ਲੀਬੀਆ 'ਚ ਆਏ ਭਿਆਨਕ ਹੜ੍ਹ; ਸਰਕਾਰ ਨੂੰ 20,000 ਲੋਕਾਂ ਦੇ ਮਰਨ ਦਾ ਖ਼ਦਸ਼ਾ
Libya Floods : ਲੀਬੀਆ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪੂਰਬੀ ਲੀਬੀਆ ਦਾ ਡੇਰਨਾ ਸ਼ਹਿਰ ਤਬਾਹੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਬਚਾਅ ਟੀਮਾਂ ਨੇ ਵੀਰਵਾਰ ਨੂੰ ਲਾਪਤਾ ਲੋਕਾਂ ਦੀ ਭਾਲ ਜਾਰੀ ਰੱਖੀ। ਡੇਰਨਾ ਦੇ ਮੇਅਰ ਅਬਦੁਲਮੇਨੇਮ ਅਲ ਘੈਤੀ ਨੇ ਕਿਹਾ ਕਿ ਹੜ੍ਹ ਅਤੇ ਇਸ ਦੀ ਗੰਭੀਰਤਾ ਕਾਰਨ 18 ਤੋਂ 20 ਹਜ਼ਾਰ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ।
ਪਹਿਲਾਂ ਮਰਨ ਵਾਲਿਆਂ ਦਾ ਖ਼ਦਸ਼ਾ 10,000 ਤੱਕ ਜਤਾਇਆ ਜਾ ਰਿਹਾ ਸੀ, ਜੋ ਕਿ ਹੁਣ ਵੱਧ ਕੇ 20,000 ਤੱਕ ਪਹੁੰਚ ਚੁੱਕਿਆ ਹੈ। ਡੇਰਨਾ ਸ਼ਹਿਰ ਦੇ ਬਾਹਰ ਦੋ ਬੰਨ੍ਹਾਂ ਦੀ ਪਾੜ ਵਿੱਚ ਫਸੇ ਪਰਿਵਾਰ ਮਿੰਟਾਂ ਵਿੱਚ ਹੀ ਰੁੜ੍ਹ ਗਏ। ਬਚਾਅ ਕਰਮਚਾਰੀ ਪੀੜਤਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ।
ਪੂਰਬੀ ਲੀਬੀਆ ਦੇ ਸਿਹਤ ਮੰਤਰੀ ਓਥਮਾਨ ਅਬਦੁਲਜਲੀਲ ਨੇ ਕਿਹਾ ਕਿ ਹੁਣ ਤੱਕ ਬਰਾਮਦ ਹੋਈਆਂ ਲਾਸ਼ਾਂ ਵਿੱਚੋਂ ਵੀਰਵਾਰ ਸਵੇਰ ਤੱਕ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੂੰ ਦਫ਼ਨਾਇਆ ਜਾ ਚੁੱਕਾ ਹੈ। ਜਦਕਿ ਦੋ ਹਜ਼ਾਰ ਤੋਂ ਵੱਧ ਹੋਰ ਲੋਕਾਂ ਲਈ ਕਾਰਵਾਈ ਚੱਲ ਰਹੀ ਹੈ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੇ ਬੁੱਧਵਾਰ ਦੇ ਅੰਕੜਿਆਂ ਮੁਤਾਬਕ ਡੇਰਨਾ ਤੋਂ 40 ਹਜ਼ਾਰ ਤੋਂ ਵੱਧ ਲੋਕ ਬੇਘਰ ਹੋਏ ਹਨ ਅਤੇ 10 ਹਜ਼ਾਰ ਲੋਕ ਅਜੇ ਵੀ ਲਾਪਤਾ ਹਨ।
ਡੇਰਨਾ ਦੇ ਵਸਨੀਕ ਫਦੇਲਾਹ ਨੇ ਕਿਹਾ ਕਿ ਉਸ ਦੇ ਪਰਿਵਾਰ ਦੇ 13 ਮੈਂਬਰ ਮਾਰੇ ਗਏ ਹਨ, ਜਦਕਿ ਬਾਕੀ 20 ਲੋਕਾਂ ਦੀ ਕਿਸਮਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੂਰਬੀ ਲੀਬੀਆ ਦਾ ਡੇਰਨਾ ਸ਼ਹਿਰ ਐਤਵਾਰ ਨੂੰ ਤੂਫਾਨ ਡੈਨੀਅਲ ਕਾਰਨ ਆਏ ਭਿਆਨਕ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
ਬਾਕਸ ਲੀਬੀਆ 'ਚ ਫਸੇ ਹਰਿਆਣਾ-ਪੰਜਾਬ ਦੇ ਚਾਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੌਰਾਨ ਲੀਬੀਆ 'ਚ ਫਸੇ ਚਾਰ ਭਾਰਤੀਆਂ ਨੂੰ ਤ੍ਰਿਪੋਲੀ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਸੁਰੱਖਿਅਤ ਬਚਾ ਲਿਆ ਹੈ।
ਪੰਜਾਬ ਅਤੇ ਹਰਿਆਣਾ ਦੇ ਰਹਿਣ ਵਾਲੇ ਇਨ੍ਹਾਂ ਚਾਰ ਲੋਕਾਂ ਨੂੰ ਵੀਰਵਾਰ ਨੂੰ ਸਫ਼ਾਰਤਖਾਨੇ ਦੇ ਸਥਾਨਕ ਪ੍ਰਤੀਨਿਧੀ ਤਬੱਸੁਮ ਮਨਸੂਰ ਨੇ ਬੇਨੀਨਾ ਹਵਾਈ ਅੱਡੇ 'ਤੇ ਵਿਦਾ ਕੀਤਾ। ਲੀਬੀਆ ਸਥਿਤ ਭਾਰਤੀ ਸਫਾਰਤਖਾਨੇ ਨੇ ਵੀਰਵਾਰ ਨੂੰ ਟਵਿੱਟਰ 'ਤੇ ਪੋਸਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ: ਪੰਜ ਤੱਤਾਂ 'ਚ ਵਿਲੀਨ ਹੋਏ ਕਰਨਲ ਮਨਪ੍ਰੀਤ ਸਿੰਘ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
- PTC NEWS