Stubble Burning: ਤਿੰਨ ਦਿਨਾਂ ਵਿੱਚ ਹੀ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਪਿਛਲੇ ਦੋ ਸਾਲਾਂ ਨਾਲੋਂ ਵੱਧ, ਸਰਕਾਰ ਦੇ ਸਾਰੇ ਦਾਅਵੇ ਨਿਕਲੇ ਫੋਕੇ
Stubble Burning: ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਪੰਜਾਬ ਵਿੱਚ ਫਿਰ ਤੋਂ ਪਰਾਲੀ ਸਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਥਿਤੀ ਇਹ ਹੈ ਕਿ 15 ਸਤੰਬਰ ਤੋਂ ਬਾਅਦ ਦੇ ਤਿੰਨ ਦਿਨਾਂ ਵਿੱਚ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਵੱਧ ਮਾਮਲੇ ਦਰਜ ਹੋਏ ਹਨ।
ਪੰਜਾਬ ਵਿੱਚ ਤਿੰਨ ਦਿਨਾਂ ਵਿੱਚ ਪਰਾਲੀ ਸਾੜਨ ਦੇ 16 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸਾਲ 2022 ਵਿੱਚ ਸਿਰਫ਼ 15 ਅਤੇ 2023 ਵਿੱਚ ਸਿਰਫ਼ 6 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਸਪੱਸ਼ਟ ਹੈ ਕਿ ਪਰਾਲੀ ਸਾੜਨ ਦੇ ਮਾਮਲੇ ਸ਼ੁਰੂ ਤੋਂ ਹੀ ਵੱਧ ਰਹੇ ਹਨ।
ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿੱਚ 15 ਸਤੰਬਰ ਨੂੰ ਪਰਾਲੀ ਸਾੜਨ ਦੇ 11 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਅੰਮ੍ਰਿਤਸਰ ਵਿੱਚ 9, ਤਰਨਤਾਰਨ ਵਿੱਚ 1 ਅਤੇ ਫ਼ਿਰੋਜ਼ਪੁਰ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ। 16 ਤਰੀਕ ਨੂੰ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਮੰਗਲਵਾਰ ਨੂੰ ਪੰਜ ਮਾਮਲੇ ਸਾਹਮਣੇ ਆਏ ਅਤੇ ਇਹ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਹੁਣ ਤੱਕ ਪਰਾਲੀ ਸਾੜਨ ਦੇ ਮਾਮਲੇ ਵਿੱਚ ਅੰਮ੍ਰਿਤਸਰ ਸਭ ਤੋਂ ਅੱਗੇ ਹੈ। ਇੱਥੇ ਹੁਣ ਤੱਕ ਸਭ ਤੋਂ ਵੱਧ 14 ਮਾਮਲੇ ਸਾਹਮਣੇ ਆਏ ਹਨ।
ਜੇਕਰ ਪਿਛਲੇ ਦੋ ਸਾਲਾਂ ਦੀ ਗੱਲ ਕਰੀਏ ਤਾਂ ਸਾਲ 2022 'ਚ 15 ਸਤੰਬਰ ਨੂੰ ਪਰਾਲੀ ਸਾੜਨ ਦੇ 14 ਮਾਮਲੇ ਸਾਹਮਣੇ ਆਏ ਅਤੇ ਸਾਲ 2023 'ਚ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ। 16 ਸਤੰਬਰ 2022 ਨੂੰ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ, ਪਰ ਸਾਲ 2023 ਵਿੱਚ ਛੇ ਮਾਮਲੇ ਸਾਹਮਣੇ ਆਏ ਸਨ। 17 ਸਤੰਬਰ ਤੱਕ, ਸਾਲ 2022 ਵਿੱਚ ਕੇਵਲ ਇੱਕ ਕੇਸ ਐਸ.ਏ.ਐਸ. ਨਗਰ ਤੋਂ ਸਾਹਮਣੇ ਆਇਆ ਸੀ ਅਤੇ 2023 ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ ਸੀ।
- PTC NEWS