ਗੰਗਾਨਗਰ: ਗੁਰੂ ਗ੍ਰੰਥ ਅਤੇ ਗੁਰੂ ਪੰਥ ਲਈ ਭੱਦੀ ਸ਼ਬਦਾਵਲੀ ਵਰਤਣ ਵਾਲੀ ਅਧਿਆਪਕਾ ਨੂੰ ਕੀਤਾ ਮੁਅੱਤਲ
ਗੰਗਾਨਗਰ: ਪਿੰਡ ਧਲੇਵਾਲਾ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਮੰਜੂ ਤਿਆਗੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ, ਗੁਰੂ ਗ੍ਰੰਥ ਸਾਹਿਬ ਨੂੰ ਆਮ ਕਿਤਾਬ ਕਹਿਣ ਅਤੇ ਸਿੱਖਾਂ ਦੀ ਦਸਤਾਰ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਵਿਚਕਾਰ ਮੁਲਜ਼ਮ ਟੀਚਰ ਨੂੰ ਮੁਅੱਤਲ ਕਰ ਦਿੱਤਾ ਗਿਆ।
ਅੱਜ ਜਿਵੇਂ ਹੀ ਪਿੰਡ ਦੇ ਲੋਕਾਂ ਨੂੰ ਮੰਜੂ ਤਿਆਗੀ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ ਸਾਰਾ ਪਿੰਡ ਤੁਰੰਤ ਸਕੂਲ ਪਹੁੰਚ ਗਿਆ। ਮੰਜੂ ਤਿਆਗੀ ਦੀ ਇਸ ਹਰਕਤ ਦਾ ਪਤਾ ਲੱਗਦਿਆਂ ਹੀ ਗੰਗਾਨਗਰ ਦੇ ਸਿੱਖ ਜੱਥੇਬੰਦੀਆਂ, ਤੇਜਿੰਦਰ ਪਾਲ ਸਿੰਘ ਟਿੰਮਾ ਸਮੇਤ ਬਾਬਾ ਗਗਨਦੀਪ ਸਿੰਘ ਕਰਤਾਰ ਫਾਊਂਡੇਸ਼ਨ, ਹਰਪ੍ਰੀਤ ਸਿੰਘ ਬਬਲੂ, ਸੰਦੀਪ ਸਿੰਘ ਸੋਨਾ ਸਿੱਖ ਸਟੂਡੈਂਟਸ ਫੈਡਰੇਸ਼ਨ ਰਾਜਸਥਾਨ, ਬਾਬਾ ਜਗਦੇਵ ਸਿੰਘ ਕਾਲੀ, ਜਸਵੀਰ ਸਿੰਘ ਪਿੰਕੂ, ਚਰਨਜੀਤ ਸਿੰਘ ਆਦਿ ਨੇ ਪਿੰਡ ਪਹੁੰਚ ਕੇ ਰੋਸ ਪ੍ਰਗਟ ਕੀਤਾ।
ਸਿੱਖ ਸੰਗਤ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਿੱਖਿਆ ਵਿਰੋਧੀ ਅਧਿਆਪਕ ਮੰਜੂ ਤਿਆਗੀ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਕੂਲ ਦੇ ਕਿਸੇ ਵੀ ਸਟਾਫ਼ ਨੂੰ ਸਕੂਲ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਸਿੱਖ ਸੰਗਤ ਦੇ ਰੋਹ ਨੂੰ ਦੇਖਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਪੁਲਿਸ ਪਿੰਡ ਜਬਤਾ ਪਹੁੰਚ ਗਈ। ਸਿੱਖ ਸੰਗਤ ਦੇ ਰੋਹ ਨੂੰ ਦੇਖਦਿਆਂ ਵਿਭਾਗ ਦੇ ਅਧਿਕਾਰੀਆਂ ਨੇ ਅਧਿਆਪਕ ਮੰਜੂ ਤਿਆਗੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ।
ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਸਾਰੇ ਸਕੂਲਾਂ ਵਿੱਚ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਅਧਿਆਪਕਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਜੋ ਵੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
ਕਈ ਵਾਰ ਸਿੱਖ ਸੰਗਤ ਅਤੇ ਪੁਲਿਸ ਵਿਚਾਲੇ ਤਣਾਅ ਦੀ ਸਥਿਤੀ ਬਣੀ ਪਰ ਸੰਗਤ ਨੇ ਆਪਣੇ ਫੈਸਲੇ 'ਤੇ ਆਖ਼ਰਕਾਰ ਅਧਿਆਪਕ ਨੂੰ ਮੁਅੱਤਲ ਕਰਕੇ ਬਾਕੀ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਲੋਕਾਂ ਨੂੰ ਅਜਿਹਾ ਸਬਕ ਸਿਖਾਇਆ ਕਿ ਆਪਸੀ ਸਾਂਝ ਸਦਾ ਕਾਇਮ ਰਹੇਗੀ।
- With inputs from our correspondent