ਵਾਹਨ ਚੋਰੀ ਦੇ ਸ਼ੱਕ 'ਚ ਫੜੇ ਗਏ ਵਿਅਕਤੀ ਨਿਕਲੇ ਇਸਲਾਮਿਕ ਸਟੇਟ ਦੇ ਸ਼ੱਕੀ ਦਹਿਸ਼ਤਗਰਦ, ਚੱਬਾਡ ਹਾਊਸ ਸੀ ਅਗਲਾ ਨਿਸ਼ਾਨਾ, ਜਾਣੋ ਕਿਵੇਂ ਹੋਇਆ ਖ਼ੁਲਾਸਾ
ਪੀ.ਟੀ.ਸੀ ਵੈੱਬ ਡੈਸਕ: ਮੁੰਬਈ ਦਾ ਯਹੂਦੀ ਕਮਿਊਨਿਟੀ ਸੈਂਟਰ ਚੱਬਾਡ ਹਾਊਸ ਇਕ ਵਾਰ ਫਿਰ ਦਹਿਸ਼ਤਗਰਦਾਂ ਦੇ ਨਿਸ਼ਾਨੇ 'ਤੇ ਹੈ। ਮੁੰਬਈ ਪੁਲਿਸ ਨੇ ਦਹਿਸ਼ਤਗਰਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਹੈ। ਮਹਾਰਾਸ਼ਟਰ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦੇ ਅਧਿਕਾਰੀਆਂ ਨੇ ਪੁਣੇ ਤੋਂ ਗ੍ਰਿਫਤਾਰ ਕੀਤੇ ਗਏ ਦੋ ਸ਼ੱਕੀ ਦਹਿਸ਼ਤਗਰਦਾਂ ਤੋਂ ਚੱਬਾਡ ਹਾਊਸ ਦੀਆਂ ਤਸਵੀਰਾਂ ਬਰਾਮਦ ਕੀਤੀਆਂ ਹਨ। ਦੱਸ ਦਈਏ ਕਿ 26/11 ਦੇ ਹਮਲੇ ਦੌਰਾਨ ਵੀ ਚੱਬਾਡ ਹਾਊਸ ਨੂੰ ਦਹਿਸ਼ਤਗਰਦਾਂ ਨੇ ਨਿਸ਼ਾਨਾ ਬਣਾਇਆ ਸੀ।
ਵਾਹਨ ਚੋਰੀ ਦੇ ਸ਼ੱਕ 'ਚ ਸੀ ਫੜਿਆ, ਪੁੱਛ-ਪੜਤਾਲ ਦੌਰਾਨ ਉੱਡੇ ਪੁਲਿਸ ਦੇ ਹੋਸ਼
ਏ.ਟੀ.ਐਸ ਨੂੰ ਸ਼ੱਕ ਹੈ ਕਿ ਇਹ ਥਾਂ ਦਹਿਸ਼ਤਗਰਦੀ ਹਮਲੇ ਦਾ ਨਿਸ਼ਾਨਾ ਹੋ ਸਕਦੀ ਹੈ। ਨਤੀਜੇ ਵਜੋਂ ਚੱਬਡ ਹਾਊਸ 'ਤੇ ਨਿਗਰਾਨੀ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੂਰੇ ਸ਼ਹਿਰ ਵਿੱਚ ਪੁਲਿਸ ਨੂੰ ਚੁਕੰਨਾਂ ਰਹਿਣ ਲਈ ਕਿਹਾ ਗਿਆ ਹੈ। ਦਰਅਸਲ ਜੈਪੁਰ ਬੰਬ ਧਮਾਕੇ 'ਚ ਲੋੜੀਂਦੇ ਮੁਹੰਮਦ ਯੂਨਸ ਖਾਨ ਅਤੇ ਮੁਹੰਮਦ ਯਾਕੂਬ ਸਾਕੀ ਨੂੰ ਪੁਣੇ ਪੁਲਿਸ ਨੇ ਵਾਹਨ ਚੋਰੀ ਦੇ ਸ਼ੱਕ 'ਚ 18 ਜੁਲਾਈ ਨੂੰ ਹਿਰਾਸਤ 'ਚ ਲਿਆ ਸੀ। ਬਾਅਦ ਵਿੱਚ ਪੁੱਛਗਿੱਛ ਦੌਰਾਨ, ਇਹ ਖੁਲਾਸਾ ਹੋਇਆ ਕਿ ਦੋਵੇਂ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅੱਤਵਾਦੀ ਸੰਗਠਨ ਅਲ ਸੂਫਾ ਦੇ ਮੈਂਬਰ ਹਨ ਅਤੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ 2008 ਦੇ ਲੜੀਵਾਰ ਧਮਾਕਿਆਂ ਦੇ ਸਬੰਧ ਵਿੱਚ ਐਨ.ਆਈ.ਏ ਦੀ ਲੋੜੀਂਦੀ ਸੂਚੀ ਵਿੱਚ ਹਨ।
