ਬੇਅਦਬੀ ਮਾਮਲੇ ’ਤੇ ਸਸਤੀ ਨੌਟੰਕੀ ਕਰਨ ’ਤੇ ਸੁਖਬੀਰ ਸਿੰਘ ਬਾਦਲ ਨੇ ਰਾਜਾ ਵੜਿੰਗ ਨੂੰ ਕੀਤੀ ਤਾੜਨਾ, CM ਮਾਨ ਨੂੰ ਵੀ ਘੇਰਿਆ
Baba Bakala Rally : ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਵੱਲੋਂ ਪਵਿੱਤਰ ਗ੍ਰੰਥਾਂ ਦੇ ਸੰਵੇਦਨਸ਼ੀਲ ਮਾਮਲੇ ’ਤੇ ਸਸਤੀ ਨੌਟਕੀ ਕਰਨ ਵਿਰੁੱਧ ਤਾੜਨਾ ਕੀਤੀ ਅਤੇ ਉਹਨਾਂ ਵੜਿੰਗ ਨੂੰ ਸਵਾਲ ਕੀਤਾ ਕਿ 2017 ਤੋਂ 2022 ਤੱਕ ਉਹਨਾਂ ਦੀ ਸਰਕਾਰ ਦੇ ਪੰਜ ਸਾਲਾਂ ਵਿਚ ਬੇਅਦਬੀ (Beadbi) ਦੇ ਦੋਸ਼ੀ ਕਿਉਂ ਨਹੀਂ ਫੜੇ ਗਏ ?
ਅੱਜ ਇਥੇ ਪਾਰਟੀ ਦੀ ਪੰਜਾਬ ਬਚਾਓ ਮੁਹਿੰਮ (Punjab Bachao Rally) ਦੇ ਤਹਿਤ ਪਾਰਟੀ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਜਲਾਲਉਸਮਾ ਦੇ ਨਾਲ ਰਲ ਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੜਿੰਗ ਨੂੰ ਇਹ ਵੀ ਆਖਿਆ ਕਿ ਉਹ ਇਹ ਵੀ ਦੱਸਣ ਕਿ ਉਹਨਾਂ ਨੇ ਕਦੇ ਵੀ ਉਹਨਾਂ ਦੀ ’ਮਾਤਾ’ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਸਿੱਖ ਖਿਲਾਫ ਕੀਤੀ ਸਭ ਤੋਂ ਵੱਡੀ ਬੇਅਦਬੀ ਦਾ ਮਾਮਲਾ ਕਿਉਂ ਨਹੀਂ ਚੁੱਕਿਆ।
ਸੁਖਬੀਰ ਸਿੰਘ ਬਾਦਲ ਨੇ ਵੜਿੰਗ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਪਿਛਲੇ 10 ਸਾਲਾਂ ਵਿਚ 597 ਥਾਵਾਂ ’ਤੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਉਹਨਾਂ ਵਿਚੋਧ ਕਿਸੇ ਵੀ ਥਾਂ ’ਤੇ ਉਹ ਕਦੇ ਗਏ ਸਨ ? ਉਹਨਾਂ ਕਿਹਾ ਕਿ ਕਾਂਗਰਸ ਨੇ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ’ਤੇ ਹਮੇਸ਼ਾ ਹੀ ਰਾਜਨੀਤੀ ਕੀਤੀ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਅਕਾਲੀ ਦਲ ਨੂੰ ਬਰਗਾੜੀ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੀ ਜਾਂਚ ਤੋਂ ਰੋਕਣ ਵਾਸਤੇ ਹਮੇਸ਼ਾ ਰਾਜਨੀਤੀ ਕੀਤੀ। ਉਹਨਾਂ ਕਿਹਾ ਕਿ ਇਸਨੂੰ ਬੇਅਦਬੀ ਬਾਰੇ ਗੱਲ ਕਰਨ ਦਾ ਕੋਈ ਨਹੀਂ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ 2014 ਵਿਚ ਆਮ ਆਦਮੀ ਪਾਰਟੀ (ਆਪ) ਦਾ ਪੰਜਾਬ ਵਿਚ ਦਾਖਲਾ ਹੋਇਆ ਤਾਂ ਉਸ ਮਗਰੋਂ ਹੀ 2015 ਤੋਂ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ। ਉਹਨਾਂ ਕਿਹਾ ਕਿ ਆਪ ਦੇ ਐਮ ਐਲ ਏ ਨਰੇਸ਼ ਯਾਦਵ ਨੂੰ ਤਾਂ 2016 ਵਿਚ ਮਾਲੇਰਕੋਟਲਾ ਵਿਚ ਹੋਈ ਬੇਅਦਬੀ ਦੀ ਘਟਨਾ ਦਾ ਦੋਸ਼ੀ ਵੀ ਠਹਿਰਾਇਆ ਗਿਆ ਹਾਲਾਂਕਿ ਆਪ ਨੇ ਡਿਪਟੀ ਕਮਿਸ਼ਨਰ ’ਤੇ ਕੇਸ ਵਾਪਸ ਲੈਣ ਦਾ ਦਬਾਅ ਬਣਾ ਕੇ ਅਤੇ ਹਰਪਾਲ ਚੀਮਾ ਤੇ ਹਰਜੋਤ ਬੈਂਸ ਵਰਗਿਆਂ ਨੂੰ ਉਸਦੇ ਬਚਾਅ ਵਾਸਤੇ ਤਾਇਨਾਤ ਕਰ ਕੇ ਬਚਾਉਣ ਦੀ ਕੋਸ਼ਿਸ਼ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਪਸ਼ੂ ਪਾਲਣ ਦਾ ਧੰਦਾ ਅਪਣਾਉਣ ਤੋਂ ਨਿਰਉਤਸ਼ਾਹਿਤ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਅਜਿਹਾ ਇਸ ਕਰ ਕੇ ਕਰ ਰਹੇ ਹਨ ਕਿਉਂਕਿ ਅਕਾਲੀ ਦਲ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਅਕਾਲੀ ਦਲ ਦੀ ਪਸ਼ੂ ਪਾਲਣ ਵਾਸਤੇ 75 ਫੀਸਦੀ ਸਬਸਿਡੀ ਦੇਣ ਅਤੇ ਪੰਜਾਬ ਬਚਾਓ ਰੈਲੀਆਂ ਨੂੰ ਮਿਲ ਰਹੇ ਹੁੰਗਾਰੇ ਤੋਂ ਬੌਖਲਾ ਗਏ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ ਕਿ ਅਕਾਲੀ ਦਲ ਨੌਜਵਾਨਾਂ ਨੂੰ ਗੋਹਾ ਕੂੜਾ ਕਰਨ ਲਗਾ ਦੇਵੇਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਨੌਜਵਾਨਾਂ ਨੂੰ ਹਿੱਸੇਦਾਰ ਬਣਾਉਣ ਵਾਸਤੇ ਅਜਿਹੀਆਂ ਸਕੀਮਾਂ ਸਮੇਂ ਦੀ ਜ਼ਰੂਰਤ ਹਨ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਜਿਹੜਾ ਬੰਦਾ ਦਿਨ ਵੇਲੇ ਹੀ ਸ਼ਰਾਬ ਨਾਲ ਰੱਜ ਲੈਂਦਾ ਹੈ ਉਸ ਤੋਂ ਕੋਈ ਆਸ ਵੀ ਨਹੀਂ ਰੱਖਣੀ ਚਾਹੀਦੀ।
ਦੁੱਧ 'ਤੇ ਐਮਐਸਪੀ ਦਾ ਕੀਤਾ ਵਾਅਦਾ
ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਦੁੱਧ ’ਤੇ ਵੀ ਐਮ ਐਸ ਪੀ ਦੇਵੇਗੀ ਤਾਂ ਜੋ ਡੇਅਰੀ ਕਿਸਾਨਾਂ ਦੇ ਹਿੱਤ ਸੁਰੱਖਿਅਤ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਪਾਰਟੀ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕਰੇਗੀ ਜਿਸਦੇ ਕੇਂਦਰ ਹਰ ਜ਼ਿਲ੍ਹੇ ਵਿਚ ਸਥਾਪਿਤ ਕੀਤੇ ਜਾਣਗੇ ਤੇ ਨੌਜਵਾਨਾਂ ਨੂੰ ਉਦਯੋਗ ਜਗਤ ਦੀ ਲੋੜ ਮੁਤਾਬਕ ਹੁਨਰ ਸਿੱਖਲਾਈ ਦਿੱਤੀ ਜਾਵੇਗੀ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੀਆਂ ਗਲੀਆਂ ਤੇ ਨਾਲੀਆਂ ਪੜਾਅਵਾਰ ਪੱਕੀਆਂ ਕੀਤੀਆਂ ਜਾਣਗੀਆਂ ਤੇ ਹਰ ਸਾਲ 2500 ਪਿੰਡਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਸਾਂਝੀਆਂ ਜ਼ਮੀਨਾਂ ਦੀ ਤਕਸੀਮ ਮੁਫਤ ਵਿਚ ਕਰਵਾ ਕੇ ਦਿੱਤੀ ਜਾਵੇਗੀ ਅਤੇ ਲਾਲ ਡੋਰੇ ਦੇ ਅੰਦਰ ਰਹਿਣ ਵਾਲਿਆਂ ਦੀਆਂ ਰਜਿਸਟਰੀਆਂ ਕਰਵਾ ਕੇ ਦਿੱਤੀਆਂ ਜਾਣਗੀਆਂ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਵੇਅਰ ਹਾਊਸਿੰਗ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਅਤੇ 19 ਸਾਲਾਂ ਦੇ ਰਣਜੀਤ ਸਿੰਘ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਹੀ ਮਿਲਕਫੈਡ ਵਿਚ ਹੋਏ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਹੈ ਕਿਉਂਕਿ ਉਹਨਾਂ ਕੋਲ ਹੀ ਸਹਿਕਾਰਤਾ ਵਿਭਾਗ ਹੈ ਅਤੇ ਉਹਨਾਂ ਦੀ ਨਿਗਰਾਨੀ ਹੇਠ ਹੀ ਭਾਰਤੀ ਫੌਜ ਨੇ ਵੇਰਕਾ ਦਾ ਸਾਰਾ ਦੁੱਧ ਪਾਊਡਰ ਰੱਦ ਕਰ ਦਿੱਤਾ ਹੈ।
ਇਸ ਮੌਕੇ ਸੀਨੀਅਰ ਆਗੂ ਵੀਰ ਸਿੰਘ ਲੋਪੋਕੇ ਤੇ ਰਾਜਵਿੰਦਰ ਸਿੰਘ ਰਾਜਾ ਲਾਦੇਹ ਵੀ ਹਾਜ਼ਰ ਸਨ।
- PTC NEWS