Jalandhar News : ਫੌਜ ਦੀ ਵਰਦੀ 'ਚ ਦਿਖੇ 4 ਸ਼ੱਕੀ , ਮੰਦਰ ਦਾ ਗੇਟ ਖੜਕਾ ਕੇ ਬੋਲੇ - ਪਾਣੀ ਅਤੇ ਖਾਣਾ ਚਾਹੀਏ ਅਤੇ ਫ਼ਿਰ...
Jalandhar News : ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਜਲੰਧਰ ਦੇ ਸੁੰਦਰ ਨਗਰ ਇਲਾਕੇ ਨਾਲ ਲੱਗਦੀ ਥ੍ਰੀ ਸਟਾਰ ਕਲੋਨੀ ਵਿੱਚ ਚਾਰ ਸ਼ੱਕੀ ਵਿਅਕਤੀ ਦੇਖੇ ਗਏ। ਇੱਕ ਮੰਦਰ ਦੇ ਪੁਜਾਰੀ ਨੇ ਦਾਅਵਾ ਕੀਤਾ ਕਿ ਉਸਨੇ ਕੁਝ ਸ਼ੱਕੀ ਲੋਕਾਂ ਨੂੰ ਦੇਖਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਲੇ-ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਪਰ ਚਾਰਾਂ ਲੋਕਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਜਾਰੀ ਨੇ ਕਿਹਾ ਕਿ ਰਾਤ ਨੂੰ ਚਾਰ ਲੋਕ ਆਏ ਸਨ। ਚਾਰੇ ਜਣੇ ਮੰਦਰ ਦੇ ਬਾਹਰ ਪਹੁੰਚੇ ਅਤੇ ਗੇਟ ਖੜਕਾਇਆ। ਜਦੋਂ ਪੁਜਾਰੀ ਗੇਟ 'ਤੇ ਆਇਆ ਤਾਂ ਉਨ੍ਹਾਂ ਨੇ ਪੀਣ ਲਈ ਪਾਣੀ ਮੰਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖਾਣਾ ਮੰਗਿਆ। ਜਦੋਂ ਪੁਜਾਰੀ ਫ਼ੋਨ ਕਰਕੇ ਖਾਣਾ ਮੰਗਵਾਉਣ ਲੱਗਿਆ ਤਾਂ ਉਹ ਚਾਰੇ ਉੱਥੋਂ ਭੱਜ ਗਏ। ਜਦੋਂ ਉਸਨੂੰ ਸ਼ੱਕ ਹੋਇਆ ਤਾਂ ਪੁਜਾਰੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਇਸ ਦੌਰਾਨ ਮੈਂ ਦੇਖਿਆ ਕਿ ਉਨ੍ਹਾਂ ਨੇ ਵਰਦੀ ਪਾਈ ਹੋਈ ਸੀ ਅਤੇ ਉਨ੍ਹਾਂ ਚਾਰਾਂ ਦੇ ਹੱਥਾਂ ਵਿੱਚ ਬੰਦੂਕਾਂ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤੀ ਫੌਜ ਤੋਂ ਹਾਂ। ਜਦੋਂ ਮੈਂ ਕਿਹਾ ਕਿ ਮੈਂ ਬੁਲਾ ਰਿਹਾ ਹਾਂ, ਰੁਕੋ ਤਾਂ ਇਹ ਲੋਕ ਉੱਥੋਂ ਦੋ ਮੋਟਰਸਾਈਕਲਾਂ 'ਤੇ ਇੱਕ ਖਾਲੀ ਜਗ੍ਹਾ ਵੱਲ ਚਲੇ ਗਏ। ਪੁਜਾਰੀ ਨੇ ਕਿਹਾ ਕਿ ਜੇ ਉਹ ਫੌਜ ਵਿੱਚੋਂ ਹੁੰਦੇ ਤਾਂ ਉਹ ਇਸ ਤਰ੍ਹਾਂ ਨਾ ਭੱਜਦੇ।
ਪੁਲਿਸ ਘੰਟਿਆਂ ਤੱਕ ਜਾਂਚ ਕਰਦੀ ਰਹੀ ਪਰ ਕੁਝ ਨਹੀਂ ਮਿਲਿਆ
ਘਟਨਾ ਦੀ ਸੂਚਨਾ ਮਿਲਦੇ ਹੀ ਪੀਸੀਆਰ ਟੀਮ ਮੌਕੇ 'ਤੇ ਪਹੁੰਚ ਗਈ। ਅਧਿਕਾਰੀਆਂ ਨੇ ਉਸ ਰਸਤੇ ਦੀ ਜਾਂਚ ਕੀਤੀ ,ਜਿਸ ਤੋਂ ਚਾਰ ਸ਼ੱਕੀ ਭੱਜੇ ਸਨ ਪਰ ਘੰਟਿਆਂ ਦੀ ਜਾਂਚ ਤੋਂ ਬਾਅਦ ਵੀ ਪੁਲਿਸ ਨੂੰ ਕੁਝ ਨਹੀਂ ਮਿਲਿਆ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਸ਼ੱਕੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਥੋਂ ਵੀ ਕੋਈ ਸੁਰਾਗ ਨਹੀਂ ਮਿਲਿਆ।
ਡੀਸੀਪੀ ਨੇ ਕਿਹਾ- ਸ਼ੱਕੀ ਹੈ ਪੂਰਾ ਮਾਮਲਾ
ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਫਿਲਹਾਲ ਅਜਿਹੀ ਕੋਈ ਹਰਕਤ ਨਹੀਂ ਦੇਖੀ ਗਈ। ਪੂਰਾ ਮਾਮਲਾ ਸ਼ੱਕੀ ਜਾਪਦਾ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਮਾਮਲੇ ਵਿੱਚ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
- PTC NEWS