ਇਸ ਤੋਂ ਬਾਅਦ ਏ.ਟੀ.ਐਸ ਅਤੇ ਐਨ.ਆਈ.ਏ ਦੋਵਾਂ ਤੋਂ ਪੁੱਛਗਿੱਛ ਕਰ ਰਹੇ ਹਨ। ਏ.ਟੀ.ਐਸ ਨੇ ਸ਼ੱਕੀਆਂ ਤੋਂ ਵਿਸਫੋਟਕ, ਲੈਪਟਾਪ, ਡਰੋਨ ਦੇ ਪੁਰਜ਼ੇ, ਅਰਬੀ ਵਿੱਚ ਲਿਖੀਆਂ ਕਿਤਾਬਾਂ ਅਤੇ ਟੈਂਟ ਆਦਿ ਬਰਾਮਦ ਕੀਤੇ ਹਨ, ਜਿਸ ਤੋਂ ਪਤਾ ਚੱਲਦਾ ਸੀ ਕਿ ਉਹ ਕਿਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਹਾਲਾਂਕਿ ਪੁੱਛਗਿੱਛ ਦੌਰਾਨ ਦਹਿਸ਼ਤਗਰਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੰਬ ਦੀ ਜਾਂਚ ਲਈ ਜੰਗਲ 'ਚ ਰਹਿਣ ਲਈ ਟੈਂਟ ਖਰੀਦਿਆ ਸੀ।
ਦੋਵੇਂ ਸ਼ੱਕੀ ਦਹਿਸ਼ਤਗਰਦ ਪੁਲਿਸ ਹਿਰਾਸਤ 'ਚ
ਫਿਲਹਾਲ ਦੋਵੇਂ 5 ਅਗਸਤ ਤੱਕ ਪੁਲਿਸ ਹਿਰਾਸਤ 'ਚ ਹਨ। ਗ੍ਰਿਫਤਾਰ ਕੀਤੇ ਗਏ ਸ਼ੱਕੀ ਮੱਧ ਪ੍ਰਦੇਸ਼ ਦੇ ਰਤਲਾਮ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆ ਕਿ ਦੋਵਾਂ 'ਤੇ 5-5 ਲੱਖ ਰੁਪਏ ਦਾ ਇਨਾਮ ਸੀ। ਰਾਜਸਥਾਨ ਪੁਲਿਸ ਨੇ ਅਲ-ਸੁਫਾ ਦੇ ਕੁਝ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੌਰਾਨ ਇੱਕ ਦਹਿਸ਼ਤਗਰਦੀ ਮਾਮਲੇ ਦੀ ਜਾਂਚ 'ਚ ਦੋਵਾਂ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਦੋਵੇਂ ਰਤਲਾਮ ਤੋਂ ਭੱਜ ਕੇ ਪੁਣੇ 'ਚ ਲੁਕ ਗਏ। ਮਹਾਰਾਸ਼ਟਰ ਏ.ਟੀ.ਐਸ ਨੇ ਦੋਵਾਂ ਨੂੰ ਆਰਥਿਕ ਮਦਦ ਦੇਣ ਦੇ ਇਲਜ਼ਾਮਾਂ ਵਿੱਚ ਪੁਣੇ ਦੇ ਅਬਦੁਲ ਕਾਦਿਰ ਦਸਤਗੀਰ ਪਠਾਨ ਨੂੰ ਰਤਨਾਗਿਰੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪਠਾਨ ਦੀ ਮਦਦ ਨਾਲ ਹੀ ਦੋਵੇਂ ਪੁਣੇ ਪਹੁੰਚੇ ਸਨ ਅਤੇ ਇਸ ਤੋਂ ਪਹਿਲਾਂ ਮੁੰਬਈ ਦੇ ਭਿੰਡੀ ਬਾਜ਼ਾਰ 'ਚ ਕਈ ਮਹੀਨਿਆਂ ਤੋਂ ਲੁਕੇ ਰਹੇ ਸਨ।
ਕੀ ਹੈ ਚੱਬਾਡ ਹਾਊਸ ?
