Stampede at Ausaneshwar Temple : ਹਰਿਦੁਆਰ ਮਗਰੋਂ ਬਾਰਾਬੰਕੀ ਦੇ ਔਸਨੇਸ਼ਵਰ ਮੰਦਰ 'ਚ ਮਚੀ ਭਗਦੜ ,2 ਸ਼ਰਧਾਲੂਆਂ ਦੀ ਮੌਤ, 30 ਤੋਂ ਵੱਧ ਜ਼ਖਮੀ
Stampede at Ausaneshwar Temple in Barabanki : ਉੱਤਰਾਖੰਡ ਦੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿੱਚ ਭਗਦੜ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਵੀ ਭਗਦੜ ਕਾਰਨ ਹਾਦਸਾ ਵਾਪਰਿਆ ਹੈ। ਬਾਰਾਬੰਕੀ ਜ਼ਿਲ੍ਹੇ ਦੇ ਹੈਦਰਗੜ੍ਹ ਖੇਤਰ ਵਿੱਚ ਸਥਿਤ ਪੌਰਾਣਿਕ ਔਸਨੇਸ਼ਵਰ ਮਹਾਦੇਵ ਮੰਦਰ ਵਿੱਚ ਐਤਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਸਾਵਣ ਦੇ ਤੀਜੇ ਸੋਮਵਾਰ ਨੂੰ ਜਲਾਭਿਸ਼ੇਕ ਲਈ ਰਾਤ 12 ਵਜੇ ਤੋਂ ਬਾਅਦ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਸੀ। ਇਸ ਦੌਰਾਨ ਲਗਭਗ 2 ਵਜੇ ਮੰਦਰ ਪਰਿਸਰ ਵਿੱਚ ਅਚਾਨਕ ਬਿਜਲੀ ਦਾ ਕਰੰਟ ਫੈਲ ਗਿਆ, ਜਿਸ ਕਾਰਨ ਭਗਦੜ ਮਚ ਗਈ।
ਬਿਜਲੀ ਦਾ ਕਰੰਟ ਫੈਲਣ ਕਾਰਨ ਸ਼ਰਧਾਲੂਆਂ ਵਿੱਚ ਹਫੜਾ -ਦਫੜੀ ਮਚ ਗਈ ਅਤੇ ਲੋਕ ਚੀਕਾਂ ਮਾਰਦੇ ਹੋਏ ਇਧਰ-ਉਧਰ ਭੱਜਣ ਲੱਗੇ। ਇਸ ਹਾਦਸੇ ਵਿੱਚ 2 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ 30 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਸ ਘਟਨਾ ਦੇ ਸੰਬੰਧ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਸੰਬੰਧ ਵਿੱਚ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
ਜ਼ਖਮੀਆਂ ਦਾ ਹਸਪਤਾਲ ਵਿੱਚ ਕੀਤਾ ਜਾ ਰਿਹਾ ਇਲਾਜ
ਮੰਦਰ ਪਰਿਸਰ ਵਿੱਚ ਸੁਰੱਖਿਆ ਲਈ ਪੁਲਿਸ ਫੋਰਸ ਪਹਿਲਾਂ ਹੀ ਮੌਜੂਦ ਸੀ ਪਰ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹੈਦਰਗੜ੍ਹ ਅਤੇ ਤ੍ਰਿਵੇਦੀਗੰਜ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ ਜਦੋਂ ਕਿ ਕੁਝ ਗੰਭੀਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਬਾਰਾਬੰਕੀ ਰੈਫਰ ਕਰ ਦਿੱਤਾ ਗਿਆ ਹੈ।
ਬਾਂਦਰਾਂ ਦੇ ਛਾਲ ਮਾਰਨ ਕਾਰਨ ਟੁੱਟੀ ਬਿਜਲੀ ਦੀ ਤਾਰ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਸ਼ਸ਼ਾਂਕ ਤ੍ਰਿਪਾਠੀ ਅਤੇ ਪੁਲਿਸ ਸੁਪਰਡੈਂਟ ਅਰਪਿਤ ਵਿਜੇਵਰਗੀਆ ਸਮੇਤ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਡੀਐਮ ਨੇ ਕਿਹਾ ਕਿ ਕੁਝ ਬਾਂਦਰਾਂ ਨੇ ਬਿਜਲੀ ਦੀਆਂ ਤਾਰਾਂ 'ਤੇ ਛਾਲ ਮਾਰ ਦਿੱਤੀ ,ਜਿਸ ਕਾਰਨ ਤਾਰ ਟੁੱਟ ਗਈ ਅਤੇ ਮੰਦਰ ਪਰਿਸਰ ਦੇ ਟੀਨ ਸ਼ੈੱਡ 'ਤੇ ਡਿੱਗ ਪਈ। ਇਸ ਕਾਰਨ ਕਰੰਟ ਫੈਲ ਗਿਆ ਅਤੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਹਾਦਸੇ ਵਿੱਚ 29 ਲੋਕ ਜ਼ਖਮੀ ਹੋਏ ਹਨ, ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਾਰਾਬੰਕੀ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਰਿਦੁਆਰ ਦੇ ਮਨਸਾ ਦੇਵੀ ਮੰਦਰ 'ਚ ਵੀ ਭਗਦੜ ਕਾਰਨ 8 ਸ਼ਰਧਾਲੂਆਂ ਦੀ ਹੋਈ ਸੀ ਮੌਤ
ਬਾਰਾਬੰਕੀ ਤੋਂ ਪਹਿਲਾਂ ਐਤਵਾਰ ਨੂੰ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿੱਚ ਬਿਜਲੀ ਦੇ ਕਰੰਟ ਦੀ ਖ਼ਬਰ ਕਾਰਨ ਭਗਦੜ ਮਚੀ ਸੀ, ਜਿਸ ਵਿੱਚ 8 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਐਤਵਾਰ ਨੂੰ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ। ਇਸ ਦੌਰਾਨ ਇੱਕ ਅਫਵਾਹ ਫੈਲ ਗਈ ਕਿ ਬਿਜਲੀ ਦਾ ਕਰੰਟ ਵਗ ਰਿਹਾ ਹੈ, ਜਿਸ ਕਾਰਨ ਲੋਕ ਬਚਣ ਲਈ ਇੱਕ ਦੂਜੇ ਉੱਤੇ ਚੜ੍ਹਨ ਲੱਗੇ। ਇਸ ਨਾਲ ਹਫੜਾ-ਦਫੜੀ ਮਚ ਗਈ। ਇਸ ਭਗਦੜ ਨੇ 8 ਲੋਕਾਂ ਦੀ ਜਾਨ ਲੈ ਲਈ।
- PTC NEWS