ਖੌਫਨਾਕ ! ਸਾਨ੍ਹ ਨੇ ਚੁੱਕ-ਚੁੱਕ ਮਾਰੀ ਬਜ਼ੁਰਗ, ਗਲੇ 'ਚੋਂ ਪਾਰ ਹੋਏ ਸਿੰਗ
Haryana Viral Video : ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇੱਕ ਬਹੁਤ ਹੀ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਪਟੇਲ ਨਗਰ 'ਚ ਇੱਕ ਔਰਤ ਨੂੰ ਆਵਾਰਾ ਪਸ਼ੂਆਂ ਵੱਲੋਂ ਸਿੰਗਾਂ ਨਾਲ ਚੁੱਕ-ਚੁੱਕ ਕੇ ਜ਼ਮੀਨ 'ਤੇ ਸੁੱਟਿਆ ਗਿਆ, ਜਿਸ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ 65 ਸਾਲਾ ਗੁਰਦੀਪ ਕੌਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਗੁਰਦੀਪ ਕੌਰ ਆਪਣੇ ਘਰ ਨੇੜੇ ਗਲੀ ਵਿੱਚ ਖੜ੍ਹੀ ਸੀ। ਗੋਡਿਆਂ ਦੀ ਸਮੱਸਿਆ ਕਾਰਨ ਉਹ ਸੋਟੀ ਦੀ ਮਦਦ ਨਾਲ ਬਾਹਰ ਆਈ। ਇਸ ਦੌਰਾਨ ਅਚਾਨਕ ਗਲੀ 'ਚ ਇਕ ਆਵਾਰਾ ਪਸ਼ੂ ਨੇ ਔਰਤ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਸਾਨ੍ਹ ਦਾ ਸਿੰਗ ਔਰਤ ਦੀ ਗਰਦਨ ਵਿੱਚੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਤੋਂ ਬਾਅਦ ਵੀ ਦੂਜਾ ਪਸ਼ੂ ਵੀ ਸਿੰਗਾਂ ਨਾਲ ਔਰਤ ਨੂੰ ਮਾਰਦਾ ਰਿਹਾ। ਆਸ-ਪਾਸ ਦੇ ਲੋਕਾਂ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਨੇੜੇ ਆਉਣ ਦੀ ਹਿੰਮਤ ਨਹੀਂ ਕੀਤੀ। ਪਰਿਵਾਰ ਅਤੇ ਆਸ-ਪਾਸ ਦੇ ਲੋਕ ਬਜ਼ੁਰਗ ਔਰਤ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ, ਜੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਆਵਾਰਾ ਪਸ਼ੂਆਂ ਦੇ ਹਮਲੇ ਕਾਰਨ ਬਜ਼ੁਰਗ ਔਰਤ ਦੀ ਮੌਤ ਹੋਣ ਦੀ ਘਟਨਾ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਘਟਨਾ ਤੋਂ ਬਾਅਦ ਲੋਕਾਂ 'ਚ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਗੁੱਸਾ ਹੈ।
ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਸ਼ਾਮ 5 ਵਜੇ ਦੇ ਕਰੀਬ ਬ੍ਰਹਮਾ ਚੌਕ ਜਾਮ ਕਰ ਦਿੱਤਾ। ਮੌਕੇ 'ਤੇ ਪਹੁੰਚੇ ਐਸਡੀਐਮ ਅਤੇ ਡੀਐਸਪੀ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਜਾਮ ਨੂੰ ਦੂਰ ਕੀਤਾ ਜਾ ਸਕਿਆ।
- PTC NEWS