸਾਹਿਬਜ਼ਾਦਿਆਂ ਨੂੰ ਜਨਮ ਦਿੱਤਾ-ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ। ਮਾਤਾ ਜੀ ਅਨੰਦਪੁਰ ਸਾਹਿਬ ਵਿਚ 13 ਅਸੂ, ਸੰਮਤ 1757 ਨੂੰ ਪਰਲੋਕ ਸਿਧਾਰ ਗਏ।
ਮਾਤਾ ਜੀਤੋ ਜੀ ਦੇ ਉਦਰ ਤੋਂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ (ਸੰਮਤ 1747 ਮੁਤਾਬਕ) 1690 ਈ. ਵਿਚ ਹੋਇਆ। ਮੰਨਿਆ ਜਾਂਦਾ ਹੈ ਕਿ ਗੁਲੇਰ ਦੀ ਜੰਗ ਵਿਚ ਸਿੱਖਾਂ ਦੇ ਜੂਝ ਕੇ ਆਉਣ ਕਰ ਕੇ ਸਾਹਿਬਜ਼ਾਦੇ ਦਾ ਨਾਂ ਜੁਝਾਰ ਸਿੰਘ ਰੱਖਿਆ ਗਿਆ। ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ 1753 ਬਿਕਰਮੀ ਤੇ ਜ਼ੋਰਾਵਰ ਸਿੰਘ ਦਾ ਜਨਮ 1747 ਦੱਸਦੇ ਹਨ। ਇਸ ਤਰ੍ਹਾਂ ਉਹ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਜਨਮ ਕ੍ਰਮ ਅਨੁਸਾਰ ਤੀਸਰੇ ਸਾਹਿਬਜ਼ਾਦੇ ਦੱਸਦੇ ਹਨ ਜੋ ਠੀਕ ਨਹੀਂ ਜਾਪਦਾ। ਇਹ ਖ਼ਿਆਲ ਵੀ, ਕਿ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਹੀ ਦੋ ਨਾਂ ਸਨ ਗਲਤ ਜਾਪਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਫ਼ਰਨਾਮੇ ਵਿਚ ਸਪੱਸ਼ਟ ਲਿਖਿਆ ਹੈ- “ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ”, ਜੋ ਸਿੱਧ ਕਰਦਾ ਹੈ ਕਿ ਗੁਰੂ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ ਸਨ।
ਸੌ ਸਾਖੀ ਦਾ ਕਰਤਾ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਸਭ ਤੋਂ ਵੱਡਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸਭ ਤੋਂ ਛੋਟਾ ਮੰਨਦਾ ਹੈ ਜੋ ਠੀਕ ਨਹੀਂ। ਇਸ ਦੇ ਉਲਟ ਸਭ ਪੁਰਾਤਨ ਲਿਖਤਾਂ ਜਿਵੇਂ ਕਿ ਗੁਰ ਬਿਲਾਸ ਭਾਈ ਸੁਖਾ ਸਿੰਘ, ਗੁਰ ਬਿਲਾਸ ਕੋਇਰ ਸਿੰਘ ਅਤੇ ਮਹਿਮਾ ਪ੍ਰਕਾਸ਼ ਵਾਰਤਕ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸਭ ਤੋਂ ਵੱਡਾ ਸਾਹਿਬਜ਼ਾਦਾ ਲਿਖਦੇ ਹਨ। ਕੋਇਰ ਸਿੰਘ ਨੇ ਤਾਂ ਸਪੱਸ਼ਟ ਕਰ ਦਿੱਤਾ ਹੈ-
                                                                                                                      ਜੁਝਾਰ ਸਿੰਘ ਹੈ ਦੁਤੀਓ ਭਾਈ
