Air India plane crash : 'ਮੈਂ ਏਅਰਪੋਰਟ ਲਈ ਨਿਕਲ ਚੁੱਕਾ ਹਾਂ', ਭਰਾ ਨੂੰ ਕੀਤਾ ਸੀ ਆਖਰੀ ਫੋਨ, ਅਹਿਮਦਾਬਾਦ ਜਹਾਜ਼ ਹਾਦਸੇ 'ਚ ਯੂਪੀ ਦੇ ਜੋੜੇ ਦੀ ਮੌਤ
Air India plane crash : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਅਕੋਲਾ ਇਲਾਕੇ ਦੇ ਇੱਕ ਜੋੜੇ ਦੀ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਨੀਰਜ ਲਵਾਨੀਆਂ ਅਤੇ ਉਸਦੀ ਪਤਨੀ ਲੰਡਨ ਲਈ ਰਵਾਨਾ ਹੋਏ ਸਨ। ਨੀਰਜ ਆਪਣੇ ਪਰਿਵਾਰ ਨਾਲ ਵਡੋਦਰਾ ਦੀ ਫੇਦਰ ਸਕਾਈ ਵਿਲਾਸ ਕਲੋਨੀ ਵਿੱਚ ਰਹਿੰਦਾ ਸੀ ਅਤੇ ਇੱਕ ਕੰਪਨੀ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ।
ਭਰਾ ਨੂੰ ਕੀਤਾ ਸੀ ਆਖਰੀ ਫੋਨ
ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਲਗਭਗ 9 ਵਜੇ ਨੀਰਜ ਨੇ ਆਪਣੇ ਭਰਾ ਸਤੀਸ਼ ਨੂੰ ਫ਼ੋਨ ਕੀਤਾ ਅਤੇ ਉਸਨੂੰ ਦੱਸਿਆ ਕਿ ਉਹ ਟੈਕਸੀ ਰਾਹੀਂ ਹਵਾਈ ਅੱਡੇ ਲਈ ਨਿਕਲ ਚੁੱਕੇ ਹਨ। ਇਸ ਤੋਂ ਬਾਅਦ ਪਰਿਵਾਰ ਦਾ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਹੈ।
ਪਰਿਵਾਰਕ ਮੈਂਬਰਾਂ ਦਾ ਰੋ -ਰੋ ਬੁਰਾ ਹਾਲ
ਪਰਿਵਾਰਕ ਮੈਂਬਰ ਲਗਾਤਾਰ ਹੈਲਪਲਾਈਨ ਨੰਬਰ 'ਤੇ ਸੰਪਰਕ ਕਰ ਰਹੇ ਹਨ ਪਰ ਹੁਣ ਤੱਕ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਹਵਾਈ ਅੱਡੇ 'ਤੇ ਆਪਣੇ ਅਜ਼ੀਜ਼ਾਂ ਦੀ ਭਾਲ ਕਰ ਰਹੇ ਪਰਿਵਾਰਕ ਮੈਂਬਰਾਂ ਦਾ ਰੋ -ਰੋ ਬੁਰਾ ਹਾਲ ਹੈ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਹੈ। ਹਾਦਸੇ ਦੀਆਂ ਭਿਆਨਕ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਹਾਦਸੇ ਵਿੱਚ 265 ਲੋਕਾਂ ਦੀ ਮੌਤ
ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ AI-171, ਜੋ ਗੁਜਰਾਤ ਦੇ ਅਹਿਮਦਾਬਾਦ ਤੋਂ ਗੈਟਵਿਕ, ਲੰਡਨ ਜਾ ਰਿਹਾ ਸੀ, ਵੀਰਵਾਰ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 265 ਲੋਕਾਂ ਦੀ ਮੌਤ ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸਦੀ ਪੁਸ਼ਟੀ ਕੀਤੀ ਹੈ। ਇਸ ਉਡਾਣ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ।
- PTC NEWS