ਸਿਦਕੀ ਪਰਵਾਨੇ : ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼
ਸਿਦਕੀ ਪਰਵਾਨੇ : ਸਿੱਖ ਇਤਿਹਾਸ ਸਿਦਕੀ ਪਰਵਾਨਿਆਂ ਦੀਆਂ ਬੇਮਿਸਾਲ ਸ਼ਹਾਦਤਾਂ ਦੇ ਲਾਸਾਨੀ ਕਾਰਨਾਮਿਆਂ ਨਾਲ ਭਰਪੂਰ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਜ਼ੁਲਮ ਦੀ ਹਨੇਰੀ ਨੇ ਸਿੰਘਾਂ ਦੇ ਸਬਰ ਦਾ ਇਮਤਿਹਾਨ ਲਿਆ ਤਾਂ ਸਿੱਖੀ ਦੇ ਸਿਦਕੀ ਯੋਧਿਆਂ ਨੇ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਖੋਪਰੀ ਉਤਰਵਾ ਲਈ ਪਰ ਧਰਮ ਨਹੀਂ ਹਾਰਿਆ। ਭਾਈ ਤਾਰੂ ਸਿੰਘ ਜੀ ਉਨ੍ਹਾਂ ਦਲੇਰ ਮਰਜੀਵੜਿਆਂ ਵਿੱਚੋਂ ਅਜਿਹੇ ਸੂਰਬੀਰ ਹੋਏ ਹਨ ਜਿਨ੍ਹਾਂ ਧਰਮ ਹਿੱਤ ਸ਼ਹੀਦ ਹੁੰਦਿਆਂ ਖੋਪਰ ਲੁਹਾ ਲਿਆ ਪਰ ਸੀ ਨਾ ਉਚਰੀ। ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ 1716 ਈ. 'ਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਮੁਗਲ ਹਕੂਮਤ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਜ਼ੁਲਮ ਦੀ ਹਨੇਰੀ ਝੁਲਾ ਦਿੱਤੀ। ਸਿੱਖਾਂ ਦੇ ਸਿਰਾਂ ਦੇ ਮੁੱਲ ਵੱਟੇ ਗਏ।
ਇਨ੍ਹਾਂ ਹਾਲਾਤ ਵਿੱਚ ਸਿੱਖਾਂ ਨੇ ਜੰਗਲਾਂ ਵਿੱਚ ਵਾਸ ਕਰਦਿਆਂ ਹਕੂਮਤ ਨਾਲ ਟਾਕਰਾ ਕੀਤਾ ਅਤੇ ਸਿਰ ਧੜ ਦੀ ਬਾਜ਼ੀ ਲਗਾਉਂਦਿਆਂ ਸਿੱਖੀ ਸਿਧਾਂਤਾਂ ਦੀ ਅਗਵਾਈ ਕੀਤੀ। ਜਦੋਂ ਇੱਕ ਪਾਸੇ ਲਾਹੌਰ ਦਾ ਗਵਰਨਰ ਜ਼ਕਰੀਆ ਖ਼ਾਨ ਜ਼ੁਲਮ ਦੀਆਂ ਹੱਦਾਂ ਨੂੰ ਪਾਰ ਕਰਦਿਆਂ ਸਿੱਖਾਂ ਦੇ ਹੌਸਲੇ ਪਸਤ ਕਰਨ ਦਾ ਹਰ ਹੀਲਾ ਵਰਤ ਰਿਹਾ ਸੀ ਤਦ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ਵਿੱਚ 1720 ਈ: ਨੂੰ ਜਨਮੇ, ਭਾਈ ਜੋਧ ਸਿੰਘ ਅਤੇ ਮਾਤਾ ਧਰਮ ਕੌਰ ਦੇ ਜਾਏ ਭਾਈ ਤਾਰੂ ਸਿੰਘ ਜੀ ਇਸ ਔਖੀ ਘੜੀ ਵਿੱਚ ਆਪਣੇ ਪਰਿਵਾਰ ਨਾਲ ਮਿਲ ਕੇ ਸਿੰਘਾਂ ਦੀ ਲੰਗਰ ਪਾਣੀ ਨਾਲ ਸੇਵਾ ਕਰ ਰਹੇ ਸਨ। ਜਦੋਂ ਭਾਈ ਤਾਰੂ ਸਿੰਘ ਜੀ ਦੇ ਧਰਮ ਹਿੱਤ ਕਾਰਜਾਂ ਦੀ ਖ਼ਬਰ ਜੰਡਿਆਲੇ ਦੇ ਹਰਭਗਤ ਨਿਰੰਜਨੀਏ ਤੱਕ ਪੁੱਜੀ ਤਾਂ ਉਸ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਪਾਸ ਭਾਈ ਤਾਰੂ ਸਿੰਘ ਜੀ ਦੀ ਖਿਲਾਫ਼ਤ ਕਰਦਿਆਂ ਗ੍ਰਿਫ਼ਤਾਰ ਕਰਵਾ ਦਿੱਤਾ।
ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਸਿੰਘਾਂ ਦੀ ਸਹਾਇਤਾ ਕਰਨ ਨੂੰ ਹਕੂਮਤ ਵਿਰੁੱਧ ਬਗ਼ਾਵਤ ਵਜੋਂ ਵੇਖਿਆ। ਭਾਈ ਤਾਰੂ ਸਿੰਘ ਜੀ ਨੂੰ ਕੈਦ ਕਰ ਲਿਆ ਗਿਆ ਅਤੇ ਅਸਹਿ ਤਸੀਹੇ ਦਿੰਦਿਆ ਸਿੱਖੀ ਤੋਂ ਡੋਲਾਉਣ ਲਈ ਜ਼ੁਲਮੀ ਕਾਰਵਾਈ ਆਰੰਭ ਕਰ ਦਿੱਤੀ। ਬੇਅੰਤ ਤਸੀਹਿਆਂ ਦੇ ਬਾਵਜੂਦ ਭਾਈ ਤਾਰੂ ਸਿੰਘ ਜੀ ਅਡੋਲ ਰਹੇ। ਜ਼ਕਰੀਆ ਖ਼ਾਨ ਨੇ ਗੁੱਸੇ ਵਿੱਚ ਆਉਂਦਿਆਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਕੇਸਾਂ ਸਮੇਤ ਉਤਾਰਣ ਦਾ ਹੁਕਮ ਸੁਣਾ ਦਿੱਤਾ। ਜੱਲਾਦ ਨੇ ਤਿੱਖੀ ਰੰਬੀ ਨਾਲ ਭਾਈ ਤਾਰੂ ਸਾਹਿਬ ਜੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਭਾਈ ਤਾਰੂ ਸਿੰਘ ਜੀ ਨੇ ਸਿੱਖੀ ਸਿਦਕ ਨਿਭਾਉਂਦਿਆਂ ਸੀ ਤਕ ਨਾ ਉਚਾਰੀ ਅਤੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰ ਮੰਨਦਿਆਂ ਸਿੱਖੀ ਕੇਸਾਂ ਸੰਗ ਨਿਭਾਹੀ। ਧੰਨ ਸਿੱਖੀ ਤੇ ਧੰਨ ਸਿੱਖੀ ਜਜ਼ਬਾ। ਭਾਈ ਤਾਰੂ ਸਿੰਘ ਜੀ ਦੀ ਇਹ ਅਨੋਖੀ ਸ਼ਹਾਦਤ ਹਰ ਸਿੱਖ ਨੂੰ ਗੁਰੂ ਪੁਰ ਪੂਰਨ ਭਰੋਸੇ ਅਤੇ ਸਿੱਖੀ ਸਿਧਾਂਤਾਂ ਲਈ ਜੂਝ ਮਰਨ ਦੀ ਪ੍ਰੇਰਨਾ ਦਿੰਦੀ ਹੈ।
- PTC NEWS