US Deported Punjabi : ''ਜ਼ਮੀਨ ਤੇ ਧੀਆਂ ਦੇ ਗਹਿਣੇ ਵੇਚ ਕੇ ਭੇਜਿਆ ਸੀ ਪੁੱਤ, ਪਰ ਸਾਡੇ ਤਾਂ ਹਾਲਾਤ ਹੋਰ ਵੀ ਮਾੜੇ ਹੋਗੇ'' ਜਤਿੰਦਰ ਸਿੰਘ ਦੇ ਮਾਪਿਆਂ ਦਾ ਦਰਦ
US Deported Amritsar Youth Jatinder Singh : ਅਮਰੀਕਾ ਤੋਂ ਡਿਪੋਰਟ 119 ਭਾਰਤੀਆਂ ਵਿੱਚ ਅੰਮ੍ਰਿਤਸਰ ਦੇ ਪਿੰਡ ਬੁੰਡਾਲਾ ਦਾ ਜਤਿੰਦਰ ਸਿੰਘ ਵੀ ਸ਼ਾਮਲ ਹੈ, ਜਿਸ ਦੀ ਵਾਪਸੀ ਨੇ ਮਾਪਿਆਂ ਨੂੰ ਅਸਹਿ ਦੁੱਖ ਵਿੱਚ ਪਾ ਦਿੱਤਾ ਹੈ ਅਤੇ ਰੋ-ਰੋ ਕੇ ਬੁਰਾ ਹਾਲ ਹੈ। ਨੌਜਵਾਨ ਜਤਿੰਦਰ ਸਿੰਘ ਜਤਿੰਦਰ ਸਿੰਘ, ਜਿਸਦੀ ਉਮਰ 23 ਸਾਲ ਦੇ ਕਰੀਬ ਹੈ, ਦੇ ਮਾਪਿਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਤਿੰਦਰ ਸਿੰਘ ਪੰਜ ਮਹੀਨੇ ਪਹਿਲਾਂ ਦਿੱਲੀ ਤੋਂ ਇੱਕ ਏਜੰਟ ਦੇ ਰਾਹੀਂ ਅਮਰੀਕਾ ਲਈ ਆਪਣੇ ਸੁਪਨੇ ਪੂਰੇ ਕਰਨ ਅਤੇ ਰੋਜ਼ੀ-ਰੋਟੀ ਦੀ ਭਾਲ ਵਿੱਚ ਰਵਾਨਾ ਹੋਇਆ ਸੀ, ਪਰ ਅੱਜ ਡਿਪੋਰਟ ਹੋ ਗਿਆ ਹੈ।
''ਏਜੰਟ ਨੇ ਝੂਠ ਬੋਲ ਕੇ ਲਵਾਈ ਜਤਿੰਦਰ ਦੀ ਡੌਂਕੀ''
ਜਤਿੰਦਰ ਸਿੰਘ ਦੇ ਪਿਤਾ ਗੁਰਬਚਨ ਸਿੰਘ ਅਤੇ ਮਾਤਾ ਰਜਿੰਦਰ ਕੌਰ ਨੇ ਭਿੱਜੀਆਂ ਅੱਖਾਂ ਨਾਲ ਦੱਸਿਆ ਕਿ ਉਸ ਏਜੰਟ ਨੇ 45 ਲੱਖ ਰੁਪਏ ਦੇ ਕਰੀਬ ਸਾਡੇ ਬੇਟੇ ਕੋਲੋਂ ਲਏ ਸਨ ਕਿ ਉਸ ਨੂੰ 10 ਦਿਨਾਂ ਦੇ ਅੰਦਰ ਅਮਰੀਕਾ ਪਹੁੰਚਾ ਦਿੱਤਾ ਜਾਵੇਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸਾਡੇ ਬੇਟੇ ਨੂੰ ਅਮਰੀਕਾ ਜਾਣ ਲਈ ਪੰਜ ਮਹੀਨੇ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਏਜੰਟ ਵੱਲੋਂ ਝੂਠ ਬੋਲ ਕੇ ਸਾਡੇ ਬੇਟੇ ਨੂੰ ਡੌਂਕੀ ਲਗਾ ਕੇ ਭੇਜਿਆ। ਉਹਨਾਂ ਕਿਹਾ ਕਿ 23 ਜਨਵਰੀ ਦੇ ਕਰੀਬ ਸਾਡੀ ਜਤਿੰਦਰ ਦੇ ਨਾਲ ਗੱਲਬਾਤ ਹੋਈ ਸੀ, ਜਿਸ ਦੌਰਾਨ ਉਸ ਨੇ ਕਿਹਾ ਸੀ ਕਿ ਉਹ ਇੱਕ-ਦੋ ਦਿਨ ਤੱਕ ਅਮਰੀਕਾ ਦੀ ਕੰਧ ਟੱਪ ਕੇ ਅਮਰੀਕਾ ਪਹੁੰਚ ਜਾਵੇਗਾ।
