Moga SHO Arshpreet Kaur Grewal : 5 ਲੱਖ ਦੀ ਰਿਸ਼ਵਤ ਲੈਣ ਵਾਲੀ ਮੁਅੱਤਲ ਮਹਿਲਾ SHO ਅਰਸ਼ਪ੍ਰੀਤ ਕੌਰ ਨੂੰ ਅਦਾਲਤ ਨੇ ਐਲਾਨਿਆ ਭਗੌੜਾ
Moga SHO Arshpreet Kaur Grewal : ਮੋਗਾ ਦੇ ਥਾਣਾ ਕੋਟ ਈਸੇ ਖਾਂ ’ਚ ਤਾਇਨਾਤ ਰਹੀ ਮਹਿਲਾ SHO ਅਰਸ਼ਪ੍ਰੀਤ ਕੌਰ ਗਰੇਵਾਲ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਅਦਾਲਤ ਨੇ ਭਗੌੜਾ ਐਲਾਨ ਕਰ ਦਿੱਤਾ ਹੈ। ਅਰਸ਼ਪ੍ਰੀਤ ਕੌਰ ਨੂੰ 9 ਮਹੀਨੇ ਪਹਿਲਾਂ ਵਿਭਾਗ ਨੇ ਮੁਅੱਤਲ ਕਰ ਦਿੱਤਾ ਸੀ ਪਰ ਹੁਣ ਅਦਾਲਤ ਨੇ ਅਰਸ਼ਪ੍ਰੀਤ ਨੂੰ ਭਗੌੜਾ ਐਲਾਨ ਦਿੱਤਾ ਹੈ। ਜਦੋਂ ਅਰਸ਼ਪ੍ਰੀਤ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਸੀ ਤਾਂ ਉਸ 'ਤੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦਾ ਆਰੋਪ ਸੀ।
ਦਰਅਸਲ 'ਚ 23 ਅਕਤੂਬਰ 2024 ਨੂੰ ਥਾਣਾ ਕੋਟ ਈਸੇ ਖਾਂ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਵਲੋਂ ਇੰਸਪੈਕਟਰ ਅਰਸ਼ਪ੍ਰੀਤ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਸ ’ਚ ਦੱਸਿਆ ਗਿਆ ਕਿ ਉਸ ਨੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਬਦਲੇ ’ਚ 5 ਲੱਖ ਰੁਪਏ ਲਏ ਸਨ। ਇੰਸਪੈਕਟਰ ਦੀ ਅਗਾਊਂ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ ਅਤੇ ਕੇਸ ਨੂੰ 9 ਮਹੀਨੇ ਹੋ ਜਾਣ ਦੇ ਬਾਵਜੂਦ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਹੁਣ ਉਸ ਵਿਰੁੱਧ ਧਾਰਾ 209 ਹੇਠ ਵੀ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਐਸਐਚਓ ਨੇ ਨਾਕੇ 'ਤੇ ਫੜੇ ਸੀ ਨਸ਼ਾ ਤਸਕਰ
ਪੁਲਿਸ ਦੇ ਮੁਤਾਬਕ 1 ਅਕਤੂਬਰ 2024 ਨੂੰ ਮੁਖਬਿਰ ਦੀ ਸੂਚਨਾ ’ਤੇ ਕੋਟ ਈਸੇ ਖਾਂ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਨਾਕੇ 'ਤੇ ਅਮਰਜੀਤ ਸਿੰਘ ਨੂੰ ਸਕਾਰਪਿਓ ਗੱਡੀ ਅਤੇ 2 ਕਿੱਲੋ ਅਫੀਮ ਸਮੇਤ ਫੜਿਆ ਸੀ। ਉਹ ਕੋਟ ਈਸੇ ਖਾਂ ਦੇ ਦਾਤੇਵਾਲਾ ਰੋਡ ਦਾ ਰਹਿਣ ਵਾਲਾ ਸੀ। ਇਸ ਕਾਰਵਾਈ 'ਚ ਐਸਐਚਓ ਅਰਸ਼ਪ੍ਰੀਤ ਕੌਰ ਦੇ ਨਾਲ ਕੋਟ ਈਸੇ ਖਾਂ ਥਾਣੇ ਦਾ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਬਲਖੰਡੀ ਪੁਲੀਸ ਚੌਕੀ ਦਾ ਮੁਨਸ਼ੀ ਰਾਜਪਾਲ ਸਿੰਘ ਵੀ ਮੌਜੂਦ ਸਨ।