                                                                                                                      ਜਾ ਕੇ ਰਣ ਮੇ ਤੇਗ ਵਗਾਈ
ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ ਸਰਹੰਦ ਦੇ ਲੋਕਾਂ ਵਿਚ ਸੀਨਾ ਬਸੀਨਾ ਆ ਰਹੀ ਰਵਾਇਤ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਦੂਜੇ ਸਾਹਿਬਜ਼ਾਦੇ ਸਨ। ਨਵੀਨ ਲਿਖਾਰੀ ਗਿਆਨੀ ਗਿਆਨ ਸਿੰਘ (ਤਵਾਰੀਖ ਗੁਰੂ ਖਾਲਸਾ ਵਿਚ) ਅਤੇ ਮੈਕਾਲਿਫ਼ ਨੇ (ਸਿੱਖ ਰਿਲੀਜਨ ਵਿਚ) ਇਹ ਹੀ ਗੱਲ ਸਹੀ ਮੰਨੀ ਹੈ। 
ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ 21 ਦਸੰਬਰ, 1704 ਨੂੰ ਚਮਕੌਰ ਸਾਹਿਬ ਪਹੁੰਚੇ। ਗੁਰੂ ਸਾਹਿਬ ਦੇ ਚਮਕੌਰ ਪਹੁੰਚਣ ਦੀ ਖ਼ਬਰ ਆਸ ਪਾਸ ਬੜੀ ਤੇਜ਼ੀ ਨਾਲ ਫੈਲ ਗਈ। ਸ਼ਾਹੀ ਫ਼ੌਜਾਂ ਜੋ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ, ਜਲਦੀ ਹੀ ਚਮਕੌਰ ਸਾਹਿਬ ਦੇ ਨੇੜੇ ਪਹੁੰਚ ਗਈਆਂ ਅਤੇ ਗੁਰੂ ਸਾਹਿਬ ਨੇ ਚੌਕਸੀ ਲਈ ਪਿੰਡ ਦੇ ਘਰਾਂ ਦੁਆਲੇ ਦੀਆਂ ਕੰਧਾਂ ਉੱਤੇ ਆਪਣੇ ਸੰਤ-ਸਿਪਾਹੀ ਖੜ੍ਹੇ ਕਰ ਦਿੱਤੇ। 22 ਦਸੰਬਰ ਨੂੰ ਜਦ ਕਿ ਠੰਢ ਵੀ ਬੇਹੱਦ ਪੈ ਰਹੀ ਸੀ ਤਾਂ ਸ਼ਾਹੀ ਫ਼ੌਜਾਂ ਨੇ ਰਾਤ ਨੂੰ ਸ਼ਹਿਰ ਦੇ ਦੁਆਲੇ ਘੇਰਾ ਤੰਗ ਕਰ ਦਿੱਤਾ। ਦਿਨ ਚੜ੍ਹਦੇ ਸਾਰ ਹੀ ਸ਼ਾਹੀ ਫ਼ੌਜਾਂ ਨੇ ਹਮਲਾ ਬੋਲ ਦਿੱਤਾ। ਗੁਰੂ ਸਾਹਿਬ ਦੇ ਹਰੇਕ ਸਿੰਘ ਨੇ ਬੇਮਿਸਾਲ ਬਹਾਦਰੀ ਦਾ ਪ੍ਰਗਟਾਵਾ ਕੀਤਾ। ਕੁਝ ਕੁ ਸਿੰਘ ਇਕ ਵੱਡੀ ਫ਼ੌਜ ਦੇ ਟਾਕਰੇ ’ਤੇ ਨਿਤਰ ਆਏ  ਸਨ। ਦੁਸ਼ਮਣ ਦੀਆਂ ਫ਼ੌਜਾਂ ਸਮਝ ਰਹੀਆਂ ਸਨ ਕਿ ਗੜ੍ਹੀ ਦੇ ਅੰਦਰ ਕਾਫ਼ੀ ਫ਼ੌਜ ਮੌਜੂਦ ਸੀ। ਸ਼ਾਹੀ ਫ਼ੌਜਾਂ ਦੇ ਦੋ ਜਰਨੈਲ ਨਾਹਰ ਖਾਂ ਅਤੇ ਗੈਰਤ ਖਾਂ ਨੇ ਗੜ੍ਹੀ ਦੀ ਦੀਵਾਰ ਉੱਪਰੋਂ ਟੱਪ ਕੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਵੱਲੋਂ ਕੀਤੇ ਵਾਰਾਂ ਦੀ ਤਾਬ ਨਾ ਝੱਲਦੇ ਹੋਏ ਥਾਂ ਹੀ ਮਾਰੇ ਗਏ। ਲੜਾਈ ਦੀ ਹਾਲਤ ਬਹੁਤ ਨਾਜ਼ਕ ਬਣਦੀ ਜਾ ਰਹੀ ਸੀ ਪਰ ਗੁਰੂ ਸਾਹਿਬ ਚੱਟਾਨ ਦੀ ਤਰ੍ਹਾਂ ਅਡੋਲ, ਪ੍ਰਮਾਤਮਾ ਵਿਚ ਵਿਸ਼ਵਾਸ ਕਰਦਿਆਂ ਇਹ ਨਜ਼ਾਰਾ ਵੇਖ ਰਹੇ ਸਨ। ਤਦ ਹੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੋ ਮਸਾਂ 17 ਕੁ ਸਾਲਾਂ ਦੇ ਸਨ ਨੇ ਗੁਰੂ ਸਾਹਿਬ ਤੋਂ ਗੜ੍ਹੀ ਤੋਂ ਬਾਹਰ ਜਾ ਕੇ ਲੜਨ ਦੀ ਇਜਾਜ਼ਤ ਮੰਗੀ ਤਾਂ ਗੁਰੂ ਸਾਹਿਬ ਨੇ ਆਪਣੇ ਲਾਡਲੇ ਪੁੱਤਰ ਨੂੰ ਪਿਆਰ ਕੀਤਾ ਅਤੇ ਸ਼ਸਤਰਾਂ ਨਾਲ ਸਜਾ ਕੇ ਮੈਦਾਨੇ ਜੰਗ ਲਈ ਤਿਆਰ ਕੀਤਾ। ਉਸ ਸਮੇਂ ਸਾਹਿਬਜ਼ਾਦੇ ਨੇ ਜੋ ਕਿਹਾ ਉਸ ਦੀ ਅਭਿਵਿਅਕਤੀ ਇਸ ਤਰ੍ਹਾਂ ਹੋਈ ਹੈ-
                                                                                                                    ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ।
                                                                                                                    ਜੀਤਾ ਗਿਆ ਅਗਰ, ਤੋ ਜੀਤਾ ਨਾ ਆਊਂਗਾ।
ਜਦ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿਚ ਸ਼ਹੀਦੀ ਪਾ ਚੁੱਕੇ ਤਾਂ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਪਿਤਾ ਦੇ ਪਾਸ ਆਏ ਅਤੇ ਦੁਸ਼ਮਣ ਦੇ ਆਹੂ ਲਾਹੁਣ ਅਤੇ ਵੱਡੇ ਭਰਾ ਵਾਂਗ ਸ਼ਹਾਦਤ ਪਾਉਣ ਦੀ ਆਗਿਆ ਮੰਗੀ। ਬਾਬਾ ਜੁਝਾਰ ਸਿੰਘ ਜੀ ਉਸ ਵਕਤ ਕੇਵਲ 14 ਸਾਲ ਦੇ ਸਨ। ਦਸਮੇਸ਼ ਪਿਤਾ ਨੇ ਆਪ ਇਸ ਨੂੰ ਜੱਫੀ ਲਿਆ ਅਤੇ ਜ਼ਰੀ ਦੇ ਬਸਤਰ ਪਹਿਨਾਏ। ਆਪ ਨੂੰ ਤੇਜ਼ ਤਲਵਾਰ ਅਤੇ ਢਾਲ ਦਿੱਤੀ ਗਈ, ਸਿਰ ਤੇ ਗੁਰੂ ਸਾਹਿਬ ਨੇ ਇਕ ਛੋਟੀ ਕਲਗੀ ਲਗਾ ਦਿੱਤੀ। ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਲਾੜਾ ਵਿਆਹੁਣ ਲਈ ਲਿਜਾਇਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਆਪ ਨੂੰ ਵਿਦਾ ਕੀਤਾ। ਬਾਬਾ ਜੁਝਾਰ ਸਿੰਘ ਜੀ ਮੁਸਕਰਾਉਂਦੇ ਹੋਏ ਮੈਦਾਨੇ ਜੰਗ ਵੱਲ ਪੰਜ ਸਿੰਘਾਂ ਸਮੇਤ ਰਵਾਨਾ ਹੋਏ। ਇਹ ਬਹੁਤ ਚੜ੍ਹਦੀਆਂ ਕਲਾਂ ਵਿਚ ਸਨ ਅਤੇ ਜਾਂਦੇ ਸਾਰ ਹੀ ਦੁਸ਼ਮਣਾਂ ਦੀ ਫ਼ੌਜ ਤੇ ਤਕੜਾ ਹੱਲਾ ਕੀਤਾ। ਇਕ ਭੁੱਖੇ ਬਾਜ਼ ਵਾਂਗ ਆਪ ਆਪਣੇ ਸ਼ਿਕਾਰ ਤੇ ਝਪਟੇ। ਜਿੱਧਰ ਵੀ ਲੰਘੇ ਲਹੂ ਦੀਆਂ ਨਦੀਆਂ ਵਹਾਉਂਦੇ ਹੋਏ, ਅੱਗੇ ਹੀ ਅੱਗੇ ਵਧਦੇ ਗਏ। ਆਪ ਦੀ ਬਹਾਦਰੀ ਦੀ ਸ਼ਲਾਘਾ ਦੁਸ਼ਮਣ ਦੇ ਜਰਨੈਲਾਂ ਨੇ ਵੀ ਕੀਤੀ। ਅੰਤ ਲੜਾਈ ਵਿਚ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦ ਹੋ ਗਏ। ਆਪ ਦੀ ਸੂਰਬੀਰਤਾ ਦਾ ਕਥਨ ਕਵਿ ਸੈਨਾਪਤ ਨੇ ਗੁਰ ਸੋਭਾ ਵਿਚ ਇਸ ਤਰ੍ਹਾਂ ਕੀਤਾ ਹੈ:
