Bathinda ਦੇ ਪਿੰਡ ਜੀਦਾ 'ਚ ਹੋਏ ਧਮਾਕੇ ਦਾ ਮਾਮਲਾ, ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਦੇ ਸਮੇਂ ਅੱਜ ਫ਼ਿਰ ਹੋਏ 2 ਬਲਾਸਟ
Bathinda Blast News : ਬਠਿੰਡਾ ਦੇ ਪਿੰਡ ਜੀਦਾ 'ਚ ਅੱਜ ਫਿਰ 2 ਬਲਾਸਟ ਹੋਏ ਹਨ। ਰਵਿੰਦਰ ਸਿੰਘ ਰੰਧਾਵਾ ਡੀਐਸਪੀ ਭੁੱਚੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਦੇ ਸਮੇਂ ਅੱਜ ਫ਼ਿਰ 2 ਬਲਾਸਟ ਹੋਏ ਹਨ। ਉਨ੍ਹਾਂ ਦੱਸਿਆ ਕਿ ਬਚੀ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਲਈ ਬੰਬ ਡਿਫਿਊਜ਼ ਟੀਮਾਂ ਪਿਛਲੇ ਕਈ ਦਿਨਾਂ ਤੋਂ ਜੁਟੀਆਂ ਹੋਈਆਂ ਹਨ। ਪੁਲਿਸ ਵੱਲੋਂ ਆਮ ਲੋਕਾਂ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੇ 10 ਸਤੰਬਰ ਨੂੰ ਆਨਲਾਈਨ ਧਮਾਕੇਖੇਜ਼ ਸਮੱਗਰੀ ਮੰਗਵਾਈ ਸੀ। ਸਮੱਗਰੀ ਨਾਲ ਕੰਮ ਕਰਦੇ ਸਮੇਂ ਅਚਾਨਕ ਹੋਏ ਧਮਾਕੇ ਵਿੱਚ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ ਸੀ। ਉਸਨੂੰ ਤੁਰੰਤ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਇਲਾਜ ਹੇਠ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੁਪਹਿਰ ਸਮੇਂ ਜ਼ਖ਼ਮੀ ਦਾ ਪਿਤਾ ਹਸਪਤਾਲ ਤੋਂ ਆਪਣੇ ਘਰ ਆਇਆ ਸੀ। ਜਦੋਂ ਉਹ ਘਟਨਾ ਵਾਲੀ ਥਾਂ ਤੋਂ ਪੋਟਾਸ਼ ਨੂੰ ਪਾਸੇ ਕਰਨ ਲੱਗਾ ਤਾਂ ਅਚਾਨਕ ਦੂਜਾ ਧਮਾਕਾ ਹੋਇਆ ,ਜਿਸ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ। ਹਾਲਾਂਕਿ ਇਸ ਧਮਾਕੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਰ ਹੁਣ ਤੱਕ ਦੀ ਸੂਚਨਾ ਅਨੁਸਾਰ ਇਹ ਧਮਾਕਾ ਪੋਟਾਸ਼ ਨਾਲ ਹੋਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਧਮਾਕਿਆਂ ਦੀ ਲੜੀ ਨਾਲ ਪਿੰਡ ਵਿੱਚ ਹੜਕੰਪ ਮਚ ਗਿਆ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਨੇ ਮੌਕੇ ‘ਤੇ ਪਹੁੰਚ ਕੇ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਘਰ ਅੰਦਰ ਮੌਜੂਦ ਸਮੱਗਰੀ ਨੂੰ ਸੁਰੱਖਿਆ ਕਾਰਨਾਂ ਕਰਕੇ ਕਬਜ਼ੇ ‘ਚ ਲਿਆ ਗਿਆ ਹੈ। ਸਥਾਨਕ ਪੁਲਿਸ ਵੀ ਫੋਰੈਂਸਿਕ ਟੀਮ ਦੇ ਨਾਲ ਮਿਲ ਕੇ ਧਮਾਕਿਆਂ ਦੇ ਅਸਲੀ ਕਾਰਨ ਦੀ ਜਾਂਚ ਕਰ ਰਹੀ ਹੈ।
- PTC NEWS