Pong Dam Water Level : ਪੌਂਗ ਡੈਮ ਤੋਂ ਵਧਿਆ ਖ਼ਤਰਾ ! 2 ਫੁੱਟ ਹੋਰ ਵੱਧ ਕੇ 1395.22 ਫੁੱਟ ਹੋਇਆ ਪਾਣੀ ਦਾ ਪੱਧਰ
Pong Dam Water Level : ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਲਈ ਪੌਂਗ ਡੈਮ ਤੋਂ ਖਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜ 1 ਵਜੇ ਖ਼ਬਰਾਂ ਅਨੁਸਾਰ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਉਪਰ ਵੱਧ ਗਿਆ, ਜਿਸ ਨਾਲ ਇਹ 5 ਫੁੱਟ ਉਪਰ ਚੱਲ ਰਿਹਾ ਹੈ। ਦੱਸ ਦਈਏ ਕਿ ਡੈਮ 'ਚ ਖ਼ਤਰੇ ਦਾ ਨਿਸ਼ਾਨ 1390 ਫੁੱਟ ਉਪਰ ਹੈ।
ਹਿਮਾਚਲ ਦੇ ਉੱਪਰਲੇ ਇਲਾਕਿਆਂ ਵਿੱਚ ਹੋ ਰਹੀ ਬਾਰਿਸ਼ ਦਾ ਅਸਰ ਪੌਂਗ ਵਿੱਚ ਦੇਖਿਆ ਜਾ ਸਕਦਾ ਹੈ। ਜਲ ਭੰਡਾਰ ਵਿੱਚ ਭਾਰੀ ਮਾਤਰਾ ਵਿੱਚ 67377 ਕਿਊਸਿਕ ਪਾਣੀ ਦਾ ਵਹਾਅ ਦਰਜ ਕੀਤਾ ਗਿਆ, ਜੋ ਸੋਮਵਾਰ ਸਵੇਰੇ ਛੱਡੇ ਗਏ 59845 ਕਿਊਸਿਕ ਪਾਣੀ ਦੇ ਵਹਾਅ ਤੋਂ ਕਾਫ਼ੀ ਜ਼ਿਆਦਾ ਹੈ। ਇਸ ਸਾਲ, ਪੌਂਗ ਡੈਮ ਵਿੱਚ ਅਗਸਤ ਅਤੇ ਸਤੰਬਰ ਦੌਰਾਨ ਬੇਮਿਸਾਲ ਪਾਣੀ ਦਾ ਵਹਾਅ ਦੇਖਿਆ ਗਿਆ ਹੈ, ਜੋ ਕਿ 2.25 ਲੱਖ ਕਿਊਸਿਕ ਤੱਕ ਪਹੁੰਚ ਗਿਆ ਸੀ, ਦਬਾਅ ਨੂੰ ਘੱਟ ਕਰਨ ਲਈ ਕਈ ਦਿਨਾਂ ਤੱਕ ਲਗਭਗ 1 ਲੱਖ ਕਿਊਸਿਕ ਪਾਣੀ ਦਾ ਵਹਾਅ ਬਰਕਰਾਰ ਰੱਖਿਆ ਗਿਆ ਹੈ। ਦੱਸ ਦਈਏ ਕਿ ਕਾਂਗੜਾ ਜ਼ਿਲ੍ਹੇ ਦੇ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ, ਪੌਂਗ ਡੈਮ ਪੰਜਾਬ ਅਤੇ ਹਿਮਾਚਲ ਵਿੱਚ ਪਾਣੀ ਦੇ ਪੱਧਰ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਘੱਟ ਗਿਆ, ਪਰ ਮੁਸ਼ਕਲਾਂ ਬਰਕਰਾਰ ਹਨ। ਸਵੇਰੇ 10:00 ਵਜੇ ਤੱਕ, ਰਾਜ ਵਿੱਚ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ 574 ਸੜਕਾਂ ਬੰਦ ਰਹੀਆਂ। ਇਸ ਤੋਂ ਇਲਾਵਾ, 483 ਪਾਵਰ ਟ੍ਰਾਂਸਫਾਰਮਰ ਅਤੇ 203 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ। ਕੁੱਲੂ ਵਿੱਚ 153, ਮੰਡੀ ਵਿੱਚ 229, ਸ਼ਿਮਲਾ ਵਿੱਚ 46 ਅਤੇ ਕਾਂਗੜਾ ਜ਼ਿਲ੍ਹੇ ਵਿੱਚ 46 ਸੜਕਾਂ ਬੰਦ ਰਹੀਆਂ। ਸ਼ਿਮਲਾ ਵਿੱਚ ਅੱਜ ਧੁੱਪ ਨਿਕਲੀ, ਹਲਕੇ ਬੱਦਲ ਛਾਏ ਰਹੇ।
23 ਸਤੰਬਰ ਤੱਕ ਮੌਸਮ ਕਿਹੋ ਜਿਹਾ ਰਹੇਗਾ?
ਮੌਸਮ ਕੇਂਦਰ, ਸ਼ਿਮਲਾ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਜ ਦੇ ਕੁਝ ਹਿੱਸਿਆਂ ਵਿੱਚ 23 ਸਤੰਬਰ ਤੱਕ ਮੀਂਹ ਜਾਰੀ ਰਹੇਗਾ। ਹਾਲਾਂਕਿ, 19 ਸਤੰਬਰ ਤੋਂ ਮੀਂਹ ਕਾਫ਼ੀ ਘੱਟਣ ਦੀ ਉਮੀਦ ਹੈ। ਬੀਤੀ ਰਾਤ ਘੱਗਸ ਵਿੱਚ 60.0 ਮਿਲੀਮੀਟਰ, ਬਿਲਾਸਪੁਰ ਵਿੱਚ 40.8 ਮਿਲੀਮੀਟਰ, ਕਸੌਲੀ ਵਿੱਚ 39.0 ਮਿਲੀਮੀਟਰ, ਸਰਾਹਨ ਵਿੱਚ 33.5 ਮਿਲੀਮੀਟਰ, ਸ਼੍ਰੀ ਨੈਨਾ ਦੇਵੀ ਵਿੱਚ 26.8 ਮਿਲੀਮੀਟਰ, ਆਘਰ ਵਿੱਚ 24.8 ਮਿਲੀਮੀਟਰ, ਪੰਡੋਹ ਵਿੱਚ 18.0 ਮਿਲੀਮੀਟਰ, ਮੰਡੀ ਵਿੱਚ 17.8 ਮਿਲੀਮੀਟਰ, ਮੁਰਾਰੀ ਦੇਵੀ ਵਿੱਚ 16.0 ਮਿਲੀਮੀਟਰ, ਕੋਠੀ ਵਿੱਚ 9.2 ਮਿਲੀਮੀਟਰ, ਨਾਦੌਣ ਵਿੱਚ 7.8 ਮਿਲੀਮੀਟਰ, ਧਰਮਸ਼ਾਲਾ ਵਿੱਚ 7.5 ਮਿਲੀਮੀਟਰ ਅਤੇ ਕਾਂਗੜਾ ਵਿੱਚ 6.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
- PTC NEWS