ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਨਾਭਾ ਜੇਲ੍ਹ ਪੁੱਜੇ ਸੁਖਬੀਰ ਸਿੰਘ ਬਾਦਲ , ਪੁਲਿਸ ਪ੍ਰਸ਼ਾਸਨ ਵੱਲੋਂ ਅਕਾਲੀ ਆਗੂਆਂ ਨਾਲ ਕੀਤੀ ਗਈ ਬਦਸਲੂਕੀ
Nabha News : ਜਦੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਨਾਭਾ ਜੇਲ੍ਹ ਪੁੱਜੇ ਤਾਂ ਉਥੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਰਕਰ ਤੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਜੇਲ੍ਹ ਅੱਗੇ ਪੁੱਜੇ।
ਜਿਥੇ ਨਾਭਾ ਪੁਲਿਸ ਪ੍ਰਸ਼ਾਸਨ ਵਲੋਂ ਅਕਾਲੀ ਆਗੂਆਂ ਨਾਲ ਧੱਕਾਮੁੱਕੀ ਕਰਦੇ ਹੋਏ ਜਿਥੇ ਬਦਸਲੂਕੀ ਕੀਤੀ ਗਈ, ਉਥੇ ਪੱਤਰਕਾਰਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ। ਜਦੋਂ ਇਸ ਮਾਮਲੇ ਸਬੰਧੀ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਪੁਲਿਸ ਪ੍ਰਸ਼ਾਸਨ ਸਰਕਾਰ ਦਾ ਹੱਥ ਠੋਕਾ ਬਣ ਕੇ ਕੋਝੀਆਂ ਹਰਕਤਾਂ ਕਰ ਰਿਹਾ ਹੈ।
ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਸ਼ਾਂਤਮਈ ਢੰਗ ਨਾਲ ਸੁਖਬੀਰ ਸਿੰਘ ਬਾਦਲ ਦੀ ਉਡੀਕ ਜੇਲ੍ਹ ਦੇ ਬਾਹਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕਦੇ ਵੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਸਰਕਾਰ ਦਾ ਮਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ।
ਰਾਜੂ ਖੰਨਾ ਨੇ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਨਾਭਾ ਜੇਲ੍ਹ ਅੱਗੇ ਅਕਾਲੀ ਵਰਕਰਾਂ ਤੇ ਆਗੂਆਂ ਤੇ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ ਦਾ ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਵੀ ਲਿਆਂਦਾ। ਜਿਸ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਮਾਂ ਆਉਣ 'ਤੇ ਇਹਨਾਂ ਸਰਕਾਰ ਦੇ ਹੱਥਠੋਕੇ ਮੁਲਾਜ਼ਮਾਂ ਨੂੰ ਪਾਈ ਪਾਈ ਦਾ ਹਿਸਾਬ ਦੇਣਾ ਪਵੇਗਾ।
- PTC NEWS