Wed, Apr 24, 2024
Whatsapp

ਕਿਹੜੇ ਕਾਨੂੰਨ ਤਹਿਤ 'ਢੋਂਗੀ' ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਦਿੱਤੀ ਜਾ ਰਹੀ ਪੈਰੋਲ: ਬਿਕਰਮ ਸਿੰਘ ਮਜੀਠੀਆ

Written by  Jasmeet Singh -- November 14th 2022 07:05 PM
ਕਿਹੜੇ ਕਾਨੂੰਨ ਤਹਿਤ 'ਢੋਂਗੀ' ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਦਿੱਤੀ ਜਾ ਰਹੀ ਪੈਰੋਲ: ਬਿਕਰਮ ਸਿੰਘ ਮਜੀਠੀਆ

ਕਿਹੜੇ ਕਾਨੂੰਨ ਤਹਿਤ 'ਢੋਂਗੀ' ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਦਿੱਤੀ ਜਾ ਰਹੀ ਪੈਰੋਲ: ਬਿਕਰਮ ਸਿੰਘ ਮਜੀਠੀਆ

ਅੰਮ੍ਰਿਤਸਰ, 14 ਨਵੰਬਰ: ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਆਖਿਆ ਕਿ ਉਹ ਦੱਸਣ ਕਿ ਕਿਸ ਕਾਨੂੰਨ ਤਹਿਤ ’ਢੋਂਗੀ’ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ ਜਦੋਂ ਕਿ ਗੁਰਸਿੱਖ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 28 ਸਾਲਾਂ ਵਿਚ ਇਕ ਵਾਰ ਵੀ ਪੈਰੋਲ ਨਹੀਂ ਦਿੱਤੀ ਗਈ ਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਮਗਰੋਂ ਵੀ ਉਹਨਾਂ ਨੂੰ ਹੁਣ ਰਿਹਾਅ ਨਹੀਂ ਕੀਤਾ ਜਾ ਰਿਹਾ।

ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ ਸਖ਼ਤ ਸਟੈਂਡ ਲਿਆ ਤੇ ਉਸਨੂੰ ਬਹਿਰੂਪੀਆ ਕਰਾਰ ਦਿੱਤਾ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅੰਮ੍ਰਿਤਪਾਲ ਦੇ ਬਿਆਨਾਂ ਦਾ ਵਿਰੋਧ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਉਹ ਉਹ ਸਰਵਉਚ ਸ਼ਹਾਦਤ ਦੇਣ ਵਾਸਤੇ ਤਿਆਰ ਹਨ ਪਰ ਕਦੇ ਵੀ ਅਜਿਹੇ ਤੱਤਾਂ ਨੂੰ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦੇਣਗੇ।


ਡੇਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਰਾਮ ਰਹੀਮ ਜੋ ਜਬਰ ਜਨਾਹ ਦਾ ਦੋਸ਼ੀ ਹੈ ਤੇ ਕਾਤਲ ਹੈ, ਉਸਨੂੰ ਹਰਿਆਣਾ ਸਰਕਾਰ ਵੱਲੋਂ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ ਤੇ ਹਰਿਆਣਾ ਦੇ ਮੰਤਰੀ ਉਸ ਅੱਗੇ ਨਤਮਸਤਕ ਹੋ ਜਾਣਗੇ। 

ਉਹਨਾਂ ਕਿਹਾ ਕਿ ਦੂਜੇ ਪਾਸੇ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਨੂੰ ਪਿਛਲੇ 27 ਤੋਂ 28 ਸਾਲਾਂ ਤੋਂ ਕੋਈ ਪੈਰੋਲ ਨਹੀਂ ਦਿੱਤੀ ਗਈ ਤੇ ਕੇਂਦਰ ਸਰਕਾਰ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਐਲਾਨ ਕਰਨ ਦੇ ਬਾਵਜੂਦ ਹੁਣ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀ। ਉਹਨਾਂ ਮੰਗ ਕੀਤੀ ਕਿ ਭਾਈ ਰਾਜੋਆਣਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਹਾਜ਼ਰ ਇਕੱਠ ਜਿਸ ਵਿਚ ਹਰ ਧਰਮ ਦੇ ਵਿਅਕਤੀ ਸ਼ਾਮਲ ਸਨ, ਨੇ ਜੈਕਾਰਿਆਂ ਦੀ ਗੂੰਜ ਵਿਚ ਇਸ ਮੰਗ ਦਾ ਸਮਰਥਨ ਕੀਤਾ।

