UK 'ਚ ਗੁਰਸਿੱਖ ਬੱਚੀ ਨਾਲ ਵਾਪਰੀ ਘਟਨਾ ਮਨੁੱਖਤਾ ਦਾ ਸਿਰ ਝੁਕਾਉਣ ਵਾਲੀ, ਸਰਕਾਰ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਵੇ : ਜਥੇਦਾਰ ਕੁਲਦੀਪ ਸਿੰਘ ਗੜਗੱਜ
UK Sikh Girls sexually abused Case ; ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਨੇ ਯੂਕੇ ਵਿੱਚ ਇੱਕ ਗੁਰਸਿੱਖ ਕੁੜੀ ਨਾਲ ਹੋਈ ਰੇਪ ਦੀ ਮੰਦਭਾਗੀ ਘਟਨਾ 'ਤੇ ਗੰਭੀਰ ਰੋਸ ਅਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਇਕਵੀ ਸਦੀ ਵਿੱਚ ਵੀ ਵਾਪਰਦੀਆਂ ਸੁਣ ਕੇ ਮਨੁੱਖਤਾ ਦਾ ਸਿਰ ਝੁਕਦਾ ਹੈ।
''ਯੂਕੇ ਸਰਕਾਰ ਨਾਗਰਿਕਾਂ ਦੀ ਸੁਰੱਖਿਆ ਕਰਨ 'ਚ ਨਾਕਾਮ''
ਜਥੇਦਾਰ ਨੇ ਕਿਹਾ ਕਿ ਗੁਰੂ ਸਾਹਿਬਾਂ ਨੇ ਸਿੱਖਿਆ ਦਿੱਤੀ ਹੈ ਕਿ ਪਰਾਈਆਂ ਮਾਵਾਂ, ਧੀਆਂ ਅਤੇ ਭੈਣਾਂ ਨੂੰ ਆਪਣੀ ਮਾਂ, ਧੀ ਤੇ ਭੈਣ ਸਮਝ ਕੇ ਇੱਜ਼ਤ ਦੇਣੀ ਚਾਹੀਦੀ ਹੈ। ਪਰ ਯੂਕੇ ਵਿੱਚ ਇੱਕ ਸਿੱਖ ਬੱਚੀ ਨਾਲ ਵਾਪਰੀ ਇਹ ਘਟਨਾ ਨਾ ਸਿਰਫ਼ ਸ਼ਰਮਨਾਕ ਹੈ, ਸਗੋਂ ਇਹ ਸਾਬਤ ਕਰਦੀ ਹੈ ਕਿ ਉਥੋਂ ਦੀ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੀ ਹੈ।
ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਵੇ ਸਰਕਾਰ : ਜਥੇਦਾਰ ਗੜਗੱਜ
ਗਿਆਨੀ ਗੜਗੱਜ ਨੇ ਕਿਹਾ ਕਿ ਯੂਕੇ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਮਿਸਾਲੀ ਤੋਂ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਧੀ ਜਾਂ ਭੈਣ ਇਸ ਤਰ੍ਹਾਂ ਦੇ ਡਰਾਉਣੇ ਤਜਰਬੇ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਨੇ ਜੋੜਿਆ ਕਿ ਧੀਆਂ-ਭੈਣਾਂ ਜਦੋਂ ਘਰ ਤੋਂ ਬਾਹਰ ਨਿਕਲਣ, ਉਹਨਾਂ ਨੂੰ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਸੁਰੱਖਿਅਤ ਹਨ।