TarnTaran News : ਪੰਜਾਬੀ ਨੌਜਵਾਨ ਦੀ ਇੰਗਲੈਂਡ 'ਚ ਸੜਕ ਹਾਦਸੇ 'ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਸੁਖਮਨਪ੍ਰੀਤ ਸਿੰਘ
Punjabi Youth Dies in UK : ਤਰਨਤਾਰਨ (TarnTaran News) ਦੇ ਪਿੰਡ ਬਨਵਾਲੀਪੁਰ ਨਿਵਾਸੀ ਕਿਸਾਨ ਦੇ ਇਕਲੌਤੇ ਪੁੱਤ ਦੀ ਇੰਗਲੈਂਡ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ। ਇਹ ਨੌਜਵਾਨ ਅਜੇ ਦੋ ਸਾਲ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ।
ਮ੍ਰਿਤਕ ਸੁਖਮਨਪ੍ਰੀਤ ਸਿੰਘ ਦੀ ਮਾਤਾ ਨੇ ਅਤੇ ਉਸਦੇ ਤਾਇਆ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਖਹਿਰਾ, ਬਲਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਦਵਿੰਦਰ ਸਿੰਘ ਨੇ ਸਾਬਕਾ ਸਰਪੰਚ ਕਰੀਬ ਦੋ ਸਾਲ ਪਹਿਲਾਂ ਆਪਣੇ ਇਕਲੌਤੇ 22 ਸਾਲਾ ਪੁੱਤ ਸੁਖਮਨਪ੍ਰੀਤ ਸਿੰਘ ਨੂੰ ਇੰਗਲੈਂਡ ਭੇਜਿਆ ਸੀ।
ਉਨ੍ਹਾਂ ਦੱਸਿਆ ਕਿ ਅਜੇ ਚਾਰ ਦਿਨ ਪਹਿਲਾਂ ਹੀ ਸੁਖਮਨਪ੍ਰੀਤ ਨੇ ਫੋਨ ਕਰਕੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਮੌਲ ਵਿਚ ਕੰਮ ਕਰਨ ਲੱਗ ਪਿਆ ਹੈ ਅਤੇ ਜਲਦੀ ਹੀ ਉਹ ਮਿਹਨਤ ਕਰਕੇ ਆਪਣੇ ਸਿਰ ਚੜ੍ਹੇ ਕਰਜ਼ੇ ਜੋ ਉਸ ਨੂੰ ਇੰਗਲੈਂਡ ਭੇਜਣ ਲਈ ਚੁੱਕਿਆ ਸੀ, ਨੂੰ ਚੁਕਾ ਦੇਵੇਗਾ। ਲੇਕਿਨ ਲੰਘੀ ਸ਼ਾਮ ਜਦ ਸੁਖਮਨਪ੍ਰੀਤ ਸਿੰਘ ਆਪਣੇ ਸਾਥੀ ਨਾਲ ਡਿਊਟੀ 'ਤੇ ਜਾ ਰਿਹਾ ਸੀ ਤਾਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਰਕੇ ਸੁਖਮਨਪ੍ਰੀਤ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਹ ਖ਼ਬਰ ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਸਾਰਾ ਪਰਿਵਾਰ ਸਦਮੇ ਵਿਚ ਚਲਾ ਗਿਆ ਹੈ ਅਤੇ ਸਾਰੇ ਪਿੰਡ ਤੇ ਇਲਾਕੇ ਵਿਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਉਧਰ, ਸੁਖਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰਿਵਾਰ ਨੇ ਕਿਹਾ ਕਿ ਸੁਖਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦੇ ਆਖਰੀ ਦਰਸ਼ਨ ਕਰਕੇ ਉਸਦੀਆਂ ਆਖਰੀ ਰਸਮਾਂ ਪੂਰੀਆਂ ਕਰ ਸਕਣ।
- PTC NEWS