ਬਿਕਰਮ ਸਿੰਘ ਮਜੀਠੀਆ ਨੇ ਆਪ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਖ਼ਤ ਝਾੜ ਪਾਈ ਤੇ ਕਿਹਾ ਕਿ ਸਰਕਾਰ ਗਲਤ ਅਨਸਰਾਂ ਨੂੰ ਮੁੜ ਉਹੋ ਕੰਮ ਦੁਹਰਾ ਕੇ ਉਹਨਾਂ ਨੂੰ ਕਾਨੂੰਨੀ ਰੰਗਤ ਦੇਣ ਦੀ ਆਗਿਆ ਦੇ ਰਹੀ ਹੈ ਤੇ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ।

ਬਾਅਦ ਵਿਚ ਮੀਡੀਆ ਨਾਲ ਗੱਲਬਾਤ ਵਿਚ ਜਦੋਂ ਅੰਮ੍ਰਿਤਪਾਲ ਬਾਰੇ ਪੁੱਛਿਆ ਗਿਆ ਤਾਂ ਮਜੀਠੀਆ ਨੇ ਕਿਹਾ ਕਿ ਅਸਲੀ ਤਾਂ ਅਸਲੀ ਹੁੰਦਾ ਹੈ ਤੇ ਨਕਲੀ ਨੇ ਨਕਲੀ ਰਹਿਣਾ ਹੈ। ਭਾਵੁਕ ਹੁੰਦਿਆਂ ਮਜੀਠੀਆ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਹਿੰਦੂ ਭਾਈਚਾਰੇ ਦੇ ਮੈਂਬਰਾਂ ਵੱਲੋਂ ਅੰਮ੍ਰਿਤਪਾਲ ਵੱਲੋਂ ਉਹਨਾਂ ਖਿਲਾਫ ਜ਼ਹਿਰ ਉਗਲਣ ਦੀਆਂ ਸ਼ਿਕਾਇਤਾਂ ਦੇ ਫੋਨ ਆਉਂਦੇ ਹਨ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਵੀ ਕਿਸੇ ਭਾਈਚਾਰੇ ਦਾ ਇਸ ਤਰੀਕੇ ਅਪਮਾਨ ਕਰਨ ਦਾ ਹੱਕ ਨਹੀਂ ਹੈ। ਇਹ ਸਿੱਖੀ  ਸਿਧਾਂਤਾਂ ਦੇ ਵੀ ਖਿਲਾਫ ਹੈ ਕਿਉਂਕਿ ਸਿੱਖੀ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। 

ਉਹਨਾਂ ਕਿਹਾ ਕਿ ਭਾਵੇਂ ਉਹ ਮੁੱਖ ਮੰਤਰੀ ਇਸ ਮਾਮਲੇ ਵਿਚ ਚੁੱਪੀ ਧਾਰ ਕੇ ਰੱਖਣ ਪਰ ਉਹ ਹਿੰਦੂਆਂ, ਇਸਾਈਆਂ ਤੇ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਨੂੰ ਕੋਈ ਨੁਕਸਾਨ ਨਹੀਂ ਹੋਣ ਦੇ ਸਕਦੇ। ਉਹਨਾਂ ਕਿਹਾ ਕਿ ਉਹ ਲੋੜ ਪੈਣ ’ਤੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਪਹਿਲੀ ਗੋਲੀ ਖਾਣ ਲਈ ਵੀ ਤਿਆਰ ਹਨ। ਉਹਨਾਂ ਨੇ ਏਜੰਸੀਆਂ ਵੱਲੋਂ ਪੰਜਾਬ ਵਿਚ ਵੱਖ ਵੱਖ ਭਾਈਚਾਰਿਆਂ ਦਾ ਧਰੁਵੀਕਰਨ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਨਿਖੇਧੀ ਕੀਤੀ।

