Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਨੀਮੇਸ਼ਨ ਫ਼ਿਲਮ “ਹਿੰਦ ਦੀ ਚਾਦਰ” ‘ਤੇ ਤੁਰੰਤ ਰੋਕ ਲਗਾਉਣ ਦੇ ਹੁਕਮ
Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣੀ ਐਨੀਮੇਸ਼ਨ ਫ਼ਿਲਮ ‘ਹਿੰਦ ਦੀ ਚਾਦਰ’ 'ਤੇ ਤੁਰੰਤ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ 21 ਨਵੰਬਰ 2025 ਨੂੰ ਫ਼ਿਲਮ ਰਿਲੀਜ਼ ਲਈ ਜਾਰੀ ਪੋਸਟਰਾਂ ‘ਤੇ ਵੀ ਸਖ਼ਤ ਇਤਰਾਜ ਜਤਾਇਆ ਹੈ। ਸਿੱਖ ਵਿਦਵਾਨਾਂ ਅਤੇ ਸਬ-ਕਮੇਟੀ ਨੇ ਫ਼ਿਲਮ ਨੂੰ ਸਿੱਖ ਮਰਿਆਦਾ ਦੇ ਖ਼ਿਲਾਫ਼ ਦੱਸਿਆ ਹੈ।
ਫ਼ਿਲਮ ਰਿਲੀਜ਼ ਨਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ SGPC ਨੂੰ ਇੱਕ ਪੱਤਰ ਲਿਖਿਆ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਵੇਜਾ ਮੂਵੀਜ਼ ਪ੍ਰਾਈਵੇਟ ਲਿਮਟਿਡ, ਮੁੰਬਈ ਵੱਲੋਂ ਬਣਾਈ ਗਈ “ਹਿੰਦ ਦੀ ਚਾਦਰ" ਐਨੀਮੇਸ਼ਨ ਫ਼ਿਲਮ ਦੀ ਸਿੱਖ ਵਿਦਵਾਨਾਂ ਅਤੇ ਸਬ-ਕਮੇਟੀ ਦੇ ਕੋਆਰਡੀਨੇਟਰ ਵੱਲੋਂ ਪੁੱਜੀ ਰਿਪੋਰਟ ਅਨੁਸਾਰ ਇਸ ਫਿਲਮ ਵਿਚ ਸਿਧਾਂਤਕ, ਇਤਿਹਾਸਕ ਅਤੇ ਫਿਲਮਾਂਕਣ ਦੇ ਪੱਖ ਤੋਂ ਬਹੁਤ ਸਾਰੀਆਂਕਮੀਆਂ ਤੇ ਖਾਮੀਆਂ ਹਨ, ਜਿਨ੍ਹਾਂ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।
ਇਸ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰਬਰ 651 ਮਿਤੀ 21 ਦਸੰਬਰ, 2022 ਅਨੁਸਾਰ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਉੱਤੇ ਮੁਕੰਮਲ ਰੋਕ ਲਗਾਈ ਹੋਈ ਹੈ। ਫਿਲਮਾਂ/ਐਨੀਮੇਸ਼ਨ ਫਿਲਮਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਤੀ 02 ਮਈ 2025 ਨੂੰ ਹੋਈ ਇਕੱਤਰਤਾ ਵਿੱਚ ਪੰਥਕ ਸਖਸ਼ੀਅਤਾਂ, ਸਿੱਖ ਬੁੱਧੀਜੀਵੀਆਂ, ਵਿਦਵਾਨਾਂ ਦੀਆਂ ਦੀਰਘ ਵਿਚਾਰਾਂ ਉਪਰੰਤ ਵੀ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਸਿੱਖ ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰਕ ਮੈਂਬਰਾਂ, ਸਿੱਖ ਸ਼ਹੀਦਾਂ, ਮਹਾਂਪੁਰਖਾਂ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਕਰਕੇ ਫਿਲਮਾਂ ਨਹੀਂ ਬਣਾਈਆਂ ਜਾ ਸਕਦੀਆਂ।
ਉਕਤ ਦੇ ਮੱਦੇਨਜ਼ਰ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਬਵੇਜਾ ਮੂਵੀਜ਼ ਪ੍ਰਾਈਵੇਟ ਲਿਮਟਿਡ, ਮੁੰਬਈ ਵੱਲੋਂ ਬਣਾਈ ਗਈ ਫਿਲਮ “ਹਿੰਦ ਦੀ ਚਾਦਰ” ਉੱਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ। ਜਾਣਕਾਰੀ ਅਨੁਸਾਰ ਇਹਨਾਂ ਵੱਲੋਂ ਮਿਤੀ 21 ਨਵੰਬਰ 2025 ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਜਾਰੀ ਕਰਨ ਦੇ ਪੋਸਟਰ ਅਧਿਕਾਰਤ ਰੂਪ ਵਿਚ ਜਾਰੀ ਕੀਤੇ ਗਏ ਹਨ, ਜੋ ਕਿ ਠੀਕ ਨਹੀਂ।
ਇਸ ਮਾਮਲੇ ਵਿਚ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨਾਲ ਲਿਖਤੀ ਪੱਤਰ ਲਿਖ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਫਿਲਮ 21 ਨਵੰਬਰ 2025 ਨੂੰ ਰਿਲੀਜ਼ ਨਾ ਹੋਵੇ, ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਸਿੱਖ ਭਾਵਨਾਵਾਂ ਦੇ ਵਿਰੁੱਧ ਮੰਨਿਆ ਜਾਵੇ ਅਤੇ ਇਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

- PTC NEWS