Patiala News : ਕਾਰ 'ਚੋਂ ਮਿਲੀਆਂ ਇਕੋਂ ਪਰਿਵਾਰ ਦੀਆਂ 3 ਲਾਸ਼ਾਂ ,ਸਾਰਿਆਂ ਨੂੰ ਲੱਗੀ ਗੋਲੀ, ਰਜਿੰਦਰਾ ਹਸਪਤਾਲ 'ਚ ਹੋਵੇਗਾ ਪੋਸਟਮਾਰਟ
Patiala News : ਐਤਵਾਰ ਨੂੰ ਰਾਜਪੁਰਾ ਅਧੀਨ ਆਉਂਦੇ ਬਨੂੜ-ਤੇਪਲਾ ਸੜਕ 'ਤੇ ਪਿੰਡ ਚੰਗੇੜਾ ਨੇੜੇ ਖੇਤਾਂ ਵਿੱਚ ਖੜੀ ਇੱਕ ਫਾਰਚੂਨਰ ਕਾਰ ਵਿੱਚੋਂ ਇੱਕ ਪਰਿਵਾਰ ਦੀਆਂ 3 ਲਾਸ਼ਾਂ ਮਿਲੀਆਂ ਹਨ। ਤਿੰਨਾਂ ਨੂੰ ਗੋਲੀਆਂ ਲੱਗੀਆਂ ਸਨ। ਇਹ ਕਾਰ ਸੜਕ ਤੋਂ ਥੋੜ੍ਹੀ ਹੇਠਾਂ ਖੇਤਾਂ ਵੱਲ ਖੜੀ ਸੀ। ਜਦੋਂ ਖੇਤ ਵਿੱਚ ਟਿਊਬਵੈੱਲ ਲਗਾਉਣ ਲਈ ਆਏ ਪਿੰਡ ਵਾਸੀਆਂ ਨੇ ਕਾਰ ਵੱਲ ਦੇਖਿਆ ਤਾਂ ਉਨ੍ਹਾਂ ਨੂੰ ਉਸ ਵਿੱਚ ਤਿੰਨੋਂ ਲਾਸ਼ਾਂ ਦਿਖਾਈ ਦਿੱਤੀਆਂ।
ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ (45), ਉਸਦੀ ਪਤਨੀ ਮਨਦੀਪ ਕੌਰ (42) ਅਤੇ ਪੁੱਤਰ ਅਭੈ (15) ਵਜੋਂ ਹੋਈ ਹੈ। ਉਹ ਮੋਹਾਲੀ ਦੇ ਰਹਿਣ ਵਾਲੇ ਸਨ। ਇਸ ਤੋਂ ਬਾਅਦ ਤੁਰੰਤ ਬਨੂੜ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਜਾਂਚ ਦੌਰਾਨ ਕਾਰ ਵਿੱਚੋਂ ਇੱਕ ਵਿਅਕਤੀ, ਇੱਕ ਔਰਤ ਅਤੇ ਇੱਕ ਬੱਚੇ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਇਨ੍ਹਾਂ ਦੀਆਂ ਲਾਸ਼ਾਂ ਦਾ ਪੋਸਟਮਾਰਟ ਪਟਿਆਲਾ ਦੇ ਰਜਿੰਦਰਾ ਹਸਪਤਾਲ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਐਸਐਚਓ ਆਕਾਸ਼ਦੀਪ ਸਿੰਘ ਬਨੂੜ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਅਤੇ ਰਾਜਪੁਰਾ ਦੇ ਸਰਕਾਰੀਆ ਹਸਪਤਾਲ ਦੇ ਐਸਐਮਓ ਸੋਨੀਆ ਜਗਵਾਲ ਨੇ ਵੀ ਦੱਸਿਆ ਹੈ ਕਿ ਰਾਜਪੁਰਾ ਵਿੱਚ ਫਾਰਸਿਕ ਟੀਮ ਨਾ ਹੋਣ ਕਾਰਨ ਇਹਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟ ਪਟਿਆਲਾ ਰਜਿੰਦਰ ਹੋਸਪੀਟਲ ਕਰਵਾਇਆ ਜਾਵੇਗਾ
ਕਦੇ ਸੋਚਿਆ ਵੀ ਨਹੀਂ ਸੀ
ਸੰਦੀਪ ਦੇ ਪਰਿਵਾਰ ਵਿੱਚ ਇੱਕ ਭਰਾ ਹੈ, ਜੋ ਬਠਿੰਡਾ ਵਿੱਚ ਰਹਿੰਦਾ ਹੈ। ਜਦੋਂਕਿ ਭੈਣ ਅਮਰੀਕਾ ਵਿੱਚ ਰਹਿੰਦੀ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਬਾਰੇ ਸਸਪੈਂਸ ਬਣਿਆ ਹੋਇਆ ਹੈ। ਪੁਲਿਸ ਨੇ ਕਿਹਾ ਕਿ ਹੁਣ ਤੱਕ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਸੰਦੀਪ ਦੇ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਸੰਦੀਪ ਕਦੇ ਅਜਿਹਾ ਕਦਮ ਚੁੱਕ ਸਕਦਾ ਹੈ। ਪਰਿਵਾਰ ਹਮੇਸ਼ਾ ਖੁਸ਼ ਦਿਖਾਈ ਦਿੰਦਾ ਸੀ।
ਖੁਦਕੁਸ਼ੀ ਦਾ ਸ਼ੱਕ
ਰਾਜਪੁਰਾ ਦੇ ਡੀਐਸਪੀ ਮਨਜੀਤ ਸਿੰਘ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿੱਚ ਪਿਸਤੌਲ ਮਿਲਿਆ ਹੈ ਅਤੇ ਤਿੰਨਾਂ ਦੇ ਸਿਰਾਂ 'ਤੇ ਗੋਲੀਆਂ ਦੇ ਨਿਸ਼ਾਨ ਹਨ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੰਦੀਪ ਨੇ ਪਹਿਲਾਂ ਆਪਣੀ ਪਤਨੀ ਮਨਦੀਪ ਕੌਰ ਅਤੇ ਪੁੱਤਰ ਅਭੈ ਨੂੰ ਗੋਲੀ ਮਾਰੀ ਸੀ। ਫਿਰ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਤਿੰਨ ਸਾਲ ਪਹਿਲਾਂ ਮੋਹਾਲੀ ਸ਼ਿਫਟ ਹੋ ਗਿਆ ਸੀ ਪਰਿਵਾਰ
ਪੁਲਿਸ ਅਨੁਸਾਰ ਮ੍ਰਿਤਕ ਸੰਦੀਪ ਸਿੰਘ ਮੂਲ ਰੂਪ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿੱਖਵਾਲਾ ਦਾ ਰਹਿਣ ਵਾਲਾ ਸੀ। ਉਹ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਗੁਰੂਗ੍ਰਾਮ ਵਿੱਚ ਰਹਿੰਦਾ ਸੀ ਅਤੇ ਤਿੰਨ ਸਾਲ ਪਹਿਲਾਂ ਮੋਹਾਲੀ ਦੇ ਸੈਕਟਰ-109 ਵਿੱਚ ਏਮਾਰ ਸੁਸਾਇਟੀ ਵਿੱਚ ਸ਼ਿਫਟ ਹੋ ਗਿਆ ਸੀ। ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਅਤੇ ਆਰਥਿਕ ਤੌਰ 'ਤੇ ਚੰਗਾ ਦੱਸਿਆ ਜਾਂਦਾ ਹੈ।
- PTC NEWS