ਇਸ ਤੋਂ ਇਲਾਵਾ, ਜਥੇਦਾਰ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਸਿੱਖ ਲੜਕੀ ਨਾਲ ਹੋਈ ਘਟਨਾ ਨਹੀਂ, ਬਲਕਿ ਮਨੁੱਖਤਾ ਦੇ ਵਿਰੁੱਧ ਇੱਕ ਅਪਰਾਧ ਹੈ। “ਭਾਵੇਂ ਪੀੜਤ ਸਿੱਖ ਹੋਵੇ ਜਾਂ ਕਿਸੇ ਹੋਰ ਧਰਮ ਨਾਲ ਸਬੰਧਿਤ, ਸਾਡਾ ਸਟੈਂਡ ਸਾਫ਼ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਿਲਕੁਲ ਬਰਦਾਸ਼ਤਯੋਗ ਨਹੀਂ ਹਨ।”
ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਦੁਨੀਆ ਭਰ ਵਿੱਚ ਸੇਵਾ ਤੇ ਬਲਿਦਾਨ ਲਈ ਜਾਣੀ ਜਾਂਦੀ ਹੈ। ਚਾਹੇ ਕੁਦਰਤੀ ਆਫਤ ਹੋਵੇ ਜਾਂ ਮਨੁੱਖਤਾ ਨਾਲ ਜੁੜਿਆ ਕੋਈ ਵੀ ਸੰਕਟ, ਸਿੱਖ ਹਮੇਸ਼ਾ ਅੱਗੇ ਰਹਿੰਦੇ ਹਨ। ਜਥੇਦਾਰ ਨੇ ਕਿਹਾ, “ਐਸੀ ਕੌਮ ਦੀ ਧੀ ਨਾਲ ਅਜਿਹਾ ਘਟਨਾ ਵਾਪਰਨਾ ਨਾ ਸਿਰਫ਼ ਉਸ ਪਰਿਵਾਰ ਲਈ, ਸਗੋਂ ਪੂਰੀ ਸਿੱਖ ਕੌਮ ਲਈ ਦਰਦਨਾਕ ਹੈ।” ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਕੇ ਸਰਕਾਰ ਨੂੰ ਕਿਹਾ ਕਿ ਜੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਤਾਂ ਇਹ ਨਾ ਸਿਰਫ਼ ਨਿਆਂ ਦੀ ਹਾਰ ਹੋਵੇਗੀ, ਸਗੋਂ ਹੋਰ ਅਪਰਾਧੀਆਂ ਦੇ ਮਨ ਵਿੱਚ ਵੀ ਹੌਸਲਾ ਵੱਧੇਗਾ। ਉਨ੍ਹਾਂ ਨੇ ਕਿਹਾ, “ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕੱਲ੍ਹ ਤੋਂ ਕੋਈ ਵੀ ਕਿਸੇ ਵੀ ਧੀ-ਭੈਣ ਦੇ ਨਾਲ ਜਬਰ-ਜਨਾਹ ਕਰਨ ਬਾਰੇ ਸੋਚ ਵੀ ਨਾ ਸਕੇ।”
ਉਨ੍ਹਾਂ ਕਿਹਾ, “ਇਹ ਘਟਨਾ ਉਸ ਦੇਸ਼ ਵਿੱਚ ਵਾਪਰੀ ਹੈ ਜਿੱਥੇ ਲੋਕ ਕਹਿੰਦੇ ਹਨ ਕਿ ਉਹਨਾਂ ਤੋਂ ਦੁਨੀਆ ਨੇ ਸਭਿਅਤਾ ਸਿੱਖੀ। ਪਰ ਅਜਿਹਾ ਗੈਰ-ਸਭਿਅਤਾ ਵਾਲਾ ਕਿਰਦਾਰ ਵਾਪਰਨਾ ਸਾਰੀ ਮਨੁੱਖਤਾ ਲਈ ਸ਼ਰਮਨਾਕ ਹੈ। ਵਾਹਿਗੁਰੂ ਕਰੇ ਕਿ ਉਥੇ ਦੀ ਸਰਕਾਰ ਤੁਰੰਤ ਕਾਰਵਾਈ ਕਰਕੇ ਨਿਆਂ ਦੇਵੇ ਤਾਂ ਕਿ ਸਾਰੀਆਂ ਧੀਆਂ-ਭੈਣਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
- PTC NEWS