Bhakra Water Level : ਖਤਰੇ ਦੇ ਨਿਸ਼ਾਨ ਨੇੜੇ ਭਾਖੜਾ 'ਚ ਪਾਣੀ, ਸਤਲੁਜ ਦੇ ਪੱਧਰ ਨੇ ਵਧਾਈ ਲੋਕਾਂ ਦੀ ਚਿੰਤਾ, ਦਰਿਆ ਕਿਨਾਰੇ ਵੱਸਦੇ ਪਿੰਡਾਂ ਨੂੰ ਚੇਤਾਵਨੀ
Punjab Floods News : ਸ੍ਰੀ ਅਨੰਦਪੁਰ ਸਾਹਿਬ ਨੇੜੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਖੜਾ ਡੈਮ ਦਾ ਮੌਜੂਦਾ ਪਾਣੀ ਪੱਧਰ 1679 ਫੁੱਟ ਦਰਜ ਹੋਇਆ ਹੈ, ਜੋ ਕਿ ਖਤਰੇ ਦੇ ਨਿਸ਼ਾਨ 1680 ਫੁੱਟ ਤੋਂ ਕੇਵਲ ਇੱਕ ਫੁੱਟ ਘੱਟ ਹੈ।
ਜਾਣਕਾਰੀ ਅਨੁਸਾਰ ਭਾਖੜਾ ਡੈਮ ਤੋਂ ਖਤਰਾ ਬਰਕਰਾਰ ਹੈ। ਡੈਮ ਦੇ ਚਾਰ ਗੇਟ 8-8 ਫੁੱਟ ਖੋਲ੍ਹੇ ਗਏ ਹਨ। ਪਾਣੀ ਦਾ ਪੱਧਰ ਖਤਰੇ ਤੋਂ ਸਿਰਫ਼ ਇੱਕ ਫੁੱਟ ਦੂਰ 1678.97 ਫੁੱਟ 'ਤੇ ਚੱਲ ਰਿਹਾ ਹੈ। ਦੱਸ ਦਈਏ ਕਿ ਗੋਬਿੰਦ ਸਾਗਰ ਝੀਲ 'ਚ 1680 ਫੁੱਟ ਖਤਰੇ ਦਾ ਨਿਸ਼ਾਨ ਹੈ। ਮੌਜੂਦਾ ਸਮੇਂ ਡੈਮ 'ਚ ਪਾਣੀ ਦੀ ਆਮਦ 95,435 ਕਿਊਸਿਕ ਜਦਕਿ ਅੱਗੇ 73,459 ਕਿਊਸਿਕ ਛੱਡਿਆ ਜਾ ਰਿਹਾ ਸੀ, ਜਿਸ ਨੂੰ ਵਧਾਇਆ ਜਾਵੇਗਾ।
ਸਤਲੁਜ ਦਰਿਆ ਦੇ ਵਧਦੇ ਪਾਣੀ ਕਾਰਨ ਹਾਲਾਤ ਗੰਭੀਰ ਬਣ ਗਏ ਹਨ। ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਫੌਜ ਮੌਕੇ ‘ਤੇ ਪਹੁੰਚ ਕੇ ਪਿੰਡਾਂ ਦੇ ਲੋਕਾਂ ਨੂੰ ਘਰਾਂ ਅਤੇ ਪਸ਼ੂ-ਡੰਗਰਾਂ ਸਮੇਤ ਕੱਢਣ ਦੇ ਹੁਕਮ ਜਾਰੀ ਕਰ ਰਹੀ ਹੈ।
ਦੂਜੇ ਪਾਸੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਹੀ ਡੰਗਿਆਂ ਨੂੰ ਮਜ਼ਬੂਤ ਕਰਨ ਲਈ ਕਾਰਜ ਕਰਨੇ ਚਾਹੀਦੇ ਸਨ। ਉਹਨਾਂ ਕਿਹਾ ਕਿ ਹੁਣ ਲੋਕਾਂ ਦੀਆਂ ਜ਼ਮੀਨਾਂ ਰੁੜ ਰਹੀਆਂ ਹਨ ਅਤੇ ਸਰਕਾਰੀ ਪੱਧਰ ‘ਤੇ ਕੋਈ ਢੰਗ ਦੀ ਕਾਰਵਾਈ ਨਹੀਂ ਹੋ ਰਹੀ।
ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਲੋੜਵੰਦਾਂ ਲਈ ਲੰਗਰਾਂ ਅਤੇ ਰਿਹਾਇਸ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸ੍ਰਾਵਾਂ ਦੇ ਦਰਵਾਜ਼ੇ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ, ਕਾਰ ਸੇਵਾ ਵੱਲੋਂ ਡੰਗਿਆਂ ਨੂੰ ਮਜ਼ਬੂਤ ਕਰਨ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਗਿੱਦੜਪਿੰਡੀ ਨੇੜੇ ਚਿੱਟੀ ਵੇਂਈ ਉਫਾਨ 'ਤੇ, ਲੋਕ ਬੰਨ੍ਹ ਕਰ ਰਹੇ ਮਜ਼ਬੂਤ
ਸਤਲੁਜ ਦਰਿਆ ਦੇ ਵਧਦੇ ਪਾਣੀ ਨੇ ਗਿੱਦੜ ਪਿੰਡੀ ਨੇੜੇ ਚਿੱਟੀ ਵਈ ਨੂੰ ਉਫਾਨ ‘ਤੇ ਲਿਆਤਾ ਹੈ। ਇਹ ਚਿੱਟੀ ਵਈ ਸਤਲੁਜ ਵਿੱਚ ਮਿਲਦੀ ਹੈ, ਪਰ ਇਸ ਸਮੇਂ ਬੈਕ ਵੱਜਣ ਕਾਰਨ ਆਸਪਾਸ ਦੇ ਖੇਤਰਾਂ ਲਈ ਵੱਡਾ ਖਤਰਾ ਬਣੀ ਹੋਈ ਹੈ।
ਲੋਹੀਆਂ ਨੇੜੇ ਨਲ ਪਿੰਡ ਦੇ ਕੋਲ ਜਿੱਥੋਂ ਜੱਟੀ ਲੰਘਦੀ ਹੈ, ਉਥੇ ਪਾਣੀ ਦੇ ਵਧਦੇ ਪ੍ਰਵਾਹ ਕਾਰਨ ਲੋਕ ਚਿੰਤਿਤ ਹਨ ਕਿ ਕਿਤੇ ਇਹ ਖੇਤਰ ਬਾਹਰ ਨਾ ਆ ਜਾਵੇ। ਇਸ ਹਾਲਤ ਨੂੰ ਕਾਬੂ ਕਰਨ ਲਈ ਕਿਸਾਨ ਤੇ ਨੌਜਵਾਨ ਅੱਧੀ ਰਾਤ ਨੂੰ ਬੋਰੇ ਭਰਕੇ ਬੰਨਾਂ ਨੂੰ ਮਜ਼ਬੂਤ ਕਰਨ ‘ਚ ਜੁਟੇ ਹਨ।
ਤਸਵੀਰਾਂ ਵਿੱਚ ਸਾਫ਼ ਦਿਖਦਾ ਹੈ ਕਿ ਸਿਰਫ਼ ਜਵਾਨ ਹੀ ਨਹੀਂ, ਬਲਕਿ 60-70 ਸਾਲ ਦੇ ਬਜ਼ੁਰਗ ਵੀ ਦਿਨ ਰਾਤ ਇਥੇ ਡਟੇ ਹੋਏ ਹਨ। ਉਹਨਾਂ ਨੇ ਕਿਹਾ ਕਿ ਸੱਪ-ਸਪੋਲੀਆਂ ਤੇ ਜੰਗਲੀ ਜਾਨਵਰਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ, ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪਰ ਇਸ ਸਭ ਦੀ ਪਰਵਾਹ ਕੀਤੇ ਬਿਨਾਂ ਨੌਜਵਾਨ ਖੇਤਾਂ ਤੇ ਫਸਲਾਂ ਨੂੰ ਬਚਾਉਣ ਲਈ ਮੈਦਾਨ ‘ਚ ਡਟੇ ਹੋਏ ਹਨ।
ਸਤਲੁਜ 'ਚ ਵਧਾ ਕੇ 85000 ਕਿਊਸਿਕ ਛੱਡਿਆ ਜਾਵੇਗਾ ਪਾਣੀ
ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਿੱਥੇ ਪਹਿਲਾਂ ਭਾਖੜਾ ਡੈਮ ਤੋਂ ਘੱਟ ਪਾਣੀ ਛੱਡਿਆ ਜਾ ਰਿਹਾ ਸੀ, ਹੁਣ ਉਸਨੂੰ ਵਧਾ ਕੇ 85,000 ਕਿਊਸੈਕ ਕੀਤਾ ਜਾਵੇਗਾ। ਇਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧੇਗਾ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਦਰਿਆ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।
- PTC NEWS