ਸਵਰਨਕਾਰ ਭਾਈਚਾਰੇ ਨੂੰ ਨਹੀਂ ਪ੍ਰਵਾਨ AAP ਮੰਤਰੀ ਦੀ ਮਾਫੀ, ਕਿਹਾ- CM ਮਾਨ ਉਮੀਦਵਾਰੀ ਵਾਪਸ ਲੈਣ
Lok Sabha Election 2024: ਲੋਕ ਸਭਾ ਚੋਣਾਂ 2024 'ਚ ਆਮ ਆਦਮੀ ਪਾਰਟੀ (AAP) ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਸਵਰਨਕਾਰ ਸੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਵੱਲੋਂ ਭੱਦੀ ਸ਼ਬਦਾਵਲੀ ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਦੀ ਗੱਲ ਕਹੀ ਹੈ। ਭਾਈਚਾਰੇ ਵੱਲੋਂ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ (CM Mann) ਨੂੰ ਮੰਗ ਕੀਤੀ ਹੈ ਕਿ ਖਡੂਰ ਸਾਹਿਬ ਤੋਂ ਮੰਤਰੀ ਭੁੱਲਰ ਦੀ ਉਮੀਦਵਾਰੀ ਵਾਪਸ ਲਈ ਜਾਵੇ।
ਦੱਸ ਦਈਏ ਕਿ ਬੀਤੇ ਦਿਨ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਮਾਹੀ ਰਿਜੋਰਟ ਪੱਟੀ ਵਿੱਚ ਸਵਰਨਕਾਰ ਅਤੇ ਤਰਖਾਣ ਬਰਦਾਰੀ ਖਿਲਾਫ ਟਿੱਪਣੀ ਕੀਤੀ ਗਈ ਸੀ ਅਤੇ ਰਾਮਗੜ੍ਹੀਆ ਬਰਾਦਰੀ ਤੇ ਸੁਨਿਆਰਾ ਬਰਾਦਰੀ ਦਾ ਅਪਮਾਨ ਕੀਤਾ ਗਿਆ ਸੀ। ਪੰਜਾਬ ਭਰ 'ਚ ਇਸ ਨੂੰ ਲੈ ਕੇ ਭਾਈਚਾਰੇ ਦੇ ਲੋਕਾਂ 'ਚ ਰੋਸ ਵੀ ਪਾਇਆ ਗਿਆ ਅਤੇ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਵੀ ਵਿਖਾਈ ਦਿੱਤੇ ਹਨ।
ਸਵਰਨਕਾਰ ਸੰਘ ਦੇ ਮੈਂਬਰਾਂ ਨੇ ਇਸ ਮਾਮਲੇ ਸਬੰਧੀ ਬਠਿੰਡਾ 'ਚ ਇੱਕ ਮੀਟਿੰਗ ਦੌਰਾਨ ਕਿਹਾ ਹੈ ਕਿ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਭਾਈਚਾਰੇ ਦਾ ਭੱਦੀ ਸ਼ਬਦਾਵਲੀ ਵਾਲੀ ਟਿੱਪਣੀ ਕਰਕੇ ਅਪਮਾਨ ਕਰਨ ਤੋਂ ਬਾਅਦ ਮੰਗੀ ਗਈ ਮਾਫੀ ਪ੍ਰਵਾਨ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਕੀਤੀ ਹੈ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਉਮੀਦਵਾਰੀ ਵਾਪਸ ਲਈ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਅਤੇ ਮੰਗੀ ਪੂਰੀ ਨਹੀਂ ਹੁੰਦੀ ਹੈ ਤਾਂ ਸਵਰਨਕਾਰ ਸੰਘ ਵੱਲੋਂ ਦੁਨੀਆਂ ਭਰ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।
- PTC NEWS