Amritsar 'ਚ ਵਾਲਮੀਕਿ ਭਾਈਚਾਰੇ ਨੇ ਭੰਡਾਰੀ ਪੁਲ ਕੀਤਾ ਜਾਮ , ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਗਾਏ ਇਲਜ਼ਾਮ
Amritsar News : ਵਾਲਮੀਕਿ ਭਾਈਚਾਰੇ ਵੱਲੋਂ ਅੱਜ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਹੈ। ਅੰਮ੍ਰਿਤਸਰ 'ਚ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਭੰਡਾਰੀ ਪੁਲ ਨੂੰ ਜਾਮ ਕਰ ਦਿੱਤਾ ਹੈ। ਵਾਲਮੀਕਿ ਭਾਈਚਾਰੇ ਦਾ ਆਰੋਪ ਹੈ ਕਿ ਉਨ੍ਹਾਂ ਦੇ ਪਵਿੱਤਰ ਸਥਾਨ 'ਤੇ ਅਣਉਚਿਤ ਗਤੀਵਿਧੀਆਂ ਹੋਈਆਂ ਹਨ। ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਅਤੇ ਧਾਰਮਿਕ ਸਥਾਨ ਦੀ ਬੇਅਦਬੀ ਕੀਤੀ ਗਈ ਹੈ।
ਭਾਈਚਾਰੇ ਦਾ ਕਹਿਣਾ ਹੈ ਕਿ ਕੁੱਝ ਸੰਗਠਨ ਤਲਵਾਰਾਂ ਲੈ ਕੇ ਸਾਡੇ ਧਾਰਮਿਕ ਸਥਾਨ ਵਿੱਚ ਦਾਖਲ ਹੋਏ ਅਤੇ ਪਵਿੱਤਰ ਸਥਾਨ ਦਾ ਨਿਰਾਦਰ ਕੀਤਾ। ਇਸ ਤੋਂ ਇਲਾਵਾ ਪਾਲਕੀ ਸਾਹਿਬ ਦੀ ਭੰਨਤੋੜ ਅਤੇ ਬੇਅਦਬੀ ਕੀਤੀ ਗਈ। ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਬੁੱਧਵਾਰ ਨੂੰ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਾਡਾ ਇੱਕੋ ਇੱਕ ਉਦੇਸ਼ ਭਾਈਚਾਰੇ ਵਿੱਚ ਸ਼ਾਂਤੀ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ।
ਉੁਨ੍ਹਾਂ ਕਿਹਾ ਕਿ ਵਾਲਮੀਕਿ ਭਾਈਚਾਰੇ ਦੇ ਤੀਰਥ ਸਥਾਨ ‘ਤੇ ਝੰਡਾ ਲਹਿਰਾਉਣ ਵਿਚ ਹੋਈ ਗੜਬੜੀ ਨਾਲ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਅੱਜ ਸਾਡੇ ਵੱਲੋਂ ਪੂਰੇ ਭੰਡਾਰੀ ਪੁਲ ਨੂੰ ਜਾਮ ਕੀਤਾ ਜਾ ਰਿਹਾ ਹੈ ਤੇ ਧਰਨਾ ਦਿੱਤਾ ਜਾਵੇਗਾ। ਸਾਡੀ ਮੰਗ ਹੈ ਕਿ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ,ਜੋ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸ ਦੇਈਏ ਕਿ ਵਾਲਮੀਕਿ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਹੈ ਕਿ ਭਗਵਾਨ ਵਾਲਮੀਕਿ ਮਹਾਰਾਜ ਦੇ ਪਵਿੱਤਰ ਤੀਰਥ ਮੰਦਰ ’ਤੇ ਲਾਲ ਝੰਡਾ ਲਹਿਰਾਉਣ ਦੀ ਘਟਨਾ ਨਾਲ ਸਮੁੱਚੇ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਨੂੰ ਕਿ ਵਾਲਮੀਕਿ ਸਮਾਜ ਵੱਲੋਂ ਇਸ ਨੂੰ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਹੈ। ਇਸ ਕਾਰਨ ਕਰਕੇ ਉਨ੍ਹਾਂ ਨੇ ਭੰਡਾਰੀ ਪੁਲ ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਪ੍ਰਸ਼ਾਸਨ ਅਤੇ ਹੋਰ ਸਬੰਧਤ ਧਿਰਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣ ਸਕਣ ਅਤੇ ਢੁਕਵੀਂ ਕਾਰਵਾਈ ਕਰ ਸਕਣ।
- PTC NEWS