ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ Emergency ਨੂੰ ਲੈ ਕੇ ਸਿੱਖ ਪੰਥ ਨੂੰ ਇਕਜੁਟਤਾ ਦਾ ਸੁਨੇਹਾ
Sri Kesgarh Sahib Jathedar Sultan Singh on Emergency Movie : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਵੱਲੋਂ ਰਿਲੀਜ਼ ਕਰਨ ਦੀ ਮਨਜੂਰੀ ਮਿਲ ਗਈ ਹੈ। ਦੱਸ ਦਈਏ ਕਿ ਇਸ ਫਿਲਮ ਨੂੰ ਲੈ ਕੇ ਸਿੱਖ ਪੰਥ 'ਚ ਭਾਰੀ ਰੋਸ ਪਾਇਆ ਗਿਆ ਹੈ। ਹੁਣ ਇਸ ਫਿਲਮ ਦੀ ਰਿਲੀਜ਼ ਨੂੰ ਮਨਜੂਰੀ ਮਿਲਣ 'ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਮਾੜੀ ਭਾਵਨਾ ਰੱਖਣ ਵਾਲੀ ਅਦਾਕਾਰਾ ਕੰਗਣਾ ਰਨੌਤ ਨੇ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਜਿਹੀ ਫਿਲਮ ਨੂੰ ਭਾਰਤ ਦੇ ਸੈਂਸਰ ਬੋਰਡ ਵੱਲੋਂ ਰਿਲੀਜ਼ ਕਰਨ ਲਈ ਇਜਾਜ਼ਤ ਦੇਣਾ ਬੇਹਦ ਮੰਦਭਾਗਾ।
ਜਥੇਦਾਰ ਸੁਲਤਾਨ ਸਿੰਘ ਨੇ ਕਿਹਾ ਕਿ ਕੰਗਣਾ ਰਨੌਤ ਨੇ ਕਿਸਾਨੀ ਅੰਦੋਲਨ ਸਮੇਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਤੇ ਉਸ ਤੋਂ ਬਾਅਦ ਵੀ ਸਮੇਂ ਸਮੇਂ 'ਤੇ ਸਿੱਖਾਂ ਦੇ ਖਿਲਾਫ ਭੱਦੀਆਂ ਟਿੱਪਣੀਆਂ ਕੀਤੀਆਂ ਪਰੰਤੂ ਇਨ੍ਹਾਂ ਸਭ ਨੂੰ ਅੱਖੋਂ-ਪਰੋਖੇ ਕਰਕੇ ਸਰਕਾਰ ਅਤੇ ਸੈਂਸਰ ਬੋਰਡ ਵੱਲੋਂ ਕੰਗਣਾ ਰਨੌਤ ਦੀ ਉਸ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇਣਾ ਬੇਹਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਿਸ ਫਿਲਮ ਵਿੱਚ ਉਸ ਨੇ ਇੱਕ ਵਾਰ ਫਿਰ ਸਿੱਧੇ-ਅਸਿੱਧੇ ਤਰੀਕੇ ਨਾਲ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ।
ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਇੱਕ ਪਾਸੇ ਐਮਰਜੈਂਸੀ ਨੂੰ ਮਨਜੂਰੀ ਦੇ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਬਣੀ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਮਨਜੂਰ ਨਹੀਂ ਕੀਤਾ ਗਿਆ, ਜੋ ਕਿ ਇਹ ਦੱਸਦਾ ਹੈ ਕਿ ਸੈਂਸਰ ਬੋਰਡ ਵੀ ਦੋਹਰੇ ਮਾਪਦੰਡ ਰੱਖਦਾ। ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਸਮੁੱਚੇ ਸਿੱਖ ਪੰਥ ਨੂੰ ਇਕੱਠੇ ਹੋ ਕੇ ਇਸ ਫਿਲਮ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।
- PTC NEWS