Punjab News : ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਪੁਲਿਸ ਨੇ ਦਿੱਤੀ ਕਲੀਨ ਚਿੱਟ, ਅਦਾਲਤ 'ਚ ਕਲੋਜਰ ਰਿਪੋਰਟ ਦਾਖ਼ਲ
Former Health Minister Vijay Singla : ਐਸਸੀ ਤੋਂ 1 ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ 'ਚ ਨਾਮਜਦ ਕੀਤੇ ਗਏ ਆਮ ਆਦਮੀ ਪਾਰਟੀ ਦੇ ਸਾਬਕਾ ਸਿਹਤ ਮੰਤਰੀ ਅਤੇ ਮੌਜੂਦਾ ਵਿਧਾਇਕ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਓਐਸਡੀ ਪ੍ਰਦੀਪ ਕੁਮਾਰ ਖਿਲਾਫ਼ ਥਾਣਾ ਫੇਜ-8 ਮੁਹਾਲੀ ਵਿੱਚ ਭ੍ਰਿਸ਼ਟਾਚਾਰ ਦੀਆਂ ਧਾਰਾ-7 ਅਤੇ 8 ਦੇ ਤਹਿਤ ਦਰਜ ਮਾਮਲੇ ਵਿੱਚ ਮੋਹਾਲੀ ਪੁਲਿਸ ਵੱਲੋਂ ਵਿਧਾਇਕ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦਿੰਦਿਆ ਮੋਹਾਲੀ ਦੀ ਅਦਾਲਤ 'ਚ ਕਲੋਜਰ ਰਿਪੋਰਟ 'ਮਾਮਲਾ ਰੱਦ ਕਰਨ ਸਬੰਧੀ' ਦਾਖ਼ਲ ਕਰ ਦਿੱਤੀ ਗਈ ਹੈ।
ਇਸ ਕਲੋਜਰ ਰਿਪੋਰਟ 'ਤੇ ਸ਼ਿਕਾਇਤਕਰਤਾ ਰਜਿੰਦਰ ਸਿੰਘ ਵਲੋਂ ਵੀ ਆਪਣੀ ਸਹਿਮਤੀ ਜਤਾਉਂਦਿਆ ਕਿਹਾ ਗਿਆ ਹੈ ਕਿ ਜੇਕਰ ਅਦਾਲਤ ਵਲੋਂ ਇਹ ਕਲੋਜਰ ਰਿਪੋਰਟ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਉਸ ਨੂੰ ਕੋਈ ਇਤਰਾਜ ਨਹੀਂ ਹੈ। ਅਦਾਲਤ ਵਲੋਂ ਇਸ ਕਲੋਜਰ ਰਿਪੋਰਟ 'ਤੇ ਆਪਣਾ ਫੈਸਲਾ 14 ਜੁਲਾਈ ਲਈ ਰਾਂਖਵਾ ਰੱਖ ਲਿਆ ਹੈ। ਇਸ ਮਾਮਲੇ 'ਚ ਮੁਲਜਮ ਪ੍ਰਦੀਪ ਕੁਮਾਰ ਦੀ ਉਕਤ ਕੇਸ ਵਿਚ ਸ਼ਮੂਲੀਅਤ ਬਾਰੇ ਮੋਹਾਲੀ ਪੁਲਿਸ ਤਫਤੀਸ਼ ਕਰ ਰਹੀ ਹੈ, ਕਿਉਂਕਿ ਉਸ ਖਿਲਾਫ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ |
ਇਸ ਸੰਬੰਧੀ ਰਾਜਿੰਦਰ ਸਿੰਘ ਐਸ.ਸੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਬਤੌਰ ਇੰਜੀਨੀਅਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫੇਜ-8 ਵਿਖੇ ਡੈਪੂਟੇਸ਼ਨ ਤੇ ਕੰਮ ਕਰ ਰਿਹਾ ਹੈ। ਕਰੀਬ ਇਕ ਮਹੀਨਾਂ ਪਹਿਲਾਂ ਉਸ ਨੂੰ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਓ.ਐਸ.ਡੀ ਪ੍ਰਦੀਪ ਕੁਮਾਰ ਵਲੋਂ ਪੰਜਾਬ ਭਵਨ ਵਿਖੇ ਬੁਲਾਇਆ ਗਿਆ। ਵਿਜੇ ਸਿੰਗਲਾ ਵਲੋਂ ਆਪਣੇ ਓ.ਐਸ.ਡੀ ਦੇ ਸਾਹਮਣੇ ਉਸ ਨੂੰ ਕਿਹਾ ਗਿਆ ਕਿ ਪ੍ਰਦੀਪ ਕੁਮਾਰ ਤੁਹਾਡੇ ਨਾਲ ਗੱਲ ਕਰੇਗਾ, ਕਿਉਂਕਿ ਉਹ ਜਲਦੀ ਵਿਚ ਹਨ। ਪ੍ਰਦੀਪ ਕੁਮਾਰ ਨੇ ਉਸ ਨੂੰ ਕਿਹਾ ਕਿ 41 ਕਰੋੜ ਰੁਪਏ ਦੇ ਲਗਭਗ ਦੀਆਂ ਤੁਹਾਡੇ ਵਲੋਂ ਉਸਾਰੀ ਦੇ ਕੰਮਾਂ ਦੀਆਂ ਅਲਾਟਮੈਂਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ 17 ਕਰੋੜ ਰੁਪਏ ਦੇ ਲਗਭਗ ਹੀ ਠੇਕੇਦਾਰਾਂ ਨੂੰ ਮਾਰਚ ਮਹੀਨੇ ਵਿਚ ਅਦਾਇਗੀ ਕੀਤੀ ਗਈ ਹੈ।
ਇਸ ਤਰ੍ਹਾਂ ਕੁਲ ਰਕਮ 58 ਕਰੋੜ ਰੁਪਏ ਦਾ 2 ਪ੍ਰਤੀਸ਼ਤ ਕਮਿਸ਼ਨ 1 ਕਰੋੜ 16 ਲੱਖ ਰੁਪਏ ਬਤੌਰ ਰਿਸ਼ਵਤ ਦਿੱਤਾ ਜਾਵੇ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਕਿਹਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ, ਮੈਨੂੰ ਬੇਸ਼ੱਕ ਮੇਰੇ ਮਹਿਕਮੇ ਵਿਚ ਦੁਬਾਰਾ ਭੇਜ ਦਿੱਤਾ ਜਾਵੇ। ਉਸ ਤੋਂ ਬਾਅਦ ਉਨਾਂ ਦੇ ਲਗਾਤਾਰ ਵਟਸਅੱਪ ਕਾਲਾਂ ਵੀ ਕੀਤੀਆਂ, ਜਿਸ ਰਾਹੀਂ ਉਨਾਂ ਵਲੋਂ ਮੈਨੂੰ ਬਾਰ ਬਾਰ ਬੁਲਾਕੇ ਰਿਸ਼ਵਤ ਦੀ ਮੰਗ ਕੀਤੀ ਗਈ। ਉਨ੍ਹਾਂ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਰਿਸ਼ਵਤ ਨਾ ਦਿੱਤੀ ਗਈ ਤਾਂ ਉਹ ਉਸ ਦਾ ਕੈਰੀਅਰ ਖਰਾਬ ਕਰ ਦੇਣਗੇ। ਉਸ ਵਲੋਂ ਬੇਨਤੀ ਕੀਤੀ ਗਈ ਕਿ ਉਸ ਦੀ 30 ਨਵੰਬਰ 2022 ਨੂੰ ਰਿਟਾਇਰਮੈਂਟ ਹੈ, ਇਸ ਲਈ ਉਸ ਦਾ ਕੈਰੀਅਰ ਖਰਾਬ ਨਾ ਕੀਤਾ ਜਾਵੇ।
ਅਖੀਰ ਵਿਚ ਉਨਾਂ ਵਲੋਂ 20 ਮਈ ਨੂੰ ਕਿਹਾ ਕਿ ਉਹ 10 ਲੱਖ ਰੁਪਏ ਦੇਵੇ ਅਤੇ ਅੱਗੇ ਤੋਂ ਜਿਹੜਾ ਵੀ ਕੋਈ ਕੰਮ ਅਲਾਟ ਹੋਵੇਗਾ ਜਾਂ ਠੇਕੇਦਾਰ ਨੂੰ ਅਦਾਇਗੀ ਕੀਤੀ ਜਾਵੇਗੀ, ਉਸ ਦਾ 1 ਪ੍ਰਤੀਸ਼ਤ ਦੇਣਾ ਪਵੇਗਾ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਸਪੱਸ਼ਟ ਕਿਹਾ ਕਿ ਉਸ ਦੇ ਖਾਤੇ ਵਿਚ ਢਾਈ ਲੱਖ ਰੁਪਏ ਹਨ ਅਤੇ ਉਹ ਮਾਨਸਿਕ ਪ੍ਰੇਸ਼ਾਨੀ ਤੋਂ ਬਚਣ ਲਈ ਸਿਰਫ 5 ਲੱਖ ਰੁਪਏ ਹੀ ਦੇ ਸਕਦਾ ਹੈ। 23 ਮਈ ਨੂੰ ਪ੍ਰਦੀਪ ਕੁਮਾਰ ਨੇ ਫੋਨ ਕਰਕੇ ਕਿਹਾ ਕਿ ਉਹ ਸਿਵਲ ਸਕੱਤਰੇਤ ਆਵੇ। ਉਹ ਸਿਵਲ ਸਕੱਤਰੇਤ ਜਾ ਕੇ ਸਿਹਤ ਮੰਤਰੀ ਅਤੇ ਉਸ ਦੇ ਓ.ਐਸ.ਡੀ ਨੂੰ ਮਿਲਿਆ ਅਤੇ ਸਿਹਤ ਮੰਤਰੀ ਵਲੋਂ 5 ਲੱਖ ਰੁਪਏ ਪ੍ਰਦੀਪ ਕੁਮਾਰ ਨੂੰ ਰਿਸ਼ਵਤ ਦੇਣ ਬਾਰੇ ਉਸ ਨੇ ਰਿਕਾਡਿੰਗ ਕਰ ਲਈ ਸੀ। ਇਸ ਮਾਮਲੇ 'ਚ ਥਾਣਾ ਫੇਜ-8 ਮੁਹਾਲੀ ਵਿਖੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਓ.ਐਸ.ਡੀ ਪ੍ਰਦੀਪ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਉਨਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਸੀ।
- PTC NEWS