US Deported Punjabi : ''ਸਾਨੂੰ ਸਮਝ ਨਹੀਂ ਆ ਰਹੀ, ਅਸੀਂ ਕੀ ਕਰੀਏ...ਸਾਡੇ ਤਾਂ ਦੋਵੇਂ ਹੀ ਪੁੱਤ ਡਿਪੋਰਟ ਹੋ ਗਏ'', ਗੁਰਦਾਸਪੁਰ 'ਚ ਮਾਂਵਾਂ ਨੇ ਸੁਣਾਇਆ ਦੁੱਖੜਾ
US Deported Punjabi From Khanowal : ਪਿੰਡ ਖਾਨੋਵਾਲ ਵਿਖੇ ਜਠਾਣੀ ਦਰਾਣੀ ਵੱਲੋਂ ਆਪਣੀਆਂ ਜਮੀਨਾਂ ਵੇਚ ਕੇ ਆਪਣੇ ਪੁੱਤਾਂ ਨੂੰ ਅਮਰੀਕਾ ਭੇਜਿਆ ਗਿਆ ਸੀ। ਦੋਵਾਂ ਪੁੱਤਰਾਂ ਦੇ ਡਿਪੋਰਟ ਹੋਣ ਦੀ ਖਬਰ ਸੁਣਦਿਆਂ ਹੀ ਮਾਵਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇਸ ਸਬੰਧੀ ਪਿੰਡ ਖਾਨੋਵਾਲ ਦੇ ਜੇਠਾਣੀ ਬਲਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਅਤੇ ਦਰਾਣੀ ਗੁਰਪ੍ਰੀਤ ਕੌਰ ਪਤਨੀ ਮਰਹੂਮ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਆਪਣੀ ਮਾਲਕੀ ਜਮੀਨ , ਪਲਾਟ ਅਤੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਚੁੱਕ ਕੇ 45-45 ਲੱਖ ਰੁਪਏ ਏਜੰਟ ਨੂੰ ਦੇ ਕੇ ਆਪਣੇ ਪੁੱਤਰਾਂ ਨੂੰ ਅਮਰੀਕਾ ਭੇਜਿਆ ਸੀ।
ਇਸ ਮੌਕੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨਰਿੰਦਰ ਸਿੰਘ 2013 ਵਿੱਚ ਮੌਤ ਹੋਣ ਤੋਂ ਬਾਅਦ ਮੇਰੇ ਪਿਤਾ ਜਸਵੰਤ ਸਿੰਘ ਫੌਜੀ ਵੱਲੋਂ ਉਸ ਦੇ ਪੁੱਤਰ ਹਰਜੀਤ ਸਿੰਘ, ਬੇਟੀਆਂ ਪ੍ਰਭਜੋਤ ਕੌਰ ਅਤੇ ਰਾਜਵੀਰ ਕੌਰ ਦਾ ਪਾਲਣ ਪੋਸ਼ਣ ਕੀਤਾ। ਇਥੋਂ ਤੱਕ ਕਿ ਮੇਰੇ ਪਿਤਾ ਨੇ ਸਾਡੇ ਰਹਿਣ ਲਈ ਰਹਿਣ ਬਸੇਰਾ ਵੀ ਤਿਆਰ ਕਰਕੇ ਦਿੱਤਾ ਸੀ।
ਗੁਰਪ੍ਰੀਤ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਆਪਣਾ ਚੰਗਾ ਭਵਿੱਖ ਬਣਾਉਣ ਦੀ ਕਾਮਨਾ ਨੂੰ ਲੈ ਕੇ ਪਿੰਡ ਰੁਡਿਆਣੇ ਦੇ ਏਜੰਟ ਜੋ ਅਮਰੀਕਾ ਵਿੱਚ ਰਹਿੰਦਾ ਹੈ, ਵੱਲੋਂ ਮੇਰੇ ਪੁੱਤ ਅਤੇ ਮੇਰੀ ਜੇਠਾਣੀ ਦੇ ਪੁੱਤ ਨੂੰ ਅਮਰੀਕਾ ਲਿਜਾਣ ਲਈ 45-45 ਲੱਖ ਰੁਪਏ ਲਏ ਸਨ।
ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਹਰਜੀਤ ਨੂੰ ਅਮਰੀਕਾ ਭੇਜਣ ਲਈ ਆਪਣੇ ਹਿੱਸੇ ਆਉਂਦੀ ਦੋ ਏਕੜ ਜ਼ਮੀਨ ਵੇਚ ਕੇ 45 ਲੱਖ ਰੁਪਿਆ ਦੇ ਕੇ ਵਿਦੇਸ਼ ਭੇਜਿਆ ਸੀ, ਪਰ ਅੱਜ ਜਦੋਂ ਸਾਡੇ ਬੱਚੇ ਡਿਪੋਟ ਹੋ ਗਏ ਹਨ, ਹੁਣ ਸਾਨੂੰ ਸਮਝ ਨਹੀ ਆ ਰਹੀ, ਅਸੀ ਕੀ ਕਰੀਏ। ਕਿਉਂਕਿ ਅਸੀ ਆਪਣੀ ਜ਼ਮੀਨ ਵੀ ਵੇਚ ਚੁੱਕੇ ਹਾਂ ਹੁਣ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ? ਅਸੀ ਸਰਕਾਰ ਕੋਲ ਅਪੀਲ ਕਰਦੇ ਹਾਂ ਸਰਕਾਰ ਸਾਡੀ ਮਦਦ ਕਰੇ।
- PTC NEWS