Moga News : ਮੋਗਾ ਦੇ ਥਾਣਾ ਕੋਟ ਈਸੇ ਖਾਂ ਦੀ ਹਵਾਲਾਤ 'ਚੋਂ 2 ਨਸ਼ਾ ਤਸਕਰ ਛੱਤ ਤੋੜ ਕੇ ਹੋਏ ਫਰਾਰ
Moga News : ਮੋਗਾ ਦੇ ਥਾਣਾ ਕੋਟ ਈਸੇ ਖਾਂ ਦੀ ਹਵਾਲਾਤ ਵਿੱਚ ਬੰਦ 2 ਨਸ਼ਾ ਤਸਕਰ ਸ਼ਨੀਵਾਰ ਦੇਰ ਰਾਤ ਫਰਾਰ ਹੋ ਗਏ ਹਨ। ਪੁਲਿਸ ਰਾਤ ਨੂੰ ਸੁੱਤੀ ਪਈ ਰਹੀ ਅਤੇ ਦੋਵੇਂ ਅਪਰਾਧੀ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਆਰੋਪੀ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਢਣ ਸਿੰਘ ਹਵਾਲਾਤ ਦੀ ਦੀ ਛੱਤ ਤੋੜ ਕੇ ਫਰਾਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਦੀ ਪੁਲਿਸ ਨੇ 23 ਮਈ ਨੂੰ ਗਸ਼ਤ ਦੌਰਾਨ ਦੋਵਾਂ ਮੁਲਜ਼ਮਾਂ ਨੂੰ 80 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਵਿਰੁੱਧ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਉਨ੍ਹਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਲੈ ਲਿਆ। ਉਹ ਸ਼ਨੀਵਾਰ ਦੇਰ ਰਾਤ ਨੂੰ ਪੁਲਿਸ ਸਟੇਸ਼ਨ 'ਚ ਹਵਾਲਾਤ ਦੀ ਦੀ ਛੱਤ ਤੋੜ ਕੇ ਫਰਾਰ ਹੋ ਗਏ ਹਨ।
ਜਿਵੇਂ ਹੀ ਪੁਲਿਸ ਨੂੰ ਮੁਲਜ਼ਮਾਂ ਦੇ ਭੱਜਣ ਦੀ ਸੂਚਨਾ ਮਿਲੀ ਤਾਂ ਥਾਣੇ ਵਿੱਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਦੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਿਸ ਦੋਵਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਉਕਤ ਦੋਵੇਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਭਾਲ ਕੀਤੀ ਜਾ ਰਹੀ ਹੈ।
- PTC NEWS