Vaishno Devi yatra : 14 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ, ਮੀਂਹ ਕਾਰਨ ਕੀਤਾ ਸੀ ਮੁਲਤਵੀ
Vaishno Devi yatra : ਸ੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਜੋ ਕਿ ਖਰਾਬ ਮੌਸਮ ਅਤੇ ਜ਼ਰੂਰੀ ਟਰੈਕ ਮੁਰੰਮਤ ਦੇ ਕੰਮ ਕਾਰਨ ਅਸਥਾਈ ਤੌਰ ’ਤੇ ਮੁਅੱਤਲ ਕੀਤੀ ਗਈ ਸੀ। ਹੁਣ 14 ਸਤੰਬਰ (ਐਤਵਾਰ) ਤੋਂ ਮੁੜ ਸ਼ੁਰੂ ਹੋਵੇਗੀ। ਹਾਲਾਂਕਿ ਯਾਤਰਾ ਦੀ ਮੁੜ ਸ਼ੁਰੂਆਤ ਤਾਂ ਹੀ ਸੰਭਵ ਹੋਵੇਗੀ ਜੇਕਰ ਮੌਸਮ ਸਾਫ਼ ਰਹੇਗਾ। ਅੱਜ ਇਹ ਜਾਣਕਾਰੀ ਦਿੰਦੇ ਹੋਏ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਅਤੇ ਟਰੈਕ ਦੀ ਸੁਰੱਖਿਆ ਲਈ ਯਾਤਰਾ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਹੁਣ ਮੌਸਮ ਵਿੱਚ ਬਦਲਾਅ ਆਇਆ ਹੈ। ਮੀਂਹ ਦੌਰਾਨ ਨੁਕਸਾਨੇ ਗਏ ਟਰੈਕ ਦੀ ਮੁਰੰਮਤ ਕਰ ਦਿੱਤੀ ਗਈ ਹੈ। ਹੁਣ ਯਾਤਰਾ 14 ਸਤੰਬਰ ਤੋਂ ਦੁਬਾਰਾ ਸ਼ੁਰੂ ਹੋਵੇਗੀ। ਜੇਕਰ ਮੌਸਮ ਪ੍ਰਤੀਕੂਲ ਰਿਹਾ ਤਾਂ ਸ਼ਰਾਈਨ ਬੋਰਡ ਅੱਗੇ ਦਾ ਫੈਸਲਾ ਲਵੇਗਾ। ਬੋਰਡ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਜਾਂ ਹੈਲਪਲਾਈਨ ਨੰਬਰ ਰਾਹੀਂ ਮੌਸਮ ਅਤੇ ਟਰੈਕ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਤਾਂ ਜੋ ਕਿਸੇ ਵੀ ਅਸੁਵਿਧਾ ਤੋਂ ਬਚਿਆ ਜਾ ਸਕੇ।
ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਦਿਨਾਂ ਵਿੱਚ ਯਾਤਰਾ ਨੂੰ ਰੋਕਣਾ ਪਿਆ ਸੀ। ਟਰੈਕ 'ਤੇ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਪੂਰੇ ਹੋ ਗਏ ਹਨ। ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ 'ਤੇ ਨਿਕਲਣ ਤੋਂ ਪਹਿਲਾਂ ਮੌਸਮ ਦੀ ਸਥਿਤੀ ਅਤੇ ਬੋਰਡ ਦੀ ਤਾਜ਼ਾ ਐਡਵਾਈਜ਼ਰੀ ਦੇਖਣ।
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ 26 ਅਗਸਤ ਤੋਂ ਮੁਅੱਤਲ ਕਰ ਦਿੱਤੀ ਗਈ ਹੈ। ਯਾਤਰਾ ਮਾਰਗ 'ਤੇ ਜ਼ਮੀਨ ਖਿਸਕਣ ਕਾਰਨ ਯਾਤਰਾ ਮੁਅੱਤਲ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਅਰਧਕੁਮਾੜੀ ਦੇ ਇੰਦਰਪ੍ਰਸਥ ਭੋਜਨਾਲਾ ਨੇੜੇ ਭਾਰੀ ਬਾਰਸ਼ ਕਾਰਨ ਜ਼ਮੀਨ ਖਿਸਕਣ ਨਾਲ 34 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਰਧਾਲੂ ਸਨ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ ਸਨ।
- PTC NEWS