''ਹੁਣ ਸਾਡੀ ਤਾਂ ਰੋਟੀ ਚੱਲਣੀ ਵੀ ਮੁਸ਼ਕਿਲ''
ਹਾਲਾਂਕਿ ਬੀਤੇ ਦਿਨ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਜਤਿੰਦਰ ਸਿੰਘ ਡਿਪੋਰਟ ਹੋ ਗਿਆ ਅਤੇ ਵਾਪਸ ਪੰਜਾਬ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੀ ਜ਼ਮੀਨ ਵੇਚ ਕੇ ਆਪਣੇ ਇਕਲੌਤੇ ਪੁੱਤਰ ਜਤਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਸੀ ਕਿ ਘਰ ਦੇ ਹਾਲਾਤ ਵਧਿਆ ਹੋਣਗੇ ਅਤੇ ਬੇਟੇ ਦਾ ਭਵਿੱਖ ਵੀ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਿ ਜਤਿੰਦਰ ਸਿੰਘ ਦੋ ਭੈਣਾਂ ਦਾ ਇਲਕੌਤਾ ਭਰਾ ਹੈ ਤੇ ਉਸ ਦੀਆਂ ਦੋਵੇਂ ਭੈਣਾਂ ਸ਼ਾਦੀਸ਼ੁਦਾ ਹੈ। ਅਸੀਂ ਆਪਣੀ ਜਮੀਨ ਤੇ ਆਪਣੀ ਧੀਆਂ ਦੇ ਗਹਿਣੇ ਵੇਚ ਕੇ ਉਸਨੂੰ ਬਾਹਰ ਭੇਜਿਆ ਸੀ। ਪਰ ਸਾਨੂੰ ਕੀ ਪਤਾ ਸੀ ਕਿ ਸਾਡੇ ਹਾਲਾਤ ਹੋਰ ਮਾੜੇ ਹੋ ਜਾਣਗੇ, ਸਾਡੀ ਰੋਜੀ ਰੋਟੀ ਵੀ ਚੱਲਣੀ ਮੁਸ਼ਕਿਲ ਹੋ ਜਾਵੇਗੀ।
ਮਾਪਿਆਂ ਦੀ ਸਰਕਾਰ ਨੂੰ ਅਪੀਲ
ਉਹਨਾਂ ਕਿਹਾ ਕਿ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਹਨ ਪਰ ਪੰਜਾਬ ਵਿੱਚ ਬੇਰੁਜ਼ਗਾਰੀ ਤੇ ਨਸ਼ਾ ਇੰਨਾ ਕੁ ਹੈ, ਜਿਸਦੇ ਚਲਦੇ ਮਾਪੇ ਬੱਚਿਆਂ ਨੂੰ ਵਿਦੇਸ਼ ਵਿੱਚ ਭੇਜ ਰਹੇ ਹਨ। ਜੇਕਰ ਪੰਜਾਬ ਵਿੱਚ ਰੋਜ਼ਗਾਰ ਹੋਵੇ ਨਸ਼ਾ ਨਾ ਹੋਵੇ ਤਾਂ ਕਿਸ ਦਾ ਦਿਲ ਕਰਦਾ ਹੈ ਕਿ ਆਪਣੇ ਬੱਚੇ ਨੂੰ ਆਪਣੇ ਘਰੋਂ ਦੂਰ ਭੇਜਣ ਲਈ ਉੱਥੇ ਇਹ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਬੱਚੇ ਆਪਣੇ ਲੈ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਣ। ਉੱਥੇ ਹੀ ਪਰਿਵਾਰ ਨੇ ਕਿਹਾ ਕਿ ਅਸੀਂ ਸਰਕਾਰ ਕੋਲੋਂ ਅਜਿਹੇ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਤਾਂ ਜੋ ਉਹ ਹੋਰ ਨੌਜਵਾਨਾਂ ਦਾ ਭਵਿੱਖ ਨਾ ਖਰਾਬ ਕਰ ਸਕਣ।
- PTC NEWS