WC 2023 Final: ਜੇਕਰ ਭਾਰਤ ਜਿੱਤ ਗਿਆ ਤਾਂ ਵੀ ਚੰਡੀਗੜ੍ਹ ਦੇ ਲੋਕ ਜਸ਼ਨ ਨਹੀਂ ਮਨਾ ਸਕਣਗੇ... ਪਾਬੰਦੀਆਂ ਦੇ ਨਾਲ ਐਡਵਾਈਜ਼ਰੀ ਹੋਈ ਜਾਰੀ
WC 2023 Final: ਐਤਵਾਰ ਨੂੰ ਹੋਣ ਵਾਲੇ ਭਾਰਤ-ਆਸਟ੍ਰੇਲੀਆ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਜੇਕਰ ਭਾਰਤ ਜਿੱਤਦਾ ਹੈ ਤਾਂ ਚੰਡੀਗੜ੍ਹ ਦੇ ਲੋਕ ਜਸ਼ਨ ਵਿੱਚ ਪਟਾਕੇ ਨਹੀਂ ਚਲਾ ਸਕਣਗੇ। ਜਸ਼ਨਾਂ ਦੌਰਾਨ ਹੰਗਾਮਾ ਕਰਨਾ ਅਤੇ ਪਟਾਕੇ ਚਲਾਉਣੇ ਮਹਿੰਗੇ ਸਾਬਤ ਹੋ ਸਕਦੇ ਹਨ। ਚੰਡੀਗੜ੍ਹ ਪੁਲਿਸ ਨੇ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ।
ਪੁਲਿਸ ਨੇ ਕਿਹਾ ਹੈ ਕਿ ਬਿਨਾਂ ਕਿਸੇ ਕਾਰਨ ਪੰਜ ਜਾਂ ਪੰਜ ਤੋਂ ਵੱਧ ਲੋਕ ਕਿਸੇ ਜਨਤਕ ਸਥਾਨ 'ਤੇ ਇਕੱਠੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਪਟਾਕੇ ਚਲਾਉਣ 'ਤੇ ਵੀ ਪਾਬੰਦੀ ਹੋਵੇਗੀ। ਰਾਤ 10 ਵਜੇ ਤੋਂ ਬਾਅਦ ਜਨਤਕ ਥਾਵਾਂ 'ਤੇ ਡੀਜੇ, ਕਾਰ ਸੰਗੀਤ, ਢੋਲ, ਢੋਲ ਦੀ ਬੀਟ ਆਦਿ ਨੂੰ ਉੱਚੀ ਆਵਾਜ਼ ਵਿੱਚ ਵਜਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਬਿਨਾਂ ਇਜਾਜ਼ਤ ਖੁੱਲ੍ਹੇ 'ਚ ਜਨਤਕ ਸਕਰੀਨਾਂ ਨਹੀਂ ਲਗਾਈਆਂ ਜਾਣਗੀਆਂ। ਮੈਚ ਦੌਰਾਨ ਕੋਈ ਵੀ ਜਲੂਸ ਆਦਿ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼, 2000 ਤਹਿਤ ਜਾਰੀ ਹੁਕਮਾਂ ਦੇ ਮੱਦੇਨਜ਼ਰ ਪੁਲਿਸ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਅਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਦੀਵਾਲੀ ਦੀ ਰਾਤ ਨੂੰ ਸ਼ਹਿਰ ਵਿੱਚ ਨਿਯਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਕਰਕੇ ਦੇਰ ਰਾਤ ਤੱਕ ਪਟਾਕੇ ਚਲਾਏ ਗਏ। ਇਸ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਇੱਕ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਅਤੇ ਨਾ ਹੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਨੇ ਸ਼ਹਿਰ ਵਿੱਚ 800 ਜਵਾਨ ਤਾਇਨਾਤ ਕੀਤੇ ਹੋਏ ਸਨ ਅਤੇ ਵਿਸ਼ੇਸ਼ ਗਸ਼ਤ ਵੀ ਕੀਤੀ ਸੀ। ਜਦੋਂ ਕਿ ਪਿਛਲੇ ਸਾਲ ਸਿਰਫ਼ ਦੋ ਕੇਸ ਦਰਜ ਹੋਏ ਸਨ।
- PTC NEWS