Shiromani Akali Dal ਦੀ ਪ੍ਰਧਾਨਗੀ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਬਿਆਨ, ਕਿਹਾ- ਜੇਕਰ ਮੁੜ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਤਾਂ..
Shiromani Akali Dal : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਦੇਸ਼ ਅਨੁਸਾਰ ਜੇਕਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਕਮੁੱਠ ਹੋ ਕੇ ਨਵੇਂ ਸਿਰੇ ਤੋਂ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਕਿਉਂਕਿ ਮੁੱਢ ਤੋਂ ਹੀ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਤਾਂ ਉਹ ਹਮੇਸ਼ਾਂ ਤੋਂ ਹੀ ਸਰਵਪ੍ਰਵਾਨਤ ਪ੍ਰਧਾਨ ਹੁੰਦਾ ਹੈ, ਚਾਹੇ ਉਹ ਚੋਣ ਉਪਰੰਤ ਸੁਖਬੀਰ ਬਾਦਲ ਹੀ ਮੁੜ ਤੋਂ ਪ੍ਰਧਾਨ ਬਣਨ, ਅਸੀਂ ਸਾਰੇ ਪ੍ਰਵਾਨ ਕਰਾਂਗੇ। ਇਹ ਪ੍ਰਗਾਟਾਵਾ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਅਨੁਸਾਰ ਸੇਵਾ ਕਰਨ ਲਈ ਪਹੁੰਚੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਹੋਣ ਦੇ ਨਾਤੇ ਸੁਖਦੇਵ ਸਿੰਘ ਢੀਂਡਸਾ ਦੀ ਇਹ ਵਿਸ਼ੇਸ਼ ਪਹਿਲਕਦਮੀ ਤੇ ਫਰਾਕਦਿਲੀ ਨੇ ਇੱਕ ਵਾਰ ਫਿਰ ਤੋਂ ਪਾਰਟੀ ਦੀਆਂ ਸਿਆਸੀ ਸਫਾਂ ਵਿੱਚ ਗਰਮਾਹਟ ਲਿਆ ਦਿੱਤੀ ਹੈ। ਢੀਂਡਸਾ ਨੇ ਸਪਸ਼ਟ ਸ਼ਬਦਾਂ ਵਿੱਚ ਮੰਨਿਆ ਕਿ ਜੇਕਰ ਨਵੀਂ ਚੋਣ ਉਪਰੰਤ ਮੁੜ ਤੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਹਨ ਤਾਂ ਉਹ ਸਾਨੂੰ ਸਾਰਿਆ ਨੂੰ ਹੀ ਮਨਜ਼ਰੂ ਹੋਣਗੇ ਤੇ ਨਾ ਮਨਜ਼ੂਰ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਹ ਜਥੇਦਾਰ ਅਕਾਲ ਤਖਤ ਵੱਲੋਂ ਬਾਗ਼ੀਆਂ ਤੇ ਦਾਗ਼ੀਆਂ ਦੇ ਇਕੱਠੇ ਹੋਣ ਵਾਲੇ ਹੁਕਮ ‘ਤੇ ਟਿੱਪਣੀ ਦੇ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਰੂਪਨਗਰ ਦੇ ਸਿਰਕੱਢ ਤੇ ਨਿਧੜਕ ਅਕਾਲੀ ਆਗੂ ਭੁਪਿੰਦਰ ਸਿੰਘ ਬਜਰੂੜ ਵੀ ਹਾਜ਼ਰ ਸਨ।
ਢੀਂਡਸਾ ਨੇ ਕਿਹਾ ਕਿ ਸਿਰਫ ਸਿੱਖ ਕੌਮ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਤੇ ਰੂਹਾਨੀਅਤ ਦੇ ਕੇਂਦਰ ਸਚਿਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਗੋਲੀ ਚਲਾਉਣੀ ਅੰਤਾਂ ਦੀ ਮਾੜੀ ਗੱਲ ਹੈ। ਇਸਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੁਲੀਸ ਅਫਸਰਾਂ ਵੱਲੋਂ ਕਾਹੀ ਦੇ ਵਿ ੱਚ ਕੀਤੀ ਗਈ ਬਿਆਨਬਾਜ਼ੀ ਬਾਰੇ ਟਿੱਪਣੀ ਦਿੰਦਿਆਂ ਕਿਹਾ ਕਿ ਉਹ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਸੀ।
ਢੀਂਡਸਾ ਨੇ ਕਿਹਾ ਕਿ ਅੱਜ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠਾ ਸਮੁੱਚੀ ਪੰਜਾਬ ਭਾਈਚਾਰਾ ਵੀ ਇਹੋ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਵੱਜੋਂ ਮਜ਼ਬੂਤ ਹੋਵੇ ਤਾਂ ਸਾਰੇ ਇੱਕਮੁੱਠ ਹੋਣ। ਇਹੀ ਅਦੇਸ਼ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਅਸੀਂ ਸਾਰੇ ਉਸ ਅਦੇਸ਼ ਨੂੰ ਹਰ ਹੀਲੇ ਪੂਰਾ ਕਰਾਂਗੇ।
ਉਨ੍ਹਾਂ ਕਿਹਾ ਕਿ ਮੇਰੀ ਸਿਹਤ ਨਾਸਾਜ਼ ਹੋਣ ਕਰਕੇ ਉਹ ਬੀਤੇ ਦਿਨ ਤਖਤ ਸਾਹਿਬ ਵਿਖੇ ਆ ਨਹੀਂ ਸਕੇ ਤੇ ਅੱਜ ਤੇ ਭਲਕੇ ਉਹ ਸੇਵਾ ਕਰਨ ਲਈ ਹਾਜ਼ਰ ਰਹਿਣਗੇ।ਇਸ ਮੌਕੇ ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜਦਕਿ ਢੀਂਡਸਾ ਦੇ ਨਾਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਬੰਸ ਸਿੰਘ ਮੰਝਪੁਰ, ਭੁਪਿੰਦਰ ਸਿੰਘ ਬਜਰੂੜ ਤੋਂ ਇਲਾਵਾ, ਸੁਰਜੀਤ ਸਿੰਘ ਚੈਹੜਮਜ਼ਾਰਾ, ਸੁਰਿੰਦਰ ਸਿੰਘ ਘੱਟੀਵਾਲ, ਸਤਵੰਤ ਸਿੰਘ ਸਰਾਓ, ਸੁਰਜੀਤ ਸਿੰਘ ਦੁਲਚੀਮਾਜਰਾ, ਹਰਮੇਸ਼ ਸਿੰਘ ਕੀਰਤਪੁਰ ਸਾਹਿਬ, ਸਾਬਕਾ ਜ਼ਿਲ੍ਹਾ ਜਥੇਦਾਰ ਪ੍ਰੀਤ ਸਿੰਘ ਸੱਲੋਮਾਜਰਾ, ਮੁਹੰਮਦ ਤੁਫੈਲ, ਸਾਬਕਾ ਚੇਅਰਮੈਨ ਗੁਰਦੀਪ ਮਕੌਰ ਅਤੇ ਹਰਦੀਪ ਸਿੰਘ ਸਣੇ ਅਮਰਿੰਦਰ ਸਿੰਘ ਮੁੰਡੀਆਂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਗੋਲੀ ਚਲਾਉਣ ਵਾਲੇ ਨੂੰ ਪੰਥ ਵਿੱਚੋਂ ਛੇਕਣ ਦੀ ਕੀਤੀ ਮੰਗ
- PTC NEWS