Google ਸਰਚ ਨਾਲ ਇੰਝ ਬਚੀ 6 ਸਾਲ ਦੇ ਬੱਚੇ ਦੀ ਜਾਨ, ਡਾਕਟਰਾਂ ਨੇ ਵੀ ਦੇ ਦਿੱਤਾ ਸੀ ਜਵਾਬ
Google search : ਤੁਸੀਂ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਗੂਗਲ ਸਰਚ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਪਰ ਇਹ ਸੱਚ ਹੈ ਕਿ ਗੂਗਲ ਸਰਚ ਰਾਹੀਂ 6 ਸਾਲ ਦੇ ਬੱਚੇ ਦੀ ਜਾਨ ਬਚਾਈ ਗਈ। ਇਸ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਜੇਕਰ ਤਕਨਾਲੋਜੀ ਸਹੀ ਢੰਗ ਨਾਲ ਵਰਤੀ ਜਾਂਦੀ ਹੈ ਤਾਂ ਜ਼ਿੰਦਗੀ ਲਈ ਕਿਵੇਂ ਲਾਭਦਾਇਕ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ।
ਇਹ ਘਟਨਾ ਅਮਰੀਕਾ ਵਿੱਚ ਵਾਪਰੀ। 6 ਸਾਲਾ ਵਿਟਨ ਡੈਨੀਅਲ ਦੀ ਮਾਂ ਨੇ ਗੂਗਲ ਸਰਚ ਰਾਹੀਂ ਉਸਦੀ ਜਾਨ ਬਚਾਈ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ ਵਿੱਚ ਵਿਟਨ ਡੈਨੀਅਲ ਨੂੰ ਅਚਾਨਕ ਚੱਕਰ ਆਉਣ ਅਤੇ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਡਾਕਟਰਾਂ ਨੇ ਸ਼ੁਰੂ ਵਿੱਚ ਬੱਚੇ ਨੂੰ ਫਲੂ ਦੱਸਿਆ ਪਰ 24 ਘੰਟਿਆਂ ਦੇ ਅੰਦਰ ਉਸਦੀ ਹਾਲਤ ਵਿਗੜ ਗਈ। ਡੈਨੀਅਲ ਬੋਲਣ ਜਾਂ ਹਿੱਲਣ ਵਿੱਚ ਅਸਮਰੱਥ ਸੀ। ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਿਆ, ਜਿਸ ਨਾਲ ਉਸਦੀ ਮਾਂ ਕੈਸੀ ਡੈਨੀਅਲ ਘਬਰਾ ਗਈ।
ਕੀ ਹੈ ਪੂਰਾ ਮਾਮਲਾ
ਬੱਚਾ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਸੀ ,ਜਿਸਨੂੰ ਕੈਵਰਨਸ ਮੈਲਫਾਰਮੇਸ਼ਨ ਕਿਹਾ ਜਾਂਦਾ ਹੈ। ਡਾਕਟਰਾਂ ਨੇ ਮਹਿਲਾ ਨੂੰ ਜਵਾਬ ਦੇ ਦਿੱਤਾ ਸੀ। ਨਾਲ ਹੀ ਇਹ ਕਿਹਾ ਸੀ ਕਿ ਜੇਕਰ ਉਸਦਾ ਪੁੱਤਰ ਬਚ ਵੀ ਜਾਂਦਾ ਹੈ ਤਾਂ ਉਹ ਕਦੇ ਵੀ ਤੁਰ ਨਹੀਂ ਸਕੇਗਾ। ਉਸਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਇੱਕ ਵੈਂਟੀਲੇਟਰ ਅਤੇ ਇੱਕ ਫੀਡਿੰਗ ਟਿਊਬ ਦੀ ਲੋੜ ਪਵੇਗੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮਾਂ ਨੇ ਫਿਰ ਗੂਗਲ ਦਾ ਸਹਾਰਾ ਲਿਆ। ਗੂਗਲ ਸਰਚ ਦੌਰਾਨ ਉਸਨੂੰ ਯੂਟੀਹੈਲਥ ਹਿਊਸਟਨ ਦੇ ਇੱਕ ਨਿਊਰੋਸਰਜਨ ਡਾ. ਜੈਕ ਮੋਰਕੋਸ ਦਾ ਇੱਕ ਲੇਖ ਮਿਲਿਆ।
ਡਾ. ਜੈਕ ਮੋਰਕੋਸ ਇਸ ਬਿਮਾਰੀ ਦੇ ਇਲਾਜ ਦੇ ਮਾਹਰ ਹਨ। ਬੱਚੇ ਦੀ ਮਾਂ ਨੇ ਫਿਰ ਉਸਨੂੰ ਈਮੇਲ ਕੀਤਾ, ਇਲਾਜ ਵਿੱਚ ਮਦਦ ਦੀ ਬੇਨਤੀ ਕੀਤੀ। ਉਸਨੂੰ ਤੁਰੰਤ ਜਵਾਬ ਮਿਲਿਆ ਅਤੇ ਬੱਚੇ ਨੂੰ ਹਿਊਸਟਨ ਲਿਜਾਇਆ ਗਿਆ। ਉੱਥੇ ਡਾ. ਮੋਰਕੋਸ ਅਤੇ ਬਾਲ ਰੋਗ ਵਿਗਿਆਨੀ ਡਾ. ਮਨੀਸ਼ ਸ਼ਾਹ ਨੇ ਚਾਰ ਘੰਟੇ ਦੀ ਇੱਕ ਗੰਭੀਰ ਸਰਜਰੀ ਕੀਤੀ, ਜਿਸ ਤੋਂ ਬਾਅਦ ਬੱਚਾ ਹੋਸ਼ ਵਿੱਚ ਆ ਗਿਆ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬੱਚੇ ਨੇ ਹੁਣ ਦੁਬਾਰਾ ਬੋਲਣਾ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਨੇ ਸ਼ੁਰੂ ਵਿੱਚ ਜਿਸ ਬੱਚੇ ਨੂੰ ਫਲੂ ਦੱਸਿਆ ਸੀ ,ਉਸਨੂੰ ਇੱਕ ਗੰਭੀਰ ਬਿਮਾਰੀ ਨਿਕਲੀ। ਉਸਦੀ ਮਾਂ ਨੇ ਗੂਗਲ ਦੀ ਵਰਤੋਂ ਕਰਕੇ ਇੱਕ ਮਾਹਰ ਡਾਕਟਰ ਲੱਭਿਆ, ਜਿਸ ਨਾਲ ਉਸਦੇ ਪੁੱਤਰ ਦੀ ਜਾਨ ਬਚ ਗਈ। ਇਸ ਘਟਨਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਧਿਆਨ ਖਿੱਚਿਆ ਅਤੇ ਦਿਖਾਇਆ ਕਿ ਤਕਨਾਲੋਜੀ, ਜਦੋਂ ਸਹੀ ਦਿਸ਼ਾ ਵਿੱਚ ਵਰਤੀ ਜਾਂਦੀ ਹੈ ਤਾਂ ਇੱਕ ਵਰਦਾਨ ਸਾਬਤ ਹੋ ਸਕਦੀ ਹੈ।
- PTC NEWS