ਅਕਾਲੀ ਆਗੂ ਨੇ ਸਿੱਖਸ ਫਾਰ ਜਸਟਿਸ ਅਤੇ ਇਸਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਸਖ਼ਤ ਸਟੈਂਡ ਲੈਂਦਿਆਂ ਕਿਹਾ ਕਿ ਉਹ ਉਸਨੂੰ ਚੁਣੌਤੀ ਦਿੰਦੇ ਹਨ ਕਿ ਉਹ ਇਥੇ ਆਵੇ ਤੇ ਫਿਰ ਆ ਕੇ ਰੈਫਰੰਡਮ ਬਾਰੇ ਸਵਾਲ ਕਰੇ ਨਾ ਕਿ ਵਿਦੇਸ਼ੀ ਧਰਤੀ ’ਤੇ ਬੈਠ ਕੇ ਇਥੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇ। ਉਹਨਾਂ ਕਿਹਾ ਕਿ ਜੇਕਰ ਖਾਲਿਸਤਾਨ ਤਾਂ ਹੀ ਬਣਾਇਆ ਜਾ ਸਕਦਾ ਹੈ ਜੇਕਰ ਸਿੱਖ, ਹਿੰਦੂ, ਇਸਾਈ ਤੇ ਮੁਸਲਿਮ ਭਾਈਚਾਰੇ ਆਪਸ ਵਿਚ ਫੈਸਲਾ ਕਰਨ ਅਤੇ ਉਹਨਾਂ ਕਿਹਾ ਕਿ ਪੰਜਾਬੀ ਦੇਸ਼ ਦਾ ਅਨਿੱਖੜਵਾਂ ਅੰਗ ਹਨ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਵਾਸਤੇ ਆਪਣੀਆਂ ਸ਼ਹਾਦਤਾਂ ਵੀ ਦੇ ਰਹੇ ਹਨ। ਉਹਨਾਂ ਮੰਗ ਕੀਤੀ ਕਿ ਸਰਕਾਰ ਅਜਿਹੇ ਤੱਤਾਂ ਨਾਲ ਸਖ਼ਤੀ ਨਾਲ ਨਜਿੱਠੇ ਅਤੇ ਕਿਹਾ ਕਿ ਸੋਸ਼ਲ ਮੀਡੀਆ ਪੋਸਟਾਂ ਪਾਉਣ ਲਈ ਛੋਟੇ ਛੋਟੇ ਬੱਚਿਆਂ ਨੂੰ ਜੇਲ੍ਹਾਂ ਵਿਚ ਧੱਕਿਆ ਜਾ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਮੌਜੂਦਾ ਹਾਲਾਤ 'ਆਪ' ਸਰਕਾਰ ਵੱਲੋਂ ਹਰ ਮੁਹਾਜ਼ ’ਤੇ ਅਸਫਲ ਰਹਿਣ ਦਾ ਨਤੀਜਾ ਹੈ ਜਿਸ ਕਾਰਨ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ ਤੇ ਸੂਬੇ ਵਿਚ ਕੋਈ ਨਿਵੇਸ਼ ਨਹੀਂ ਆ ਰਿਹਾ ਤੇ ਘਰੇਲੂ ਉਦਯੋਗ ਇਥੋਂ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸਦੇ ਨਤੀਜੇ ਵਜੋਂ ਪੰਜਾਬ ਵਿਚ ਬੇਰੁਜ਼ਗਾਰੀ ਹੋਰ ਵਧੇਗੀ।

ਮਜੀਠੀਆ ਨੇ 'ਆਪ' ਸਰਕਾਰ ਵੱਲੋਂ ਸੂਬੇ ਵਿਚ ਆਪਣੀ ਮਰਜ਼ੀ ਮੁਤਾਬਕ ਫਿਰੌਤੀਆਂ ਵਸੂਲਣ ਵਾਲੇ ਗੈਂਗਸਟਰਾਂ ਨੂੰ ਉਤਸ਼ਾਹਿਤ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਤਿਹਾੜ ਜੇਲ੍ਹ ਵਿਚ ਰਚੀ ਗਈ ਜੋ ਦਿੱਲੀ ਦੀ 'ਆਪ' ਸਰਕਾਰ ਦੇ ਅਧੀਨ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਜੇਲ੍ਹ ਮੰਤਰੀ ਸਤੇਂਦਰ ਜੈਨ ਪਹਿਲਾਂ ਹੀ ਜੇਲ੍ਹ ਵਿਚਲੇ ਕੈਦੀਆਂ ਤੋਂ ਕਰੋੜਾਂ ਰੁਪਏ ਵਸੂਲਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਦੀ ਸਾਜ਼ਿਸ਼ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਰਚੀ ਗਈ ਪਰ ਤਤਕਾਲੀ ਏ.ਡੀ.ਜੀ.ਪੀ ਜੇਲ੍ਹਾਂ ਹਰਪ੍ਰੀਤ ਸਿੱਧੂ ਜਾਂ ਜੇਲ੍ਹ ਮੰਤਰੀ ਹਰਜੋਤ ਬੈਂਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕ, ਅਮਰਜੀਤ ਸਿੰਘ ਬੰਡਾਲਾ ਤੇ ਸੁਰਜੀਤ ਸਿੰਘ ਭਿੱਟੀਵਿੰਢ ਵੀ ਹਾਜ਼ਰ ਸਨ।

- PTC NEWS

Top News view more...

Latest News view more...