ਜਦੋਂ ਉਨ੍ਹਾਂ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਖੁਲਾਸਾ ਹੋਇਆ ਕਿ ਨਸ਼ਾ ਤਸਕਰੀ ਵਿੱਚ ਉਸਦਾ ਪੁੱਤਰ ਗੁਰਪ੍ਰੀਤ ਸਿੰਘ ਅਤੇ ਭਰਾ ਮਨਪ੍ਰੀਤ ਸਿੰਘ ਵੀ ਸ਼ਾਮਲ ਸਨ। ਡੀਐਸਪੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਜਿਸ ਵਿੱਚ ਪਾਇਆ ਗਿਆ ਕਿ ਮਹਿਲਾ ਐਸਐਚਓ ਨੇ ਦੋ ਹੋਰ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ 3 ਨਸ਼ਾ ਤਸਕਰਾਂ ਨੂੰ ਫੜਿਆ ਸੀ। ਫਿਰ ਉਨ੍ਹਾਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਰਿਹਾਅ ਕਰ ਦਿੱਤਾ।
ਕੋਰੋਨਾ ਕਾਲ ਦੌਰਾਨ ਫਰੰਟਲਾਈਨ ਵਾਰੀਅਰਜ਼ ਵਜੋਂ ਹੋਈ ਸੀ ਮਸ਼ਹੂਰ
ਆਰੋਪੀ ਮਹਿਲਾ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਕੋਰੋਨਾ ਕਾਲ ਦੌਰਾਨ ਇੱਕ ਫਰੰਟਲਾਈਨ ਵਾਰੀਅਰਜ਼ ਵਜੋਂ ਮਸ਼ਹੂਰ ਹੋਈ ਸੀ। ਅਰਸ਼ਪ੍ਰੀਤ ਕੌਰ ਨੂੰ ਕੋਰੋਨਾ ਹੋ ਗਿਆ ਸੀ ਪਰ ਉਹ ਇਸ ਤੋਂ ਠੀਕ ਹੋ ਗਈ ਅਤੇ ਵਾਪਸ ਆ ਗਈ। ਹਾਲਾਂਕਿ, ਕੋਰੋਨਾ ਤੋਂ ਸੰਕਰਮਿਤ ਹੋਣ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੀ ਇੱਕ ਵੀਡੀਓ ਕਾਲ 'ਤੇ ਉਸਨੂੰ ਉਤਸ਼ਾਹਿਤ ਕੀਤਾ ਸੀ।
ਕੈਪਟਨ ਨੇ ਉਸਨੂੰ ਕੋਵਿਡ ਨਾਲ ਲੜਨ ਲਈ ਪ੍ਰੇਰਿਤ ਕੀਤਾ ਸੀ। ਕੋਵਿਡ ਦੇ ਸਮੇਂ ਅਰਸ਼ਪ੍ਰੀਤ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਕਾਲ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਵਿੱਚ ਸੀ। ਉਹ ਪਹਿਲੀ ਐਸਐਚਓ ਸੀ , ਜਿਸ ਨਾਲ ਕਿਸੇ ਮੁੱਖ ਮੰਤਰੀ ਨੇ ਇਸ ਤਰ੍ਹਾਂ ਵੀਡੀਓ ਕਾਲ 'ਤੇ ਗੱਲ ਕੀਤੀ ਹੋਵੇ। ਤਤਕਾਲੀ ਡੀਜੀਪੀ ਦਿਨਕਰ ਗੁਪਤਾ ਨੇ ਪੰਜਾਬ ਪੁਲਿਸ ਵੱਲੋਂ ਅਰਸ਼ਪ੍ਰੀਤ ਕੌਰ ਦੇ ਨਾਮ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਡੀਜੀਪੀ ਨੇ ਉਸਦੀ ਉਦਾਹਰਣ ਦਿੰਦੇ ਹੋਏ ਲੋਕਾਂ ਨੂੰ ਕੋਵਿਡ ਤੋਂ ਨਾ ਡਰਨ ਲਈ ਕਿਹਾ ਸੀ।
- PTC NEWS