US 'ਚ ਗ੍ਰਿਫ਼ਤਾਰ ਸਿੱਖ ਨੌਜਵਾਨ ਦੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਵੇ ਭਾਰਤ ਸਰਕਾਰ : ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਜਸ਼ਨਪ੍ਰੀਤ ਦਾ ਪਰਿਵਾਰ
Jashanpreet Singh Arrest Case : ਅਮਰੀਕਾ 'ਚ ਸੜਕ ਹਾਦਸੇ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ ਐਤਵਾਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਨੌਜਵਾਨ ਦੇ ਮਾਮਲੇ 'ਚ ਹਰ ਸੰਭਵ ਯਤਨਾਂ ਦਾ ਭਰੋਸਾ ਦਿਵਾਇਆ ਹੈ।
ਦੱਸ ਦਈਏ ਕਿ ਜਸ਼ਨਪ੍ਰੀਤ ਸਿੰਘ ਫ੍ਰੇਟਲਾਈਨਰ ਟਰੈਕਟਰ-ਟ੍ਰੇਲਰ ਦੇ ਸੁਮੇਲ ਦਾ ਡਰਾਈਵਰ ਹੈ, ਜੋ ਐਸਯੂਵੀ ਨਾਲ ਟਕਰਾ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 4 ਵਿਅਕਤੀ ਜ਼ਖ਼ਮੀ ਹੋ ਗਈ ਸੀ। ਹਾਦਸੇ ਪਿੱਛੋਂ ਅਮਰੀਕੀ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਸ਼ਨਪ੍ਰੀਤ ਸਿੰਘ 'ਤੇ ਨਸ਼ੇ ਵਿੱਚ ਗੱਡੀ ਚਲਾਉਣ ਅਤੇ ਵਾਹਨਾਂ ਨਾਲ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਦੀਨਾਨਗਰ ਦੇ ਪਿੰਡ ਪੁਰਾਣਾ ਸ਼ਾਲਾ ਦੇ 21 ਸਾਲਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਚਾਵਲਾ ਸਮੇਤ ਮੇਰੇ ਨਾਲ ਮੁਲਾਕਾਤ ਕੀਤੀ। ਭਾਵੇਂ ਉਨ੍ਹਾਂ ਦੀਆਂ ਅੱਖਾਂ 'ਚ ਦੁੱਖ ਦੀ ਪੀੜਾ ਸੀ, ਪਰ ਨਾਲ ਹੀ ਉਮੀਦ ਦੀ ਰੌਸ਼ਨੀ ਵੀ ਸੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ, ''ਪਰਿਵਾਰ ਨੇ ਪੂਰਨ ਭਰੋਸੇ ਨਾਲ ਕਿਹਾ ਕਿ ਜਸ਼ਨਪ੍ਰੀਤ, ਇੱਕ ਮਿਹਨਤੀ ਅਤੇ ਸੰਜੀਦਾ ਨੌਜਵਾਨ ਹੈ , ਜਿਸ ‘ਤੇ ਅਮਰੀਕਾ ਦੇ ਸੈਨ ਬਰਨਾਰਡੀਨੋ ਕਾਓਂਟੀ 'ਚ ਵਾਪਰੇ ਦੁਖਦਾਈ ਸੜਕੀ ਹਾਦਸੇ ਦੌਰਾਨ ਨਸ਼ੇ ਦੇ ਅਸਰ ਹੇਠ ਹੋਣ ਦਾ ਗਲਤ ਦੋਸ਼ ਲਗਾਇਆ ਗਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਟੌਕਸੀਕੋਲੋਜੀ ਦੀਆਂ ਰਿਪੋਰਟਾਂ ਗੰਭੀਰ ਤੌਰ ‘ਤੇ ਗਲਤ ਹਨ ਅਤੇ ਉਨ੍ਹਾਂ ਦੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ। ਜਿੱਥੇ ਮੈਂ ਇਸ ਦਰਦਨਾਕ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਲਈ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੋਇਆ ਦੁਖੀ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਉਂਦਾ ਹਾਂ, ਉੱਥੇ ਹੀ ਮੈਂ ਅਮਰੀਕੀ ਅਧਿਕਾਰੀਆਂ ਨੂੰ ਨਿਮਰ ਅਪੀਲ ਕਰਦਾ ਹਾਂ ਕਿ ਪੂਰੇ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕੀਤੀ ਜਾਵੇ, ਵਿਦੇਸ਼ ‘ਚ ਰਹਿੰਦਾ ਇਹ ਨੌਜਵਾਨ ਹਮਦਰਦੀ ਦਾ ਹੱਕਦਾਰ ਹੈ।''
ਜਸ਼ਨਪ੍ਰੀਤ ਸਿੰਘ ਦੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਵੇ ਭਾਰਤ ਸਰਕਾਰ : ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਨਾਲ ਹੀ ਕਿਹਾ, ''ਮੈਂ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਜਸ਼ਨਪ੍ਰੀਤ ਦੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ। ਜਸ਼ਨਪ੍ਰੀਤ ਦੀਆਂ ਅਦਾਲਤ ‘ਚ ਬਿਨਾਂ ਦਸਤਾਰ ਦੇ ਤਸਵੀਰਾਂ ਸਾਹਮਣੇ ਆਉਣੀਆਂ ਬਹੁਤ ਹੀ ਦੁਖਦਾਈ ਹਨ ਕਿਉਂਕਿ ਇਹ ਉਸ ਦੀ ਸਿੱਖ ਪਹਿਚਾਣ ਦੀ ਉਲੰਘਣਾ ਹੈ, ਜੋ ਸਾਡੀ ਚਿੰਤਾ ਨੂੰ ਹੋਰ ਵਧਾਉਂਦੀ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਇਨਸਾਫ਼ ਦਇਆ ਭਾਵਨਾ ਨਾਲ ਹੋਵੇ।''
- PTC NEWS