Sri Akal Takht Sahib : ਪੰਜ ਪਿਆਰੇ ਸਿੰਘ ਸਾਹਿਬਾਨ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਕੀਤਾ ਖਾਰਜ, ਫੈਸਲੇ ਨੂੰ ਦੱਸਿਆ ਗੈਰ-ਸਿਧਾਂਤਕ ਅਤੇ ਗੈਰ-ਵਾਜ਼ਿਬ
Sri Akal Takht Sahib : ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਲੰਘੇ ਦਿਨ ਬੁੱਧਵਾਰ ਦਿੱਤੇ ਗਏ ਇੱਕ ਫੈਸਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀਰਵਾਰ ਮੁੜ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ, ਜਿਸ ਵਿੱਚ ਤਖਤ ਸ੍ਰੀ ਪਟਨਾ ਸਾਹਿਬ (Sri Harimandi Sahib Patna Sahib) ਦੇ ਫੈਸਲੇ ਨੂੰ ਸਿੱਖ ਕੌਮ ਅਤੇ ਸਿੱਖ ਸਿਧਾਂਤਾਂ ਦੇ ਉਲਟ ਕਰਾਰ ਦਿੱਤਾ ਹੈ।
ਦੱਸ ਦਈਏ ਕਿ ਬੀਤੇ ਦਿਨ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ (Jathedar Kuldeep Singh Gargaj) ਅਤੇ ਤਖਤ ਸ੍ਰੀ ਦਮਦਮਾ ਸਾਹਿਬ (Takht Sri Damdama Sahib) ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ (Jathedar Baba Tek Singh Dhanaula) ਨੂੰ ਹੁਕਮਨਾਮਾ ਜਾਰੀ ਕਰਦੇ ਹੋਏ ਤਲਬ ਕਰਨ ਦਾ ਫੈਸਲਾ ਲਿਆ ਗਿਆ ਸੀ।
ਇਸ ਹੁਕਮਨਾਮੇ ਨੂੰ ਲੈ ਕੇ ਅੱਜ ਮੁੜ ਸ੍ਰੀ ਅਕਾਲ ਤਖਤ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਇਕੱਤਰਤਾ ਕੀਤੀ ਅਤੇ ਇਕਜੁਟਤਾ ਨਾਲ ਫੈਸਲਾ ਲੈਂਦੇ ਹੋਏ ਕਿਹਾ ਗਿਆ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਪਾਏ ਮਤੇ ਖਿਲਾਫ਼ ਸਖਤ ਵਿਰੋਧ ਦਰਜ ਕਰਵਾਇਆ ਅਤੇ ਇਸ ਨੂੰ ਸਿੱਖ ਕੌਮ ਦੇ ਅਕਸ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ ਹੈ।
ਇਕੱਤਰਤਾ ਵਿਚ ਪੰਜ ਪਿਆਰੇ ਸਾਹਿਬਾਨ ਭਾਈ ਸੁਖਦੇਵ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਸੰਦੀਪ ਸਿੰਘ, ਭਾਈ ਸੁਖਜਿੰਦਰ ਸਿੰਘ ਤੇ ਭਾਈ ਰਛਪਾਲ ਸਿੰਘ ਸ਼ਾਮਿਲ ਸਨ, ਜਿਨ੍ਹਾਂ ਨੇ ਗੁਰਮਤਾ ਪਾਸ ਕਰਦਿਆਂ ਕਿਹਾ ਹੈ ਕਿ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਹੈ, ਇਹ ਸਿੱਖ ਜਗਤ ਵਿਚ ਸਰਬਉੱਚ ਹੈ ਅਤੇ ਸਮੁੱਚਾ ਸਿੱਖ ਜਗਤ ਆਪਣੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲੈ ਕੇ ਆਉਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਸਵੀਕਾਰ ਕਰਦੀ ਹੈ।
ਇਹ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਹੈ, ਇੱਕ ਸਿੱਖ ਪੰਥ ਨੂੰ ਦੋਫਾੜ ਕਰਨ ਦੀ ਸਾਜਿਸ਼ ਰਚੀ ਗਈ। ਇਸ ਦੇ ਨਾਲ ਹੀ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਇਸ ਫੈਸਲੇ ਨੂੰ ਗੈਰ-ਸਿਧਾਂਤਕ ਅਤੇ ਗੈਰ-ਵਾਜਿਬ ਕਰਾਰ ਦਿੱਤਾ ਹੈ।
- PTC NEWS