ਸਦਗੁਰੂ ਨੂੰ SC ਤੋਂ ਵੱਡੀ ਰਾਹਤ, Isha Foundation ਖਿਲਾਫ਼ ਹਾਈਕੋਰਟ 'ਚ ਚੱਲ ਰਹੀ ਕਾਰਵਾਈ ਰੱਦ ਕਰਨ ਦੇ ਹੁਕਮ
SC Dismisses Case Against Isha Foundation : ਸਦਗੁਰੂ ਜੱਗੀ ਵਾਸੂਦੇਵ ਦੀ ਈਸ਼ਾ ਫਾਊਂਡੇਸ਼ਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਦੋ ਔਰਤਾਂ ਨੂੰ ਕਥਿਤ ਤੌਰ 'ਤੇ ਬੰਧਕ ਬਣਾਉਣ ਦੇ ਮਾਮਲੇ 'ਚ ਈਸ਼ਾ ਫਾਊਂਡੇਸ਼ਨ ਦੇ ਖਿਲਾਫ ਹਾਈਕੋਰਟ 'ਚ ਚੱਲ ਰਹੀ ਕਾਰਵਾਈ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਦਰਅਸਲ, ਔਰਤਾਂ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਹ ਤਾਮਿਲਨਾਡੂ ਦੇ ਕੋਇੰਬਟੂਰ ਸਥਿਤ ਆਸ਼ਰਮ 'ਚ ਬਿਨਾਂ ਕਿਸੇ ਦਬਾਅ ਦੇ ਆਪਣੀ ਮਰਜ਼ੀ ਨਾਲ ਰਹਿ ਰਹੀਆਂ ਸਨ।
ਹਾਲਾਂਕਿ ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਫੈਸਲੇ ਦਾ ਅਸਰ ਇਸ ਕੇਸ ਤੱਕ ਹੀ ਸੀਮਤ ਰਹੇਗਾ। ਮਤਲਬ ਹੈਬੀਅਸ ਕਾਰਪਸ ਕੇਸ ਬੰਦ ਰਹੇਗਾ। ਸੁਪਰੀਮ ਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਮਦਰਾਸ ਹਾਈ ਕੋਰਟ (Madras High Court) ਵੱਲੋਂ ਅਜਿਹੀ ਪਟੀਸ਼ਨ 'ਤੇ ਜਾਂਚ ਦਾ ਹੁਕਮ ਦੇਣਾ ਪੂਰੀ ਤਰ੍ਹਾਂ ਨਾਲ ਅਣਉਚਿਤ ਹੈ। ਪਿਤਾ ਦੀ ਹੈਬੀਅਸ ਕਾਰਪਸ ਪਟੀਸ਼ਨ ਗਲਤ ਹੈ ਕਿਉਂਕਿ ਦੋਵੇਂ ਲੜਕੀਆਂ ਬਾਲਗ ਹਨ। ਉਹ ਆਪਣੀ ਮਰਜ਼ੀ ਨਾਲ ਆਸ਼ਰਮ ਵਿੱਚ ਰਹਿ ਰਹੀ ਹੈ।
ਸਦਗੁਰੂ ਜੱਗੀ ਵਾਸੂਦੇਵ ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਹਨ। ਆਪਣੇ ਆਸ਼ਰਮ 'ਚ ਦੋ ਲੜਕੀਆਂ ਨੂੰ ਜ਼ਬਰਦਸਤੀ ਬੰਧਕ ਬਣਾ ਕੇ ਰੱਖਣ ਦੇ ਦੋਸ਼ ਲੱਗੇ ਸਨ ਅਤੇ ਪਰਿਵਾਰਕ ਮੈਂਬਰਾਂ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਪੂਰੀ ਕੀਤੀ ਅਤੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਰਾਜ ਪੁਲਿਸ ਈਸ਼ਾ ਫਾਊਂਡੇਸ਼ਨ ਵਿਰੁੱਧ ਸ਼ਿਕਾਇਤ ਦੀ ਜਾਂਚ ਜਾਰੀ ਰੱਖੇਗੀ। ਸਾਡਾ ਹੁਕਮ ਪੁਲਿਸ ਜਾਂਚ ਵਿੱਚ ਰੁਕਾਵਟ ਨਹੀਂ ਬਣੇਗਾ।
ਸੁਪਰੀਮ ਕੋਰਟ ਨੇ ਕਿਹਾ ਕਿ ਜੋ ਮੁੱਦਾ ਹਾਈ ਕੋਰਟ ਦੇ ਸਾਹਮਣੇ ਸੀ, ਉਸ 'ਤੇ ਹੀ ਚਰਚਾ ਹੋਣੀ ਚਾਹੀਦੀ ਸੀ। ਹੋਰ ਟਿੱਪਣੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ। CJI ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ, 8 ਸਾਲ ਪਹਿਲਾਂ ਲੜਕੀਆਂ ਦੀ ਮਾਂ ਨੇ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ। ਹੁਣ ਪਿਤਾ ਨੇ ਦਾਇਰ ਕੀਤੀ ਹੈ। ਹਾਈ ਕੋਰਟ ਨੇ ਦੋਵਾਂ ਨੂੰ ਪੇਸ਼ ਹੋਣ ਲਈ ਬੁਲਾਇਆ। ਹਾਈਕੋਰਟ ਨੇ ਪੁਲਿਸ ਨੂੰ ਜਾਂਚ ਕਰਨ ਲਈ ਕਿਹਾ ਹੈ। ਅਸੀਂ ਦੋਵਾਂ ਕੁੜੀਆਂ ਨਾਲ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਹਨ। ਦੋਵਾਂ ਨੇ ਕਿਹਾ ਹੈ ਕਿ ਉਹ ਉੱਥੇ ਆਪਣੀ ਮਰਜ਼ੀ ਨਾਲ ਰਹਿ ਰਹੇ ਹਨ। ਹੁਣ ਸਾਨੂੰ ਇਨ੍ਹਾਂ ਪਟੀਸ਼ਨਾਂ ਨੂੰ ਇੱਥੇ ਹੀ ਰੋਕਣਾ ਪਵੇਗਾ।
ਸੀਜੇਆਈ ਨੇ ਈਸ਼ਾ ਫਾਊਂਡੇਸ਼ਨ ਦੇ ਵਕੀਲ ਮੁਕੁਲ ਰੋਹਤਗੀ ਨੂੰ ਕਿਹਾ ਕਿ ਜਦੋਂ ਤੁਹਾਡੇ ਆਸ਼ਰਮ ਵਿੱਚ ਔਰਤਾਂ ਅਤੇ ਨਾਬਾਲਗ ਬੱਚੇ ਹਨ, ਤਾਂ ਅੰਦਰੂਨੀ ਸ਼ਿਕਾਇਤ ਕਮੇਟੀ (ਆਈਸੀਸੀ) ਹੋਣੀ ਜ਼ਰੂਰੀ ਹੈ। ਸਾਡਾ ਵਿਚਾਰ ਕਿਸੇ ਸੰਸਥਾ ਨੂੰ ਬਦਨਾਮ ਕਰਨਾ ਨਹੀਂ ਹੈ, ਪਰ ਕੁਝ ਲਾਜ਼ਮੀ ਲੋੜਾਂ ਹਨ, ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਤੁਹਾਨੂੰ ਸੰਗਠਨ 'ਤੇ ਦਬਾਅ ਬਣਾਉਣਾ ਹੋਵੇਗਾ ਕਿ ਇਨ੍ਹਾਂ ਬੁਨਿਆਦੀ ਲੋੜਾਂ ਦੀ ਪਾਲਣਾ ਕੀਤੀ ਜਾਵੇ।
- PTC NEWS