ਚੱਬਾਡ ਹਾਊਸ ਯਹੂਦੀ ਭਾਈਚਾਰੇ ਦੇ ਲੋਕਾਂ ਲਈ ਇੱਕ ਕਮਿਊਨਿਟੀ ਸੈਂਟਰ ਹੈ, ਜਿੱਥੇ ਇਹ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਮਾਜਿਕ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ। ਚਾਹੇ ਇਹ ਬੱਚਿਆਂ ਦੀ ਪੜ੍ਹਾਈ ਹੋਵੇ, ਨੌਜਵਾਨਾਂ ਲਈ ਰੁਜ਼ਗਾਰ ਹੋਵੇ ਜਾਂ ਬਜ਼ੁਰਗਾਂ ਲਈ ਧਾਰਮਿਕ ਅਤੇ ਸਿਹਤ ਸਹਾਇਤਾ ਹੋਵੇ। ਇੱਕ ਤਰ੍ਹਾਂ ਨਾਲ, ਚੱਬਾਡ ਹਾਊਸ ਭਾਰਤ ਦੀ ਮਾਇਆ ਨਗਰੀ ਵਿੱਚ ਯਹੂਦੀ ਭਾਈਚਾਰੇ ਦਾ ਕੇਂਦਰ ਬਿੰਦੂ ਹੈ।
26/11 ਦੇ ਹਮਲੇ ਦੌਰਾਨ ਚੱਬਡ ਹਾਊਸ ਨਿਸ਼ਾਨਾ ਕਿਉਂ ਸੀ?
26/11 ਦੇ ਹਮਲੇ ਦੌਰਾਨ ਵੀ ਚੱਬਾਡ ਹਾਊਸ ਨੂੰ ਨਿਸ਼ਾਨਾ ਬਣਾਉਣ ਦੇ ਕਈ ਕਾਰਨ ਸਨ ਪਰ ਪਹਿਲਾ ਕਾਰਨ ਇਜ਼ਰਾਈਲ ਨੂੰ ਸਬਕ ਸਿਖਾਉਣਾ ਸੀ। ਦਰਅਸਲ ਇਜ਼ਰਾਈਲ ਅਤੇ ਫਲਸਤੀਨ ਦਾ ਸੰਘਰਸ਼ ਬਹੁਤ ਪੁਰਾਣਾ ਹੈ, ਪਰ ਮੱਧ ਪੂਰਬ ਵਿੱਚ ਇਜ਼ਰਾਈਲ ਉੱਤੇ ਜਿੱਤ ਪ੍ਰਾਪਤ ਕਰਨਾ ਸੰਭਵ ਨਹੀਂ, ਇਸ ਲਈ ਭਾਰਤ ਵਿੱਚ ਹਮਲੇ ਦੇ ਸਮੇਂ ਖਾਸ ਤੌਰ 'ਤੇ ਇਜ਼ਰਾਈਲ ਨੂੰ ਸੁਨੇਹਾ ਦੇਣ ਲਈ ਇੱਥੇ ਹਮਲਾ ਕੀਤਾ ਗਿਆ ਸੀ। ਦੂਜਾ ਮੁੱਖ ਕਾਰਨ ਇਹ ਹੈ ਕਿ ਅਮਰੀਕਾ, ਯੂਰਪ ਅਤੇ ਇਜ਼ਰਾਈਲ ਤੋਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਪਣਾ ਸਮਾਂ ਬਿਤਾਉਂਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਮਾਰ ਕੇ ਦੁਨੀਆ ਭਰ ਦੇ ਮੀਡੀਆ ਦਾ ਧਿਆਨ ਖਿੱਚਣਾ ਸੀ। ਜ਼ਿਕਰਯੋਗ ਹੈ ਕਿ ਮੁੰਬਈ ਹਮਲਿਆਂ 'ਚ ਕੁੱਲ 174 ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖਮੀ ਹੋਏ ਸਨ।
ਇਹ ਵੀ ਪੜ੍ਹੋ: ਮਾਨਸੂਨ ਨੇ ਹਿਮਾਚਲ ਪ੍ਰਦੇਸ਼ 'ਚ ਸੈਰ-ਸਪਾਟਾ ਉਦਯੋਗ ਨੂੰ ਕੀਤਾ ਪ੍ਰਭਾਵਿਤ, ਧਰਮਸ਼ਾਲਾ-ਮੈਕਲਿਓਡਗੰਜ NH ਗਿਆ ਨੁਕਸਾਨਿਆ
- With inputs from agencies