                                                                                                                   ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੂੰਚਿਓ ਆਨ
                                                                                                                   ਦੋਰਿਓ ਦਲ ਮੇ ਧਾਇ ਕੇ ਕਰ ਮੈਂ ਗਹੀ ਕਮਾਨ...
                                                                                                                   ਚਹੂ ਓਰ ਦਲ ਦੇਖਕੇ ਨਿਕਟ ਪਹੂਚੇ ਆਇ
                                                                                                                   ਤਬ ਨੇਜਾ ਕਰ ਮੈ ਜੀਓ ਨਿਮਖ ਬਿਲਮ ਨਹੀਂ ਜਾਇ।
ਆਪ ਦੀ ਯਾਦ ਵਿਚ ਸ੍ਰੀ ਚਮਕੌਰ ਸਾਹਿਬ ਵਿਖੇ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਉਥੇ ਹਰ ਸਾਲ ਸ਼ਹੀਦੀ ਜੋੜ ਮੇਲਾ ਲਗਦਾ ਹੈ। ਇੱਥੇ ਇਨ੍ਹਾਂ ਸੂਰਬੀਰ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਉਤਸ਼ਾਹ ਪ੍ਰਾਪਤ ਕੀਤਾ ਜਾਂਦਾ ਹੈ। ਸਾਹਿਬਜ਼ਾਦਿਆਂ ਦੀ ਯਾਦ ਵਿਚ ਅਨੇਕਾਂ ਸਾਹਿਤਕਾਰਾਂ ਨੇ ਸਾਹਿਤ ਰਚਿਆ ਪਰ ਪ੍ਰਸਿੱਧ ਕਵੀ ਹਕੀਮ ਯੋਗੀ ਅੱਲਾ ਯਾਰ ਖਾਂ ਦਾ ਰਚਿਆ ਹੋਇਆ ਕਿੱਸਾ ‘ਗੰਜਿ-ਸ਼ਹੀਦਾਂ' ਬਹੁਤ ਪ੍ਰਸਿੱਧ ਹੈ। ਉਸ ਵਿਚ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਜੰਗ ਵਿਚ ਤਿਆਰ ਹੋਣ ਤੋਂ ਲੈ ਕੇ ਸ਼ਹੀਦੀ ਤੱਕ ਦਾ ਪ੍ਰਸੰਗ ਬੜੇ ਅਨੂਠੇ ਢੰਗ ਨਾਲ ਬਿਆਨ ਕੀਤਾ ਗਿਆ ਹੈ।

-

Top News view more...

Latest News view more...

PTC NETWORK
PTC NETWORK